ETV Bharat / agriculture

ਮੰਦੇ ਭਾਅ ਆਲੂ ਵੇਚਣ ਲਈ ਮਜ਼ਬੂਰ ਕਿਸਾਨ, ਝੱਲ ਰਹੇ ਹਨ ਆਰਥਿਕ ਤੰਗੀ

ਪੰਜਾਬ ਵਿੱਚ ਆਲੂ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ ਹੈ ਅਤੇ ਮੰਦੇ ਭਾਅ ਆਲੂ ਵੇਚਣ ਲਈ ਮਜ਼ਬੂਰ ਹੈ।

LOW PRICES POTATO CROP
ਮੰਦੇ ਭਾਅ ਆਲੂ ਵੇਚਣ ਲਈ ਮਜ਼ਬੂਰ ਕਿਸਾਨ (ETV Bharat GFX)
author img

By ETV Bharat Punjabi Team

Published : February 18, 2026 at 4:18 PM IST

5 Min Read
Choose ETV Bharat

ਬਠਿੰਡਾ: ਪੰਜਾਬ ਵਿੱਚ ਆਲੂ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ ਨਜ਼ਰ ਆ ਰਿਹਾ ਹੈ। ਕਿਸਾਨ ਦੀ ਪਰੇਸ਼ਾਨੀ ਦਾ ਵੱਡਾ ਕਾਰਨ ਆਲੂਆਂ ਦੀ ਹੋਈ ਬੰਪਰ ਪੈਦਾਵਾਰ ਤੋਂ ਬਾਅਦ ਫਸਲ ਦਾ ਭਾਅ ਸਹੀ ਨਾ ਮਿਲਣਾ ਹੈ। ਕਿਸਾਨਾਂ ਵੱਲੋਂ ਅਨੇਕਾਂ ਪਿੰਡਾਂ ਵਿੱਚ ਆਲੂਆਂ ਦੀ ਪੁਟਾਈ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਵਪਾਰੀ ਵੱਲੋਂ ਚੰਗਾ ਰੇਟ ਨਾ ਦੇਣ ਕਾਰਨ ਕਿਸਾਨ ਘਬਰਾਹਟ ਵਿੱਚ ਹਨ। ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਲੂ ਕਿਸਾਨਾਂ ਨੂੰ ਘਾਟਾ ਹੀ ਪਾ ਰਹੇ ਹਨ। ਕਿਸਾਨ ਹਰ ਸਾਲ ਇਹ ਸੋਚ ਕੇ ਆਲੂ ਦੀ ਖੇਤੀ ਕਰਦੇ ਹਨ ਕਿ ਸ਼ਾਇਦ ਅਗਲੇ ਸਾਲ ਪੂਰਾ ਭਾਅ ਮਿਲ ਜਾਵੇ।

ਪੰਜਾਬ ਵਿੱਚ ਆਲੂ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ, ਮੰਦੇ ਦੇ ਭਾਅ ਵੇਚਣ ਲਈ ਮਜ਼ਬੂਰ। (ETV Bharat)

ਆਲੂ ਦੇ ਰੇਟ ਵਿੱਚ ਵੱਡੀ ਗਿਰਾਵਟ

ਇਸ ਵਾਰ ਆਲੂ ਦੇ ਰੇਟ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਪਿਛਲੇ ਸਾਲ ਨਾਲੋਂ ਅੱਧੀ ਕੀਮਤ 'ਤੇ ਮੰਡੀ ਵਿੱਚ ਵਿਕ ਰਿਹਾ ਹੈ। ਪਿਛਲੇ ਸਾਲ ਆਲੂ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਪਰ ਇਸ ਵਾਰ ਆਲੂ 180 ਰੁਪਏ ਤੋਂ 230 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਹੈ। ਭਾਵੇਂ ਮੰਡੀ ਵਿੱਚ ਨਵੇਂ ਆਲੂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਘੱਟ ਰੇਟ ਦੇ ਬਾਵਜੂਦ ਵੀ ਖਰੀਦਦਾਰ ਆਲੂ ਦੀ ਖਰੀਦ ਬਹੁਤ ਘੱਟ ਕਰ ਰਹੇ ਹਨ।

ਘਾਟੇ ਵਾਲੀ ਸਾਬਿਤ ਹੋ ਰਹੀ ਆਲੂਆਂ ਦੀ ਫਸਲ

ਕਿਸਾਨਾਂ ਦਾ ਕਹਿਣਾ ਹੈ ਕਿ "ਆਲੂ ਦੀ ਫਸਲ ਨਾਲ ਪਏ ਘਾਟੇ ਨੂੰ ਆਲੂ ਦੀ ਫਸਲ ਹੀ ਪੂਰਾ ਕਰਦੀ ਹੈ, ਉਹ ਤਾਂ ਜੇਕਰ ਅਗਲੇ ਸਾਲ ਰੇਟ ਵੱਧ ਜਾਂਦਾ ਹੈ। ਅਸੀਂ ਪਹਿਲਾਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਾਂ ਅਤੇ ਹੁਣ ਆਲੂ ਦੀ ਫਸਲ ਤੋਂ ਖਹਿੜਾ ਛੁਡਾਉਣ ਲਈ ਮਜਬੂਰ ਹੋ ਜਾਵਾਂਗੇ।" ਕਈ ਆਲੂ ਉਤਪਾਦਕ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਆਲੂ ਵੀ ਵਿਕਿਆ ਨਹੀਂ ਹੈ ਅਤੇ ਨਵੇਂ ਦਾ ਵੀ ਬਹੁਤ ਘੱਟ ਰੇਟ ਦੱਸ ਰਹੇ ਹਨ।

ਕਿਸਾਨਾਂ ਨੇ ਦੱਸਿਆ ਕਿ ਪੁਰਾਣਾ ਆਲੂ ਹਾਲੇ ਤਕ ਸਟੋਰਾਂ ‘ਚ ਪਿਆ ਹੈ, ਜਿਸ ਨੂੰ ਖਰੀਦਣ ਲਈ ਕੋਈ ਵਪਾਰੀ ਤਿਆਰ ਨਹੀਂ ਹੈ। ਸਟੋਰਾਂ ਦਾ ਖਰਚਾ ਹੀ ਹੁਣ ਇੰਨਾ ਪੈ ਚੁੱਕਾ ਹੈ ਕਿ ਕਿਸਾਨ ਸਟੋਰਾਂ ‘ਚੋਂ ਆਲੂ ਚੁੱਕਣ ਹੀ ਨਹੀਂ ਜਾਂਦੇ ਅਤੇ ਮਜਬੂਰ ਹੋ ਕੇ ਸਟੋਰ ਮਾਲਿਕ ਨੂੰ ਆਲੂ ਬਾਹਰ ਸੁੱਟਣੇ ਪੈ ਰਹੇ ਹਨ। ਨਵੇਂ ਆਲੂ ਦੀ ਹਾਲੇ ਪੁਟਾਈ ਸ਼ੁਰੂ ਹੋਈ ਹੈ ਪਰ ਬੀਤੇ ਸਾਲ ਦੇ ਹਾਲਾਤ ਨੂੰ ਵੇਖਦਿਆਂ ਕਿਸਾਨ ਖੇਤਾਂ ‘ਚ ਹੀ ਆਲੂ ਵੇਚਣ ਦੀ ਸੋਚ ਰਹੇ ਹਨ। ਆਮ ਤੌਰ ‘ਤੇ ਇਨ੍ਹਾਂ ਦਿਨਾਂ ‘ਚ ਕੱਚਾ ਆਲੂ ਬਾਜ਼ਾਰ ‘ਚ ਉਪਲੱਬਧ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ।

LOW PRICES POTATO CROP
ਮੰਡੀਆਂ ਵਿੱਚ ਰੁਲ ਰਹੇ ਆਲੂ (ETV Bharat)

ਆਲੂਆਂ ਦਾ ਮੰਡੀ ਵਿੱਚ ਨਹੀਂ ਮਿਲ ਰਿਹਾ ਭਾਅ

ਪਿਛਲੇ 15 ਸਾਲਾਂ ਤੋਂ ਆਲੂ ਦੀ ਕਾਸ਼ਤ ਕਰ ਰਹੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਕਿਸਾਨ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ "ਭਾਵੇਂ ਇਸ ਵਾਰ ਆਲੂ ਦੀ ਬੰਪਰ ਪੈਦਾਵਾਰ ਹੋਈ ਹੈ ਕਿਉਂਕਿ ਮੌਸਮ ਅਨੁਕੂਲ ਰਿਹਾ ਹੈ। ਪਰ ਕਿਸਾਨਾਂ ਨੂੰ ਆਲੂਆਂ ਦਾ ਮੰਡੀ ਵਿੱਚ ਭਾਅ ਨਹੀਂ ਮਿਲ ਰਿਹਾ। ਜਿਸ ਕਾਰਨ ਇਸ ਵਾਰ ਆਲੂ ਉਤਪਾਦਕਾਂ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।"

"ਇਸ ਵਾਰ ਕਿਸਾਨਾਂ ਨੂੰ 200 ਤੋਂ 250 ਰੁਪਏ ਪ੍ਰਤੀ ਕੁਇੰਟਲ ਆਲੂਆਂ ਦਾ ਭਾਅ ਮਿਲ ਰਿਹਾ ਹੈ। ਪਰ ਲਾਗਤ ਦੀ ਜੇਕਰ ਗੱਲ ਕੀਤੀ ਤਾਂ ਇੱਕ ਏਕੜ ਵਿੱਚ 25 ਤੋਂ 30 ਹਜ਼ਾਰ ਦਾ ਬੀਜ ਪੈਂਦਾ ਹੈ। 40 ਰੁਪਏ ਪ੍ਰਤੀ ਕੁਇੰਟਲ ਆਲੂ ਦੀ ਪਟਾਈ 'ਤੇ ਖਰਚਾ ਆਉਂਦਾ ਹੈ। 30 ਰੁਪਏ ਦਾ ਬਾਰਦਾਨਾ ਅਤੇ ਮੰਡੀ ਵਿੱਚ ਲੈ ਕੇ ਆਉਣ ਦਾ ਖਰਚਾ ਵੱਖਰਾ ਹੈ। ਇਸ ਤੋਂ ਪਹਿਲਾਂ ਵਪਾਰੀ ਖੇਤ ਵਿੱਚ ਜਾ ਕੇ ਆਲੂ ਦੀ ਖਰੀਦ ਕਰਦਾ ਸੀ ਪਰ ਹੁਣ ਵਪਾਰੀਆਂ ਵੱਲੋਂ ਵੀ ਸਭ ਖਰਚੇ ਕਿਸਾਨਾਂ ਸਿਰ ਪਾਏ ਜਾ ਰਹੇ ਹਨ। ਜਿਸ ਕਾਰਨ ਇਸ ਵਾਰ ਕਿਸਾਨਾਂ ਨੂੰ ਆਲੂ ਦੀ ਖੇਤੀ ਵਿੱਚੋਂ ਵੱਡਾ ਘਾਟਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਆਲੂ ਨੂੰ ਘਰ ਨਹੀਂ ਰੱਖਿਆ ਜਾ ਸਕਦਾ। ਜੇਕਰ ਕਿਸਾਨ ਵੱਲੋਂ ਇਸ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਦਾ ਵੱਖਰਾ ਖ਼ਰਚ ਦੇਣਾ ਪਵੇਗਾ।" -ਲਵਪ੍ਰੀਤ ਸਿੰਘ, ਕਿਸਾਨ

ਮੰਦੇ ਭਾਅ ਆਲੂ ਵੇਚਣ ਲਈ ਮਜ਼ਬੂਰ

ਕਿਸਾਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ "ਕਿਸਾਨ ਮੰਦੇ ਭਾਅ ਆਲੂ ਵੇਚਣ ਲਈ ਮਜ਼ਬੂਰ ਹਨ ਅਤੇ ਇਸ ਵਾਰ ਕਿਸਾਨਾਂ ਨੂੰ ਆਪਣੀ ਲਾਗਤ ਵੀ ਆਲੂ ਦੀ ਫਸਲ ਵਿੱਚੋਂ ਪੂਰੀ ਹੋਈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਲੂ ਦੀ ਫਸਲ ਨੂੰ ਲੈ ਕੇ ਐਮਐਸਪੀ ਤੈਅ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਘੱਟ ਰੇਟ ਵਿੱਚ ਵੇਚਣ ਲਈ ਮਜ਼ਬੂਰ ਨਾ ਹੋਣਾ ਪਵੇ।"

ਮੰਦੇ ਭਾਅ ਦਾ ਕਾਰਨ ਐਮਐਸਪੀ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ "ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਫਸਲੀ ਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ। ਪਰ ਦੂਜੇ ਪਾਸੇ ਕਣਕ ਝੋਨੇ ਦਾ ਬਾਈਕਾਟ ਕਰ ਆਲੂ ਜਿਹੀ ਫਸਲ ਬੀਜਣ ਵਾਲੇ ਕਿਸਾਨ ਅੱਜ ਮੰਦੇ ਭਾਅ 'ਤੇ ਆਪਣੀ ਫਸਲ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਜਿਸ ਪਿੱਛੇ ਵੱਡਾ ਕਾਰਨ ਐਮਐਸਪੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਉਨ੍ਹਾਂ ਦੀ ਜਥੇਬੰਦੀ ਵੱਲੋਂ 23 ਫਸਲਾਂ 'ਤੇ ਐਮਐਸਪੀ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਣ ਦਾ ਐਲਾਨ ਨਹੀਂ ਕੀਤਾ।"

ਕੌਡੀਆਂ ਦੇ ਭਾਅ ਵੇਚਣੇ ਪੈ ਰਹੇ ਆਲੂ

"ਪੰਜਾਬ ਵਿੱਚ 3 ਲੱਖ ਏਕੜ ਉੱਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ। ਆਲੂਆਂ ਦੀ ਕਾਸ਼ਤ ਹੋਣ ਦੇ ਬਾਵਜੂਦ ਇਸ ਵਾਰ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਜਿਸ ਦਾ ਵੱਡਾ ਕਾਰਨ ਬੰਪਰ ਪੈਦਾਵਾਰ ਹੋਣ ਦੇ ਨਾਲ ਮੰਡੀਆਂ ਵਿੱਚ ਆਲੂ ਦੀ ਆਮਦ ਵਧ ਗਈ ਹੈ। ਪਰ ਖਰੀਦਦਾਰ ਨਾ ਮਿਲਣ ਕਾਰਨ ਕਿਸਾਨਾਂ ਨੂੰ ਕੌਡੀਆਂ ਦੇ ਭਾਅ ਆਪਣੇ ਆਲੂ ਵੇਚਣੇ ਪੈ ਰਹੇ ਹਨ। ਜੇਕਰ ਆਉਂਦੇ ਦਿਨਾਂ ਵਿੱਚ ਅਜਿਹੇ ਹਾਲਾਤ ਬਣੇ ਰਹੇ ਤਾਂ ਮਜ਼ਬੂਰਨ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ ਤਾਂ ਜੋ ਆਲੂ ਉਤਪਾਦਕਾਂ ਨੂੰ ਉਨ੍ਹਾਂ ਦੀ ਫਸਲ ਦਾ ਭਾਅ ਦਿਵਾਇਆ ਜਾ ਸਕੇ।" -ਗੁਰਦੀਪ ਸਿੰਘ, ਪ੍ਰਧਾਨ ਬੀਕੇਯੂ ਡਕੌਂਦਾ

LOW PRICES POTATO CROP
ਪੰਜਾਬ ਵਿੱਚ ਆਲੂ ਦੀ ਪੈਦਾਵਾਰ ਕਰਨ ਵਾਲਾ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ (ETV Bharat)

ਆਲੂ ਦੀ ਫਸਲ ਹੇਠ ਰਕਬਾ ਵਧਿਆ

ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਥੋਕ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਭੀਮ ਚੰਦ ਦਾ ਕਹਿਣਾ ਹੈ ਕਿ ਇਸ ਵਾਰ ਮੰਡੀ ਵਿੱਚ ਆਲੂ ਦੀ ਆਮਦ ਵੱਡੀ ਪੱਧਰ 'ਤੇ ਹੋਈ ਹੈ। ਜਿਸ ਪਿੱਛੇ ਵੱਡਾ ਕਾਰਨ ਇਸ ਵਾਰ ਮੌਸਮ ਦਾ ਅਨੁਕੂਲ ਰਹਿਣਾ ਹੈ ਅਤੇ ਆਲੂ ਦੀ ਫਸਲ ਹੇਠ ਰਕਬਾ ਵਧਿਆ ਹੈ। ਦੂਸਰਾ ਵੱਡਾ ਕਾਰਨ ਕਿਸਾਨਾਂ ਵੱਲੋਂ ਦੇਖੋ ਦੇਖੀ ਵੱਡੀ ਪੱਧਰ 'ਤੇ ਆਲੂਆਂ ਦੀ ਕਾਸ਼ਤ ਕਰਨਾ ਹੈ। ਕਿਉਂਕਿ ਪਿਛਲੇ 2 ਸਾਲਾਂ ਵਿੱਚ ਕਿਸਾਨਾਂ ਨੂੰ ਆਲੂਆਂ ਦੀ ਫਸਲ ਤੋਂ ਚੰਗਾ ਮੁਨਾਫਾ ਹੋਇਆ ਹੈ।

"ਇਸ ਵਾਰ ਮੌਸਮ ਅਨੁਕੂਲ ਰਹਿਣ ਕਾਰਨ ਹਾਈਬ੍ਰਿਡ ਆਲੂ 400 ਕੁਇੰਟਲ ਪ੍ਰਤੀ ਏਕੜ ਝਾੜ ਰਹਿਣ ਦੀ ਸੰਭਾਵਨਾ ਹੈ। ਜੋ ਪਿਛਲੇ ਸਾਲ 320 ਕੁਇੰਟਲ ਪ੍ਰਤੀ ਏਕੜ ਰਹਿ ਗਿਆ ਸੀ। ਇਸੇ ਤਰ੍ਹਾਂ ਡਾਇਮੰਡ ਆਲੂ ਦਾ ਝਾੜ 300 ਕੁਇੰਟਲ ਪ੍ਰਤੀ ਏਕੜ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਦੂਸਰੇ ਪਾਸੇ ਪੰਜਾਬ ਵਿੱਚ ਕੋਲਡ ਸਟੋਰ ਬਹੁਤ ਘੱਟ ਲਗਾਏ ਗਏ ਹਨ ਅਤੇ ਤੀਸਰਾ ਵੱਡਾ ਕਾਰਨ ਪਿਛਲੇ ਤਿੰਨ ਸਾਲਾਂ ਵਿੱਚ ਆਲੂ ਉਤਪਾਦਕਾਂ ਨੇ ਚੰਗਾ ਮੁਨਾਫਾ ਕਮਾਇਆ ਹੈ। ਪਿਛਲੇ ਸਾਲ ਥੋਕ ਮੰਡੀ ਵਿੱਚ ਆਲੂ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ ਪਰ ਇਸ ਸਾਲ ਹਾਈਬ੍ਰੀਡ ਆਲੂ ਦੀ ਕੀਮਤ 140 ਰੁਪਏ ਤੋਂ ਲੈ ਕੇ 200 ਪ੍ਰਤੀ ਕੁਇੰਟਲ ਅਤੇ ਡਾਇਮੰਡ ਆਲੂ ਦੀ ਕੀਮਤ 170 ਤੋਂ ਲੈ ਕੇ 250 ਰੁਪਏ ਪ੍ਰਤੀ ਕੁਇੰਟਲ ਰਹਿ ਗਈ ਹੈ। ਜਿਸ ਕਾਰਨ ਇਸ ਵਾਰ ਕਿਸਾਨਾਂ ਦੀ ਲਾਗਤ ਵੀ ਨਹੀਂ ਪੂਰੀ ਹੋ ਰਹੀ।" - ਭੀਮ ਚੰਦ, ਆੜਤੀਆ

ਆੜਤੀਆਂ ਨੂੰ ਝੱਲਣਾ ਪੈ ਵੱਡਾ ਆਰਥਿਕ ਨੁਕਸਾਨ

ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ "ਕਿਸਾਨਾਂ ਦੇ ਨਾਲ-ਨਾਲ ਇਸ ਦਾ ਖਮਿਆਜਾ ਵਪਾਰੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਕਿਉਂਕਿ ਆੜਤੀਆਂ ਨੂੰ ਬਹੁਤ ਘੱਟ ਆੜਤ ਬਣ ਰਹੀ ਹੈ। ਆੜਤੀ ਨੂੰ 100 ਰੁਪਏ ਮਗਰ ਪੰਜ ਫੀਸਦ ਆੜਤ ਮਿਲਣੀ ਹੁੰਦੀ ਹੈ। ਜਿਸ ਘਰ ਆੜਤੀਆਂ ਨੂੰ ਵੀ ਕਿਸਾਨਾਂ ਦੇ ਨਾਲ-ਨਾਲ ਵੱਡੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਲੂਆਂ ਦੀ ਫਸਲ ਨੂੰ ਲੈ ਕੇ ਕੋਈ ਅਜਿਹੀ ਪਾਲਸੀ ਲਿਆਂਦੀ ਜਾਵੇ। ਇਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।"