NIA ਦੀ ਟੀਮ ਨੇ ਪਟਿਆਲਾ ਦੇ ਘਨੌਰ 'ਚ ਕੀਤੀ ਛਾਪੇਮਾਰੀ, ਕੁਝ ਵੀ ਦੱਸਣ ਤੋਂ ਕੀਤਾ ਇਨਕਾਰ - NIA TEAM IN PUNJAB
Published : Sep 14, 2024, 9:53 AM IST
ਪਟਿਆਲਾ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ। ਇਸ ਕੜੀ ਤਹਿਤ ਕੌਮੀ ਜਾਂਚ ਏਜੰਸੀ ਨੇ ਪਟਿਆਲਾ ਦੇ ਘਨੌਰ ਇਲਾਕੇ ਵਿੱਚ ਛਾਪੇਮਾਰੀ ਕੀਤੀ ਹੈ। ਇੱਥੇ ਏਜੰਸੀ ਨੇ ਪਿੰਡ ਕੁਠਾਖੇੜੀ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਏਜੰਸੀ ਸਵੇਰੇ ਹੀ ਉੱਥੇ ਪਹੁੰਚ ਗਈ। ਕੇਸ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਜਤਿੰਦਰ ਸਿੰਘ ਦੇ ਘਰ ਨੂੰ ਜਾਣ ਵਾਲੇ ਦੋਵੇਂ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਵੀ ਵਿਅਕਤੀ ਦੇ ਘਰੋਂ ਬਾਹਰ ਨਿਕਲਣ ਅਤੇ ਜਤਿੰਦਰਪਾਲ ਦੇ ਘਰ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਨੇ ਜਤਿੰਦਰ ਦੇ ਘਰੋਂ ਸਾਰੇ ਮੋਬਾਈਲ ਫ਼ੋਨ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਤਿੰਦਰ ਸਿੰਘ ਦੇ ਬੈਂਕ ਖਾਤਿਆਂ 'ਚ ਦੇਸ਼-ਵਿਦੇਸ਼ 'ਚੋਂ ਕਈ ਲੈਣ-ਦੇਣ ਦੇ ਵੇਰਵੇ ਮਿਲਣ ਤੋਂ ਬਾਅਦ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਜਤਿੰਦਰਪਾਲ ਸਿੰਘ ਦਾ ਸਬੰਧ ਅੰਮ੍ਰਿਤਪਾਲ ਸਿੰਘ ਨਾਲ ਦੱਸਿਆ ਜਾ ਰਿਹਾ ਹੈ, ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।