ਜੋਮੈਟੋ ਡਿਲੀਵਰੀ ਬੁਆਏ ਨੇ ਕੀਤੀ ਖੁਦਕੁਸ਼ੀ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਪੱਖੋਵਾਲ ਰੋਡ ਉੱਤੇ ਜੋਮੈਟੋ ਡਿਲੀਵਰੀ ਬੁਆਏ ਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ।

Published : July 7, 2025 at 1:36 PM IST
ਲੁਧਿਆਣਾ: ਪੱਖੋਵਾਲ ਨਹਿਰ ਨੇੜੇ ਅੱਜ (ਸੋਮਵਾਰ) ਸਵੇਰੇ ਸਨੀ ਨਾਂ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਕਰਕੇ ਉਹ ਤੇਜ਼ ਵਹਾਅ ਨਾਲ ਰੁੜ੍ਹ ਗਿਆ। ਬਾਰਿਸ਼ ਪੈਣ ਕਰਕੇ ਨਹਿਰ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਜਿਸ ਕਰਕੇ ਕੋਈ ਵੀ ਉਸ ਨੂੰ ਬਚਾ ਨਹੀਂ ਸਕਿਆ। ਨੌਜਵਾਨ ਜੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਅਤੇ ਆਪਣਾ ਮੋਟਰਸਾਈਕਲ ਖੜਾ ਕਰਕੇ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸਵੇਰੇ 5 ਵਜੇ ਉਹ ਘਰੋਂ ਨਿਕਲਿਆ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ। ਉਨ੍ਹਾਂ ਨੇ ਕਿਹਾ ਕਿ ਹਾਲੇ ਨੌਜਵਾਨ ਦਾ ਵਿਆਹ ਨਹੀਂ ਹੋਇਆ ਸੀ ਅਤੇ 20 ਸਾਲ ਦੇ ਕਰੀਬ ਉਸ ਦੀ ਉਮਰ ਸੀ।
ਆਪਣਾ ਸਾਮਾਨ ਜੋਮੈਟੋ ਬੈਗ ਵਿੱਚ ਪਾ ਕੇ ਕੀਤੀ ਖੁਦਕੁਸ਼ੀ
ਇਸ ਮੌਕੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੇ ਮੋਟਰਸਾਈਕਲ ਖੜਾ ਕਰਕੇ ਆਪਣਾ ਸਮਾਨ ਜੋਮੈਟੋ ਡਿਲੀਵਰੀ ਬੈਗ ਵਿੱਚ ਪਾ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦਾ ਮੋਬਾਇਲ, ਪਰਸ ਬੈਗ ਵਿੱਚ ਹੀ ਸੀ ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ।
ਮੈਂ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ। ਮੈਨੂੰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਨੇ ਕੋਲ ਲੰਘਦੀ ਪੱਖੋਵਾਲ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਨੌਜਵਾਨ ਦੀ ਉਮਰ 20 ਤੋਂ 21 ਸਾਲ ਦੱਸੀ ਜਾ ਰਹੀ ਹੈ। ਮੈਂ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਫ਼ਸਰਾਂ ਨੂੰ ਦੇ ਦਿੱਤੀ ਹੈ।- ਪੁਲਿਸ ਮੁਲਾਜ਼
ਮਾਮਲੇ ਦੀ ਜਾਂਚ ਜਾਰੀ
ਟ੍ਰੈਫਿਕ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਮੈਂ ਟ੍ਰੈਫਿਕ ਕੰਟਰੋਲ ਕਰ ਰਹੇ ਸੀ, ਉਦੋਂ ਰੌਲਾ ਪੈ ਗਿਆ ਤਾਂ ਮੈਂ ਮੌਕੇ ਉੱਤੇ ਪਹੁੰਚ ਕੇ ਵੇਖਿਆ ਕਿ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋਣ ਕਰਕੇ ਉਸ ਨੂੰ ਕੋਈ ਬਚਾ ਨਹੀਂ ਸਕਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੀਨੀਅਰ ਪੁਲਿਸ ਅਫਸਰਾਂ ਨੂੰ ਸੂਚਿਤ ਕਰ ਦਿੱਤਾ। ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਨੌਜਵਾਨ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲਾ ਸੀ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

