ਲੁਧਿਆਣਾ: ਸੋਨੇ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਪੰਜ ਸਾਲਾਂ ਦੇ ਦੌਰਾਨ ਰਿਕਾਰਡ ਤੋੜ ਉਛਾਲ ਵੇਖਣ ਨੂੰ ਮਿਲਿਆ ਹੈ। ਲਗਭਗ ਸੋਨੇ ਦੀ ਕੀਮਤ ਪਿਛਲੇ ਪੰਜ ਸਾਲਾਂ ਦੇ ਦੌਰਾਨ 100 ਫੀਸਦੀ ਵੱਧ ਗਈ ਹੈ, ਭਾਵ ਕਿ ਡਬਲ ਹੋ ਗਈ ਹੈ। 2020 ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 48651 ਪ੍ਰਤੀ ਤੋਲਾ ਸੀ। ਉੱਥੇ ਹੀ ਸਾਲ 2025 ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 93760 ਰੁਪਏ ਪ੍ਰਤੀ ਤੋਲਾ ਪਹੁੰਚ ਚੁੱਕੀ ਹੈ। ਹਾਲਾਂਕਿ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਵੀ ਪਿਛਲੇ ਤਿੰਨ ਦਿਨਾਂ ਤੋਂ ਦਰਜ ਕੀਤੀ ਜਾ ਰਹੀ। ਪਿਛਲੇ ਤਿੰਨ ਦਿਨ ਦੇ ਦੌਰਾਨ 3000 ਪ੍ਰਤੀ ਤੋਲਾ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ। 7 ਅਪ੍ਰੈਲ ਤੋਂ ਲਗਾਤਾਰ ਸੋਨੇ ਦੀਆਂ ਕੀਮਤਾਂ ਹੇਠਾਂ ਆਈਆਂ ਹਨ, ਸੋਸ਼ਲ ਮੀਡੀਆ ਉੱਤੇ ਲਗਾਤਾਰ ਇਹ ਖਬਰਾਂ ਚੱਲ ਰਹੀਆਂ ਹਨ ਕਿ ਸੋਨੇ ਦੀ ਕੀਮਤ 36 ਹਜ਼ਾਰ ਰੁਪਏ ਪ੍ਰਤੀ ਤੋਲਾ ਤੱਕ ਘੱਟ ਜਾਵੇਗੀ ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਸ ਸਬੰਧੀ ਅਸੀਂ ਮਾਹਿਰਾਂ ਦੇ ਨਾਲ ਅਤੇ ਸੋਨਾ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ।
ਦਿਵਾਲੀ ਤੱਕ ਇੱਕ ਲੱਖ ਰੁਪਏ ਤੱਕ ਪਹੁੰਚ ਜਾਵੇਗੀ ਸੋਨੇ ਦੀ ਕੀਮਤ
ਲੁਧਿਆਣਾ ਸਰਾਫਾ ਬਾਜ਼ਾਰ ਦੇ ਪ੍ਰਧਾਨ ਪ੍ਰਿੰਸ ਬੱਬਰ ਨੇ ਦੱਸਿਆ ਕਿ "ਪਿਛਲੇ ਦਿਨਾਂ ਦੇ ਦੌਰਾਨ 24 ਕੈਰਟ ਸੋਨੇ ਦੀ ਕੀਮਤ 93,000 ਪ੍ਰਤੀ ਤੋਲਾ ਉੱਤੇ ਪਹੁੰਚ ਗਈ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਕਰਕੇ ਹੁਣ ਸੋਨੇ ਦੀ ਕੀਮਤ 24 ਕੈਰੇਟ 88 ਹਜ਼ਾਰ ਪ੍ਰਤੀ ਤੋਲਾ ਰਹਿ ਗਈ ਹੈ। ਸੋਸ਼ਲ ਮੀਡੀਆ ਉੱਤੇ ਇਹ ਅਫਵਾਹਾਂ ਉੱਡ ਰਹੀਆਂ ਹਨ ਕਿ ਸੋਨੇ ਦੀ ਕੀਮਤ 36 ਹਜ਼ਾਰ ਰੁਪਏ ਪ੍ਰਤੀ ਤੋਲਾ ਤੱਕ ਸਸਤੀ ਹੋ ਜਾਵੇਗੀ। ਪਰ ਅਜਿਹਾ ਕਦੇ ਨਹੀਂ ਹੋਇਆ ਅਤੇ ਇੰਨੀ ਗਿਰਾਵਟ ਸੋਨੇ ਦੇ ਵਿੱਚ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਕਦੇ ਦਰਜ ਨਹੀਂ ਕੀਤੀ ਗਈ। ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਉਸ ਵੇਲੇ 24 ਕੈਰੇਟ ਸੋਨੇ ਦੀ ਕੀਮਤ 4 ਹਜ਼ਾਰ ਰੁਪਏ ਪ੍ਰਤੀ ਤੋਲਾ ਸੀ, ਅੱਜ 24 ਕੈਰੇਟ ਸੋਨੇ ਦੀ ਕੀਮਤ 88 ਹਜ਼ਾਰ ਰੁਪਏ ਪ੍ਰਤੀ ਤੋਲਾ ਹੈ। ਜਿਸ ਤਰ੍ਹਾਂ ਸੋਨੇ ਦੀ ਕੀਮਤ ਅਚਾਨਕ ਵੱਧਦੀ ਹੈ ਤਾਂ ਥੋੜ੍ਹੀ ਹੇਠਾਂ ਵੀ ਜਾਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸੋਨੇ ਦੀ ਕੀਮਤ ਅੱਧੀ ਰਹਿ ਜਾਵੇਗੀ ਜਾਂ ਫਿਰ 30 ਤੋਂ 40 ਫੀਸਦੀ ਘੱਟ ਜਾਵੇਗੀ। ਇਹ ਇੱਕ ਥੋੜ੍ਹਾ ਖ਼ਰਾਬ ਸਮਾਂ ਚੱਲ ਰਿਹਾ ਹੈ, ਇਸ ਤੋਂ ਬਾਅਦ ਮੁੜ ਤੋਂ ਸੋਨੇ ਦੀ ਕੀਮਤਾਂ ਉੱਪਰ ਜਾਣਗੀਆਂ। ਸਾਨੂੰ ਤਾਂ ਲੱਗ ਰਿਹਾ ਹੈ ਕਿ ਇਸ ਸਾਲ ਦਿਵਾਲੀ ਤੱਕ ਸੋਨੇ ਦੀ ਕੀਮਤ ਪ੍ਰਤੀ ਤੋਲਾ ਇੱਕ ਲੱਖ ਰੁਪਏ ਤੱਕ ਪਹੁੰਚ ਜਾਵੇਗੀ।"
ਕਿੰਨੀਆਂ ਵਧੀਆਂ ਕੀਮਤਾਂ:
ਪਿਛਲੇ ਕੁਝ ਸਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2020 ਤੋਂ ਲੈ ਕੇ 2025 ਦੇ ਦੌਰਾਨ ਸਭ ਤੋਂ ਜ਼ਿਆਦਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਛਾਲ ਵੇਖਣ ਨੂੰ ਮਿਲਿਆ ਹੈ। ਬੀਤੇ ਕੁਝ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ ਹਨ।

ਇਨ੍ਹਾਂ ਸੋਨੇ ਦੀਆਂ ਕੀਮਤਾਂ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੋ ਹੋ ਕਿ ਹੁਣ ਤੱਕ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਹੀ ਹੋਇਆ, ਹਾਲਾਂਕਿ ਕਦੇ-ਕਦੇ ਕੀਮਤਾਂ ਹੇਠਾਂ ਜ਼ਰੂਰ ਆਈਆਂ ਹਨ ਪਰ ਜ਼ਿਆਦਾਤਰ ਕਦੇ ਵੀ ਸੋਨੇ ਦੇ ਵਿੱਚ ਨੁਕਸਾਨ ਨਹੀਂ ਹੋਇਆ ਹੈ।
ਸੋਨਾ ਵੇਚਣ ਲਈ ਆ ਰਹੇ ਹਨ ਲੋਕ
ਲੁਧਿਆਣਾ ਵਿੱਚ ਸੋਨੇ ਦੇ ਮਾਹਿਰ ਕਾਰੋਬਾਰੀ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਦੱਸਦੇ ਹਨ ਕਿ "ਬਜ਼ਾਰਾਂ ਦੇ ਵਿੱਚ ਹੁਣ ਲੋਕ ਸੋਨਾ ਵੇਚਣ ਲਈ ਜ਼ਰੂਰ ਪਹੁੰਚ ਰਹੇ ਹਨ ਪਰ ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸੋਨੇ ਦੀ ਕੀਮਤ ਹਮੇਸ਼ਾ ਵੱਧਦੀ ਰਹੀ ਹੈ ਕਦੇ ਇੰਨੀ ਜ਼ਿਆਦਾ ਨਹੀਂ ਘਟੀ ਕਿ ਨੁਕਸਾਨ ਹੋਇਆ ਹੋਵੇ। ਹੋ ਸਕਦਾ ਹੈ ਕਿ ਜੋ ਲੋਕ ਅੱਜ ਸੋਨਾ ਵੇਚ ਰਹੇ ਹਨ ਕੱਲ੍ਹ ਉਹ ਸੋਨਾ ਖਰੀਦਣ ਯੋਗ ਵੀ ਨਾ ਰਹਿਣ ਕਿਉਂਕਿ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਸਕਦੀਆਂ ਹਨ। ਹਾਲਾਂਕਿ ਬਜ਼ਾਰ ਦੇ ਵਿੱਚ ਫਿਲਹਾਲ ਮੰਦੀ ਦਾ ਦੌਰ ਜ਼ਰੂਰ ਚੱਲ ਰਿਹਾ ਹੈ।"
ਸੋਨੇ ਦੀ ਕੀਮਤ ਵਿੱਚ ਹੋਰ ਹੋਵੇਗਾ ਵਾਧਾ
ਵਰਨ ਕੁਮਾਰ ਨੇ ਦੱਸਿਆ ਕਿ ਚਾਂਦੀ ਦੀਆਂ ਕੀਮਤਾਂ ਵੀ ਘਟੀਆਂ ਹਨ। ਚਾਂਦੀ ਜਿੱਥੇ 1 ਲੱਖ ਰੁਪਏ ਪ੍ਰਤੀ ਕਿੱਲੋ ਤੋਂ ਉੱਪਰ ਚਲੀ ਗਈ ਸੀ ਉੱਥੇ ਹੀ ਨਵਾਂ ਰੇਟ 92,000 ਪ੍ਰਤੀ ਕਿੱਲੋ ਦੇ ਨੇੜੇ ਆ ਗਿਆ ਹੈ। ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚੋਂ ਉਤਰਾ ਚੜਾਅ ਆਉਂਦੇ ਰਹਿੰਦੇ ਹਨ ਪਰ ਇਹ ਜ਼ਿਆਦਾ ਲੰਬਾ ਸਮਾਂ ਨਹੀਂ ਰਹਿੰਦੇ ਕਿਉਂਕਿ ਸੋਨੇ ਦੀ ਕੀਮਤਾਂ ਆਖਿਰ ਵਿੱਚ ਜਾ ਕੇ ਵੱਧਦੀਆਂ ਹੀ ਹਨ। ਸੋਨਾ ਇੱਕ ਚੰਗਾ ਨਿਵੇਸ਼ ਹੈ, ਜੇਕਰ ਕਿਸੇ ਨੂੰ ਮਜਬੂਰੀ ਹੈ ਤਾਂ ਉਹ ਸੋਨਾ ਵੇਚ ਸਕਦਾ ਹੈ ਉਸ ਨੂੰ ਵੇਚਣਾ ਵੀ ਚਾਹੀਦਾ ਹੈ ਪਰ ਜੇਕਰ ਕਿਸੇ ਦੀ ਮਜਬੂਰੀ ਨਹੀਂ ਹੈ ਤਾਂ ਉਸ ਨੂੰ ਸੋਨਾ ਵੇਚਣ ਦੀ ਫਿਲਹਾਲ ਲੋੜ ਨਹੀਂ ਹੈ। ਸੋਨਾ ਅਜਿਹੀ ਚੀਜ਼ ਹੈ ਜੇਕਰ ਉਹ ਰਾਤ ਨੂੰ ਵੀ ਵੇਚਣ ਚਲੇ ਜਾਓਗੇ ਤਾਂ ਕੋਈ ਵੀ ਸੁਨਿਆਰਾ ਉਸ ਨੂੰ ਖਰੀਦ ਹੀ ਲਵੇਗਾ। ਇਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਲੋੜਵੰਦ ਹੀ ਸੋਨਾ ਵੇਚਣ।