ਲੁਧਿਆਣਾ: ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਕਹਿਰ ਬਣ ਕੇ ਟੁੱਟੀ ਹੈ ਅਤੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਾਂਚ ਵਿੱਚ ਪਾਇਆ ਗਿਆ ਕਿ ਉਸ ਵਿੱਚ ਮੀਥੇਨੌਲ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ। ਪੇਂਟ ਦੇ ਵਿੱਚ ਇਸਤੇਮਾਲ ਹੋਣ ਵਾਲਾ ਮੀਥੇਨੌਲ ਇੱਕ ਤਰ੍ਹਾਂ ਦਾ ਐਲਕੋਹਲ ਹੈ ਜਿਸ ਦਾ ਸੇਵਨ ਨਹੀਂ ਕੀਤਾ ਜਾ ਸਕਦਾ, ਇਹ ਬਹੁਤ ਜ਼ਹਿਰੀਲਾ ਹੁੰਦਾ ਹੈ। ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਇਸ ਖ਼ਤਰਨਾਕ ਕੈਮੀਕਲ ਦੀ ਆਮ ਵਿਕਰੀ ਹੀ 'ਤੇ ਸਖ਼ਤ ਨਿਯਮ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਮੀਥੇਨੌਲ ਦੀ ਵੱਧ ਮਾਤਰਾ ਮੌਤ ਦਾ ਕਾਰਨ
ਮਹਿਰਾਂ ਦੇ ਮੁਤਾਬਿਕ ਮੀਥੇਨੌਲ ਐਲਕੋਹਲ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ ਜਿਸ ਦੇ ਨਾਲ ਸਰੀਰ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ। ਇਸ ਨਾਲ ਅੰਨਾਪਨ ਵੀ ਹੋ ਸਕਦਾ ਹੈ। ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ, ਜੇਕਰ ਇਸ ਦੀ ਵਧੇਰੇ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ, ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦੀ।
ਵੈਸੇ ਤਾਂ ਮੀਥੇਨੌਲ ਫੈਕਟਰੀ ਵਿੱਚ ਪ੍ਰੋਡਕਸ਼ਨ ਆਦਿ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੀ ਫੈਕਟਰੀਆਂ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉੱਥੇ ਜਾਣ ਬੁਝ ਕੇ ਇਸ ਦੇ ਵਿੱਚ ਕੈਮੀਕਲ ਹੋਰ ਪਾਏ ਜਾਂਦੇ ਹਨ, ਤਾਂ ਜੋ ਇਸ ਨੂੰ ਵਰਕਰ ਐਲਕੋਹਲ ਦੇ ਰੂਪ ਵਿੱਚ ਇਸਤੇਮਾਲ ਨਾ ਕਰ ਸਕਣ। ਸ਼ਰਾਬ ਉੱਤੇ ਐਕਸਾਈਜ਼ ਡਿਊਟੀ ਅਤੇ ਸਸਤੀ ਵੇਚਣ ਦੇ ਚੱਕਰ ਵਿੱਚ ਸ਼ਰਾਬ ਵੇਚਣ ਵਾਲਿਆਂ ਵੱਲੋਂ ਮੀਥੇਨੌਲ ਮਿਲਾ ਕੇ ਸ਼ਰਾਬ ਵੇਚੀ ਜਾਂਦੀ ਹੈ, ਜੋ ਜਾਨਲੇਵਾ ਸਾਬਿਤ ਹੁੰਦੀ ਹੈ। - ਹਰਦੀਪ ਕੌਰ, ਪੀਐਚਡੀ ਵਿਗਿਆਨੀ ਅਧਿਆਪਿਕਾ
ਕਿੱਥੇ ਹੁੰਦੀ ਮੀਥੇਨੌਲ ਦੀ ਵਰਤੋ?
ਮੀਥੇਨੌਲ ਦਾ ਇਸਤੇਮਾਲ ਆਮ ਤੌਰ ਉੱਤੇ ਕਾਰਖਾਨਿਆਂ ਦੇ ਵਿੱਚ ਇੰਜਨ ਅਤੇ ਹੋਰ ਉਪਕਰਨ ਚਲਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਆਦਾਤਰ ਇਸਦਾ ਇਸਤੇਮਾਲ ਪੇਂਟ ਅਤੇ ਪਲਾਈਵੁੱਡ ਇੰਡਸਟਰੀ ਤੋਂ ਇਲਾਵਾ ਬਰਫ ਪਿਘਲਾਉਣ ਵਾਲੇ ਸਲੂਸ਼ਨ ਵਿੱਚ ਪਲਾਸਟਿਕ, ਪੋਲੀਐਸਟਰ ਅਤੇ ਹੋਰ ਦੂਜੇ ਕੈਮੀਕਲ ਦਾ ਨਿਰਮਾਣ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਸ ਵਿੱਚ ਐਲਕੋਹਲ ਦੀ ਮਾਤਰਾ ਜਿਆਦਾ ਹੋਣ ਕਾਰਨ ਸ਼ਰਾਬ ਦੇ ਤਸਕਰ ਇਸ ਦੇ ਨਾਲ ਸ਼ਰਾਬ ਵੀ ਤਿਆਰ ਕਰਦੇ ਹਨ, ਜੋ ਕਿ ਬੇਹਦ ਹੀ ਖ਼ਤਰਨਾਕ ਹੁੰਦੀ ਹੈ।

ਘੱਟ ਕੀਮਤਾਂ ਉੱਤੇ ਉਪਲਬਧ ਹੁੰਦਾ ਮੀਥੇਨੌਲ
ਲੁਧਿਆਣਾ ਜਵੱਦੀ ਸਰਕਾਰੀ ਸਕੂਲ 'ਚ ਦੀ ਅਧਿਆਪਕ ਪੀਐੱਚਡੀ ਹਰਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੀਥੇਨੌਲ ਇੱਕ ਤਰ੍ਹਾਂ ਦਾ ਅਲਕੋਹਲ ਹੀ ਹੈ, ਜੋ ਕਿ ਬਹੁਤ ਹੀ ਘੱਟ ਕੀਮਤਾਂ ਉੱਤੇ ਉਪਲਬਧ ਹੋ ਜਾਂਦਾ ਹੈ, ਜਦਕਿ ਸ਼ਰਾਬ ਦੀ ਕੀਮਤ ਜਿਆਦਾ ਹੋਣ ਕਰਕੇ ਕਈ ਲੋਕ ਇਸ ਨੂੰ ਸਲੂਸ਼ਨ ਦੇ ਤੌਰ ਉੱਤੇ ਇਸਤੇਮਾਲ ਕਰਕੇ ਸ਼ਰਾਬ ਬਣਾਉਂਦੇ ਹਨ, ਜੋ ਕਿ ਬੇਹਦ ਹੀ ਜ਼ਹਿਰੀਲੀ ਅਤੇ ਖ਼ਤਰਨਾਕ ਹੁੰਦੀ ਹੈ।
ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਅਧਿਕਾਰਿਤ ਸਰਕਾਰ ਵੱਲੋਂ ਪਾਸ ਕੀਤੇ ਗਏ ਫੈਕਟਰ ਵਾਲੀ ਸ਼ਰਾਬ ਹੀ ਖਰੀਦਣੀ ਚਾਹੀਦੀ ਹੈ। ਜਿੱਥੇ ਸਸਤੀਆਂ ਜਾਂ ਬਾਹਰ ਸ਼ਰਾਬ ਵੇਚਦੇ ਹਨ, ਉਨ੍ਹਾਂ ਤੋਂ ਸ਼ਰਾਬ ਨਹੀਂ ਖਰੀਦਣੀ ਚਾਹੀਦੀ। - ਹਰਦੀਪ ਕੌਰ, ਪੀਐਚਡੀ ਵਿਗਿਆਨੀ ਅਧਿਆਪਿਕਾ
"ਅਧਿਕਾਰਿਤ ਦੁਕਾਨਾਂ ਤੋਂ ਹੀ ਖਰੀਦੋ ਸ਼ਰਾਬ"
ਵਿਗਿਆਨੀ ਅਧਿਆਪਿਕਾ ਹਰਦੀਪ ਕੌਰ ਨੇ ਕਿਹਾ ਕਿ, "ਲੋਕ ਜ਼ਰੂਰ ਆਪਣੀ ਸਿਹਤ ਦਾ ਖਿਆਲ ਰੱਖਣ, ਕਿਉਂਕਿ ਇਸ ਦੀ ਕੋਈ ਪਹਿਚਾਣ ਨਹੀਂ ਹੋ ਸਕਦੀ। ਇਸ ਕਰਕੇ ਜੇਕਰ ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਔਥੈਂਟਿਕ (ਅਧਿਕਾਰਿਤ) ਸਰਕਾਰੀ ਦੁਕਾਨਾਂ ਦੀ ਹੱਦ ਤੋਂ ਹੀ ਸ਼ਰਾਬ ਦੀ ਖ਼ਰੀਦਦਾਰੀ ਕਰਨੀ ਚਾਹੀਦੀ ਹੈ। ਜੋ ਆਮ ਸ਼ਰਾਬ ਵੇਚਦੇ ਹਨ, ਉਸ ਵਿੱਚ ਵੱਧ ਮੁਨਾਫਾ ਕਮਾਉਣ ਲਈ ਉਹ ਮੀਥੇਨੌਲ ਆਦਿ ਦਾ ਇਸਤੇਮਾਲ ਕਰਦੇ ਹਨ, ਜੋ ਕਿ ਜਾਨਲੇਵਾ ਹੈ।" ਇਸ ਦੀ ਤਾਜ਼ਾ ਉਦਾਹਰਨ ਮਜੀਠਾ ਵਿੱਚ ਵੀ ਵੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਆ ਚੁੱਕੇ ਹਨ, ਜੋ ਇਸ ਤਰ੍ਹਾਂ ਦੇ ਕੈਮੀਕਲ ਦੇ ਨਾਲ ਬਣੀ ਸ਼ਰਾਬ ਪੀ ਕੇ ਆਪਣੀ ਜਾਨ ਗਵਾ ਚੁੱਕੇ ਹਨ।
DISCLAIMER: ਹਰ ਤਰ੍ਹਾਂ ਦੀ ਸ਼ਰਾਬ ਤੇ ਹੋਰ ਨਸ਼ਾ ਸਮੱਗਰੀ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਸੇਵਨ ਤੋਂ ਬੱਚਣਾ ਚਾਹੀਦਾ ਹੈ।