ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ (Sukhbir Singh Badal) ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹਨ। ਇਹ ਫੈਸਲਾ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਪਾਰਟੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਓ ਜਾਣਦੇ ਹਾਂ ਕਿ ਆਖਿਰਕਾਰ ਕੌਣ ਹਨ ਸੁਖਬੀਰ ਸਿੰਘ ਬਾਦਲ...

ਕਿਉਂ ਦਿੱਤਾ ਸੀ ਅਸਤੀਫ਼ਾ
2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਾਰਟੀ ਵੱਲੋਂ ਕਈ ਗ਼ਲਤੀਆਂ ਹੋਈਆਂ ਅਤੇ ਪਾਰਟੀ ਪ੍ਰਧਾਨ ਹੁੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਗਲਤੀਆਂ ਨੂੰ ਸਵੀਕਾਰ ਵੀ ਕਰ ਲਿਆ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ 30 ਅਗਸਤ 2024 ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਅਤੇ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਉੱਤੇ ਵੀ ਪਾਬੰਦੀ ਲਗਾ ਦਿੱਤੀ ਸੀ। ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਬਗ਼ਾਵਤੀ ਸੁਰਾਂ ਉੱਠ ਰਹੀਆਂ ਸਨ।
ਸੁਖਬੀਰ ਸਿੰਘ ਬਾਦਲ ਦਾ ਪਿਛੋਕੜ (Who is Sukhbir Singh Badal)
ਸੰਸਾਰ ਦੇ ਸਭ ਤੋਂ ਦੌਲਤਮੰਦ ਸਿੱਖਾਂ ਵਿੱਚੋਂ ਇੱਕ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਸੁਖਬੀਰ ਸਿੰਘ ਬਾਦਲ ਦਾ ਜਨਮ 9 ਜੁਲਾਈ 1962 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ 'ਚ ਢਿੱਲੋਂ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਸੁਖਬੀਰ ਸਿੰਘ ਬਾਦਲ ਦੀ ਮਾਤਾ ਸੁਰਿੰਦਰ ਕੌਰ ਬਾਦਲ ਸਨ। ਸੁਖਬੀਰ ਦੀ ਇੱਕ ਵੱਡੀ ਭੈਣ ਹੈ ਜਿਸ ਦਾ ਨਾਮ ਪ੍ਰਨੀਤ ਕੌਰ ਹੈ, ਉਨ੍ਹਾਂ ਦਾ ਵਿਆਹ ਅਦੇਸ਼ ਪ੍ਰਤਾਪ ਕੈਰੋਂ ਨਾਲ ਹੋਇਆ ਹੈ। ਸੁਖਬੀਰ ਦਾ ਵਿਆਹ 21 ਨਵੰਬਰ 1991 ਨੂੰ ਮਜੀਠੀਆ ਪਰਿਵਾਰ ਦੀ ਹਰਸਿਮਰਤ ਕੌਰ ਨਾਲ ਹੋਇਆ। ਹਰਸਿਮਰਤ ਕੌਰ ਬਾਦਲ ਵੀ ਇੱਕ ਸਿਆਸਤਦਾਨ ਹਨ ਅਤੇ 2009 ਤੋਂ ਬਠਿੰਡਾ ਤੋਂ ਸੰਸਦ ਮੈਂਬਰ ਬਣਦੇ ਆ ਰਹੇ ਹਨ। ਸੁਖਬੀਰ ਦੇ ਤਿੰਨ ਬੱਚੇ ਹਨ, ਪੁੱਤਰ ਅਨੰਤਬੀਰ ਸਿੰਘ ਬਾਦਲ ਅਤੇ 2 ਧੀਆਂ ਹਰਲੀਨ ਕੌਰ ਅਤੇ ਗੁਰਲੀਨ ਕੌਰ, ਜੋ ਕਿ ਬਾਦਲ ਪਰਿਵਾਰ ਦੇ ਵਪਾਰ ਨੂੰ ਦੇਖ ਰਹੇ ਹਨ।

ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਫ਼ਰ
- 1996: ਸੁਖਬੀਰ ਸਿੰਘ ਬਾਦਲ ਫਰੀਦਕੋਟ ਹਲਕੇ ਤੋਂ 11ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਚੁਣੇ ਗਏ।
- 1998: ਉਹ 12ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਵਜੋਂ ਮੁੜ ਚੁਣੇ ਗਏ।
- 1998: ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਸੁਖਬੀਰ ਨੂੰ ਕੇਂਦਰੀ ਉਦਯੋਗ ਰਾਜ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਲੱਗਭਗ ਇੱਕ ਸਾਲ ਰਾਜ ਮੰਤਰੀ ਰਹੇ।
- 2001: ਉਹ ਰਾਜ ਸਭਾ ਲਈ ਚੁਣੇ ਗਏ ਅਤੇ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ।
- 2004: ਉਹ 14ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਵਜੋਂ ਮੁੜ ਚੁਣੇ ਗਏ।
- 2008: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
- 2009: ਅਕਾਲੀ-ਬੀਜੇਪੀ ਸਰਕਾਰ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ। ਉਸ ਸਮੇਂ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ। ਵਿਵਾਦ ਉੱਠਣ ਮਗਰੋਂ ਛੇ ਮਹੀਨਿਆਂ ਬਾਅਦ ਸੁਖਬੀਰ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
- 2009: ਸੁਖਬੀਰ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤੀ ਅਤੇ ਅਗਸਤ 2009 ਵਿੱਚ ਦੁਬਾਰਾ ਉਪ ਮੁੱਖ ਮੰਤਰੀ ਬਣੇ।
- 2012: ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਮੁੜ ਵਿਧਾਇਕ ਬਣੇ ਅਤੇ ਅਕਾਲੀ-ਬੀਜੇਪੀ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ।
- 2017: ਜਲਾਲਾਬਾਦ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸ ਦੇ ਰਵਨੀਤ ਬਿੱਟੂ ਨੂੰ ਹਰਾ ਕੇ ਉਹ ਮੁੜ ਵਿਧਾਇਕ ਬਣੇ।
- 2019: ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਕੇ ਸੁਖਬੀਰ ਬਾਦਲ 17ਵੀਂ ਲੋਕ ਸਭਾ ਲਈ ਮੈਂਬਰ ਪਾਰਲੀਮੈਂਟ ਬਣੇ।
- 2022: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ ਜਲਾਲਾਬਾਦ ਹਲਕੇ ਤੋਂ 'ਆਪ' ਦੇ ਜਗਦੀਪ ਗੋਲਡੀ ਕੰਬੋਜ ਤੋਂ ਹਾਰ ਗਏ।
- 2024: ਨਵੰਬਰ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਵਿਰੋਧ ਮਗਰੋਂ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ।
- 2025: ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ।

2008 ਵਿੱਚ ਸਾਂਭੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ
ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਿਕ ਸੁਖਬੀਰ ਸਿੰਘ ਬਾਦਲ ਸਾਲ 2008 ਤੋਂ ਪ੍ਰਧਾਨ ਬਣੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ। ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਪਾਰਟੀ ਦੀ ਅਗਵਾਈ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਸਨ ਪਰ ਪਾਰਟੀ ਦੇ 117 ਉਮੀਦਵਾਰਾਂ ਵਿੱਚ ਸਿਰਫ਼ 3 ਜਣੇ ਹੀ ਵਿਧਾਇਕ ਬਣ ਸਕੇ ਅਤੇ ਪੰਜਾਬ ਉੱਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਇਕਲੌਤੀ ਖੇਤਰੀ ਪਾਰਟੀ ਪੰਜਾਬ ਵਿੱਚ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ।
ਸੁਖਬੀਰ ਦਾ ਕਾਰੋਬਾਰ ਅਤੇ ਰੀਅਲ ਅਸਟੇਟ
ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬੀ-ਭਾਸ਼ਾ ਦੇ ਇੱਕ ਨਿੱਜੀ ਚੈਨਲ ਵਿੱਚ ਬਹੁਗਿਣਤੀ ਹਿੱਸੇਦਾਰੀ ਦੇ ਮਾਲਕ ਹਨ। ਇਸ ਤੋਂ ਇਲਾਵਾ ਔਰਬਿਟ ਐਵੀਏਸ਼ਨ, ਡੱਬਵਾਲੀ ਟਰਾਂਸਪੋਰਟ, ਇੰਡੋ-ਕੈਨੇਡੀਅਨ ਟ੍ਰਾਂਸਪੋਰਟ, ਮੈਟਰੋ ਈਕੋ ਗ੍ਰੀਨ ਰਿਜ਼ੋਰਟ, ਸਾਂਝ ਫਾਊਂਡੇਸ਼ਨ, ਫਾਲਕਨ ਪ੍ਰਾਪਰਟੀਜ਼, ਪੰਜਾਬ ਐਨੀਮਲ ਬਰੀਡਰਜ਼, ਨਿੱਜੀ ਮੀਡੀਆ ਚੈਨਲ, ਰਾਜਧਾਨੀ ਐਕਸਪ੍ਰੈਸ, ਤਾਜ ਟਰੈਵਲਜ਼ ਅਤੇ ਔਰਬਿਟ ਰਿਜ਼ੌਰਟਸ ਵੀ ਬਾਦਲ ਪਰਿਵਾਰ ਦੇ ਨਾਂ ਉੱਤੇ ਬੋਲਦੇ ਹਨ।

ਸੁਖਬੀਰ ਸਿੰਘ ਬਾਦਲ ਦੇ ਦਿਲਚਸਪ ਕਿੱਸੇ
ਇੱਕ ਟੀਵੀ ਇੰਟਰਵਿਊ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਸੀ ਕਿ ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ ਸੀ। ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ। ਆਪਣੀਆਂ ਸਕੂਲੀ ਯਾਦਾਂ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਸੀ ਕਿ ਬੋਰਡਿੰਗ ਸਕੂਲ ਵਿੱਚ ਜਾਣਾ ਉਨ੍ਹਾਂ ਲਈ ਕਾਫ਼ੀ ਔਖਾ ਫ਼ੈਸਲਾ ਸੀ ਪਰ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਬੋਰਡਿੰਗ ਸਕੂਲ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਜ਼ਿੰਦਗੀ ਦਾ ਅਨੁਸ਼ਾਸਨ ਸਿੱਖਦੇ ਹਨ, ਜੋ ਬੱਚਾ ਘਰ ਮਾਪਿਆਂ ਨਾਲ ਰਹਿ ਕੇ ਨਹੀਂ ਸਿੱਖ ਸਕਦਾ।
ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਐੱਮਬੀਏ ਦੀ ਪੜ੍ਹਾਈ ਲਈ ਅਮਰੀਕਾ ਚਲੇ ਗਏ। ਸੁਖਬੀਰ ਦੱਸਦੇ ਹਨ ਕਿ ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਤਾਂ ਕੋਈ ਖੋਹ ਵੀ ਸਕਦਾ ਹੈ ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ। ਪਿਤਾ ਦੇ ਸਮਝਾਉਣ ਮਗਰੋਂ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ, ਫਿਰ ਉਸ ਦੇ ਮਗਰੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲੌਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਲਈ।