ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਦੇ ਵਿੱਚ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦੀ ਲੁੱਟ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਿੱਥੇ ਕਿਸਾਨਾਂ ਦੇ ਕਣਕ ਦੀ ਫਸਲ ਦੀ ਤੁਲਾਈ ਇੱਕ ਕਿਲੋ ਤੋਂ ਚਾਰ ਕਿਲੋਗ੍ਰਾਮ ਜਿਆਦਾ ਤੋਲੀ ਜਾ ਰਹੀ ਹੈ। ਜਿਸ ਬਾਰੇ ਪਤਾ ਚੱਲਦਿਆਂ ਹੀ ਕਿਸਾਨਾਂ ਨੇ ਪਿੰਡ ਦੀ ਪੰਚਾਇਤ ਨੂੰ ਜਾਣਕਾਰੀ ਦਿੱਤੀ ਤਾਂ ਸਰਪੰਚ ਨੇ ਸਵੇਰੇ ਹੀ ਮੰਡੀ ਦੇ ਵਿੱਚ ਪਹੁੰਚ ਕੇ ਕਣਕ ਦੀ ਕੀਤੀ ਗਈ ਭਰਾਈ ਦੀਆਂ ਬੋਰੀਆਂ ਤੋਲੀਆਂ ਤਾਂ ਹਰ ਬੋਰੀ ਦੇ ਵਿੱਚ 1 ਕਿਲੋ ਤੋਂ ਚਾਰ ਕਿਲੋਗ੍ਰਾਮ ਤੱਕ ਜਿਆਦਾ ਕਣਕ ਪਾਈ ਗਈ।
ਕਿਸਾਨਾਂ ਨਾਲ ਧੱਕਾ
ਕਿਸਾਨ ਗੁਰਪਿਆਰ ਸਿੰਘ ਨੇ ਕਿਹਾ ਕਿ ਮੰਡੀ ਦੇ ਵਿੱਚ ਜਦੋਂ ਕਣਕ ਤੋਲੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਣਕ ਜਿਆਦਾ ਤੋਲੀ ਜਾ ਰਹੀ ਹੈ। ਉਨ੍ਹਾਂ ਨੇ ਜਦੋਂ ਆਟੇ ਵਾਲੀ ਚੱਕੀ ਉਤੇ ਜਾ ਕੇ ਦੁਆਰਾ ਕਣਕ ਦੀ ਭਰੀ ਬੋਰੀ ਤੋਲ ਕੇ ਦੇਖੀ ਤਾਂ ਪਤਾ ਲੱਗਿਆ ਕੇ ਢਾਈ ਕਿਲੋ ਕਣਕ ਜਿਆਦਾ ਤੋਲੀ ਗਈ ਹੈ। ਗੁਰਪਿਆਰ ਸਿੰਘ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ।

ਹਰੇਕ ਬੋਰੀ ਵਿੱਚ 2 ਤੋਂ ਡੇਢ ਕਿਲੋ ਜਿਆਦਾ ਕਣਕ
ਜਗਸੀਰ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਤੋਂ ਪਤਾ ਲੱਗਿਆ ਕਿ ਪਿੰਡ ਨੰਗਲ ਕਲਾਂ ਦੇ ਕਿਸਾਨ ਕਣਕ ਨਾਲ ਭਰੀਆਂ ਬੋਰੀਆਂ ਤੋਲ ਰਹੇ ਸਨ। ਜਦੋਂ ਕਿਸਾਨਾਂ ਨੇ ਬੋਰੀਆਂ ਤੋਲੀਆਂ ਤਾਂ ਹਰੇਕ ਬੋਰੀ ਵਿੱਚ 2 ਤੋਂ ਡੇਢ ਕਿਲੋਗ੍ਰਾਮ ਜਿਆਦਾ ਕਣਕ ਪਾਈ ਗਈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਉਹ ਮੌਕੇ 'ਤੇ ਪਹੁੰਚੇ ਹਨ ਕਿਉਂਕਿ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ।
ਕਿਸਾਨਾਂ ਦੀ ਲੁੱਟ
ਇਸ ਦੌਰਾਨ ਰੇਸ਼ਮ ਸਿੰਘ ਸਰਪੰਚ ਨੇ ਕਿਹਾ ਕਿ ਮੰਡੀ ਦੇ ਵਿੱਚ ਹਰ ਦੁਕਾਨ 'ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਕਿਉਂਕਿ ਜਿਆਦਾ ਕਣਕ ਤੋਲੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ।

ਇਸ ਪੂਰੇ ਮਾਮਲੇ ਸਬੰਧੀ ਮਾਰਕੀਟ ਕਮੇਟੀ ਮਾਨਸਾ ਦੇ ਇੰਸਪੈਕਟਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਤੋਂ ਭਾਰ ਕਰਵਾਇਆ ਗਿਆ ਤਾਂ ਸਾਰੀਆਂ ਬੋਰੀਆਂ ਦੇ ਵਿੱਚ ਹੀ ਕਣਕ ਜਿਆਦਾ ਪਾਈ ਗਈ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਦੀ ਸ਼ਿਕਾਇਤ 'ਤੇ ਉਹ ਮੰਡੀ ਵਿੱਚ ਪਹੁੰਚੇ ਸੀ ਪਰ ਬੋਰੀਆਂ ਦੇ ਵਿੱਚ ਕਣਕ ਜਿਆਦਾ ਤੋਲੀ ਪਾਈ ਗਈ ਹੈ। ਇੰਸਪੈਕਟਰ ਨੇ ਕਿਹਾ ਕਿ ਇਸ ਸਬੰਧੀ ਮਾਰਕੀਟ ਕਮੇਟੀ ਦੇ ਮੈਂਬਰਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।