ਲੁਧਿਆਣਾ (ਵਰਿੰਦਰ ਥਿੰਦ) : ਭਾਵੇਂ ਅਜੋਕੇ ਸਮੇਂ ਦੇ ਵਿੱਚ ਮੋਬਾਈਲ ਫੋਨ ਨੇ ਮਿਊਜ਼ਿਕ ਪਲੇਅਰ, ਕੰਪਿਊਟਰ, ਕੈਮਰੇ, ਘੜੀਆਂ, ਇੱਥੋਂ ਤੱਕ ਕਿ ਰਿਸ਼ਤੇਦਾਰੀਆਂ ਤੱਕ ਖ਼ਤਮ ਕਰ ਦਿੱਤੀਆਂ ਹਨ। ਪਰ, ਕੁੱਝ ਦਹਾਕਿਆਂ ਪਹਿਲਾਂ ਇਨ੍ਹਾਂ ਸਾਰੇ ਕੰਮਾਂ ਦੇ ਵੱਖ-ਵੱਖ ਗੈਜਟ ਆਉਂਦੇ ਸਨ। 1890 ਦੇ ਕਰੀਬ ਪਹਿਲੀ ਵਾਰ ਰੇਡੀਓ ਰਿਕਾਰਡ ਹੋਈ ਸੀ। 23 ਦਸੰਬਰ 1900 ਦੇ ਵਿੱਚ ਪਹਿਲੀ ਵਾਰ ਰੇਡੀਓ ਆਡੀਓ ਵੇਵ ਸੁਣਾਈਆਂ ਗਈਆਂ ਸਨ ਅਤੇ 1906 ਦੇ ਵਿੱਚ ਕ੍ਰਿਸਮਸ ਮੌਕੇ ਪਹਿਲਾ ਵਾਇਰਲੈਸ ਬ੍ਰੋਡਕਾਸਟ ਹੋਇਆ ਸੀ। ਇਸ ਨੂੰ ਇਲੈਕਟਰੋਨਿਕ ਮੀਡੀਆ ਦੇ ਯੁੱਗ ਦੀ ਸ਼ੁਰੂਆਤ ਵਜੋਂ ਜਾਣਿਆ ਜਾਂਦਾ ਹੈ।
ਇਸ ਤੋਂ ਬਾਅਦ ਇਕੋ ਰੇਡੀਓ, ਗ੍ਰਾਮੋ ਫੋਨ ਅਤੇ 1926 ਦੇ ਕਰੀਬ ਪਹਿਲੀ ਵਾਰ ਮਕੈਨੀਕਲ ਟੈਲੀਵਿਜ਼ਨ ਸਿਸਟਮ ਇਜਾਤ ਕੀਤਾ ਗਿਆ। ਹਾਲਾਂਕਿ ਇਲੈਕਟ੍ਰੋਨਿਕ ਮੀਡੀਆ ਕ੍ਰਾਂਤੀ ਨੂੰ 100 ਸਾਲ ਤੋਂ ਵਧੇਰੇ ਸਮਾਂ ਨਹੀਂ ਹੋਇਆ ਹੈ ਪਰ ਤਕਨੀਕ ਅਤੇ ਵਿਗਿਆਨ ਦੇ ਸੁਮੇਲ ਨੇ ਅੱਜ ਸਾਨੂੰ ਮੋਬਾਇਲ ਯੁੱਗ ਦੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜੀ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਕਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਰੇਡੀਓ, ਟੈਲੀਵਿਜ਼ਨ ਸੈੱਟ, ਇਕੋ ਰੇਡੀਓ ਆਦਿ ਹੋਇਆ ਕਰਦੇ ਸਨ। ਪਰ, ਇਹ ਸਾਰਾ ਕੁਝ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਸੇਵਾ ਮੁਕਤ ਪ੍ਰੋਫੈਸਰ ਵਰਿੰਦਰ ਸਿੰਘ ਨੇ ਅੱਜ ਵੀ ਸੰਭਾਲਿਆ ਹੋਇਆ ਹੈ।

ਪੁਰਾਣੇ ਗੈਜੇਟਸ ਦੀ ਕਲੈਕਸ਼ਨ ਦਾ ਸ਼ੌਂਕ
ਸਾਲ 2020 ਦੇ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਮੈਕੇਨੀਕਲ ਵਿਭਾਗ ਤੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਵਰਿੰਦਰ ਸਿੰਘ ਨੂੰ ਮਿਊਜ਼ਿਕ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ। ਉਹ ਦੱਸਦੇ ਹਨ ਕਿ ਦੱਸਵੀਂ ਜਮਾਤ ਦੇ ਵਿੱਚ ਉਹ ਰੇਡੀਓ ਸੁਣਿਆ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਗੈਜੇਟਾਂ ਦੀ ਕੁਲੈਕਸ਼ਨ ਕਰਨ ਦਾ ਕੰਮ ਸ਼ੁਰੂ ਕੀਤਾ। ਪਿਛਲੇ 15 ਸਾਲ ਵਿੱਚ ਉਨ੍ਹਾਂ ਨੇ ਦਰਜਨਾਂ ਰੇਡੀਓ, ਟੇਪ ਰਿਕਾਰਡਰ ਘੜੀਆਂ, ਕਲੋਕ, ਕੈਮਰੇ ਆਦਿ ਦੀ ਕਲੈਕਸ਼ਨ ਕੀਤੀ ਹੈ, ਜੋ ਪੁਰਾਣੇ ਸਮਿਆਂ ਵਿੱਚ ਜਾਂ ਫਿਰ 1990 ਦੇ ਦਹਾਕੇ ਦੇ ਨੇੜੇ ਤੇੜੇ ਤੱਕ ਲੋਕ ਵਰਤਦੇ ਰਹੇ ਹਨ। ਉਨ੍ਹਾਂ ਕੋਲ 1948 ਦਾ ਪਹਿਲਾ ਨੈਸ਼ਨਲ ਇਕੋ ਵੀ ਹੈ ਜਿਸ ਦੀ ਉਹ ਵਿਸ਼ੇਸ਼ ਸਾਂਭ ਸੰਭਾਲ ਰੱਖਦੇ ਹਨ।

ਅੱਜ ਭਾਵੇਂ ਸਾਡੇ ਹੱਥਾਂ ਵਿੱਚ ਮੋਬਾਈਲ ਹੈ, ਜੋ ਸਾਰੇ ਕੰਮ ਕਰਦਾ ਹੈ, ਪਰ ਪਹਿਲਾਂ ਹਰ ਕੰਮ ਲਈ ਵੱਖਰਾ ਗੈਜਟ ਹੁੰਦਾ ਸੀ ਜਿਸ ਦੀ ਆਪਣੀ ਮਹੱਤਤਾ ਸੀ। ਮੇਰੇ ਕੋਲ ਵਾਕਮੈਨ ਪਏ ਹਨ, ਸਾਲ 2000 ਵਿੱਚ ਜੋ ਕ੍ਰੇਜ਼ ਸੀਡੀ ਵਾਲਾ ਆਇਆ, ਉਹ ਵੀ ਸਭ ਉਨ੍ਹਾਂ ਕੋਲ ਹੈ। ਪੁਰਾਣੇ ਤੋਂ ਪੁਰਾਣਾ ਟੇਪ ਰਿਕਾਰਡ, ਵਿਦੇਸ਼ੀ ਟੇਪ ਰਿਕਾਰਡਰ, ਪੁਰਾਣੇ ਟੀਵੀ ਸਾਂਭੇ ਹੋਏ ਹਨ। 60-70 ਸਾਲ ਪੁਰਾਣੇ ਗੈਜੇਟਸ ਵੀ ਉਨ੍ਹਾਂ ਕੋਲ ਸੰਭਾਲੇ ਹੋਏ ਹਨ।
- ਪ੍ਰੋ. ਵਰਿੰਦਰ ਸਿੰਘ, ਸੇਵਾਮੁਕਤ , ਜੀਐਨਈ ਕਾਲਜ
100 ਸਾਲ ਪੁਰਾਣੀਆਂ ਚੀਜ਼ਾਂ ਵੀ ਮੌਜੂਦ
ਇਸ ਤੋਂ ਇਲਾਵਾ ਅੰਗਰੇਜ਼ਾਂ ਦੇ ਸਮੇਂ ਦੇ ਚਾਂਦੀ ਦੇ ਸਿੱਕੇ ਇਕੱਠੇ ਕਰਨ ਵਾਲੀ ਥੈਲੀ ਜੋ ਕਿ ਲਗਭਗ 100 ਸਾਲ ਪੁਰਾਣੀ ਹੈ। ਇਸ ਤੋਂ ਇਲਾਵਾ, ਪੁਰਾਣੀ ਤਲਵਾਰ 1923 ਦੇ ਕਰੀਬ ਦੀ, 50 ਦੇ ਕਰੀਬ ਵੱਖ-ਵੱਖ ਰੇਡੀਓ, 20 ਤੋਂ ਵੱਧ 2 ਇਨ 1 ਰੇਡੀਓ ਅਤੇ ਟੇਪ ਰਿਕਾਰਡਰ, 20 ਤੋਂ ਵਧੇਰੇ ਥਰੀ ਇਨ ਵਨ ਸੀਡੀ ਕੈਸਟ ਰੇਡੀਓ ਪਲੇਅਰ। 500 ਤੋਂ ਵਧੇਰੇ ਆਈਪੀ ਰਿਕਾਰਡ, 100 ਤੋਂ ਵਧੇਰੇ ਮਿੰਨੀ ਰਿਕਾਰਡ, 50 ਦੇ ਕਰੀਬ ਸਟੋਨ ਰਿਕਾਰਡ, 500 ਦੇ ਕਰੀਬ ਕੈਸਟ, 1952 ਦਾ ਕੈਮਰਾ, ਜਿਨ੍ਹਾਂ ਵਿੱਚ ਜ਼ਿਆਦਾਤਰ ਪ੍ਰੋਡਕਟ ਵਿਦੇਸ਼ ਤੋਂ ਆਏ ਹੋਏ ਹਨ। ਉਨ੍ਹਾਂ ਕੋਲ ਅੱਜ ਵੀ ਸਾਂਭੇ ਹੋਏ ਹਨ।

ਅੱਜ ਵੀ ਸਾਰੇ ਗੈਜੇਟ ਕਰ ਰਹੇ ਕੰਮ
ਮਕੈਨੀਕਲ ਇੰਜੀਨੀਅਰ ਹੋਣ ਦੇ ਕਾਰਨ ਪ੍ਰੋਫੈਸਰ ਵਰਿੰਦਰ ਸਿੰਘ ਨੂੰ ਪਤਾ ਹੈ ਕਿ ਪੁਰਾਣੇ ਗੈਜਟ ਦਾ ਖਿਆਲ ਰੱਖਣਾ ਹੈ। ਉਹ ਇਨ੍ਹਾਂ ਦੇ ਵਿਸ਼ੇਸ਼ ਧਿਆਨ ਰੱਖਦੇ ਹਨ। ਉਨ੍ਹਾਂ ਕੋਲ ਜਿੰਨੇ ਵੀ ਗੈਜਟ ਹਨ, ਸਭ ਤੋਂ ਵੱਡੀ ਗੱਲ ਇਹ ਹੈ ਕਿ 70 ਸਾਲ ਪੁਰਾਣਾ ਗੈਜਟ ਅੱਜ ਵੀ ਸਹੀ ਤਰ੍ਹਾਂ ਕੰਮ ਕਰਦਾ ਹੈ। ਪੁਰਾਣੇ ਰਿਕਾਰਡਰ ਸਹੀ ਕੰਮ ਕਰਦੇ ਹਨ, ਭਾਵੇਂ ਕੋਈ ਪੁਰਾਣਾ ਰੇਡੀਓ ਵੀ ਹੈ, ਉਹ ਵੀ ਸਟੇਸ਼ਨ ਫੜਦਾ ਹੈ ਅਤੇ ਉਸ ਦੇ ਗਾਣੇ ਵੀ ਚੱਲਦੇ ਹਨ। ਉਨ੍ਹਾਂ ਦਾ ਹਰ ਗੈਜੇਟ ਅੱਜ ਵੀ ਉਸੇ ਤਰ੍ਹਾਂ ਕੰਮ ਕਰਦਾ ਹੈ, ਜੋ ਉਸ ਸਮੇਂ ਕੰਮ ਕਰਦਾ ਸੀ, ਜਦੋਂ ਉਹ ਨਵਾਂ ਨਕੌਰ ਮਾਰਕੀਟ ਦੇ ਵਿੱਚ ਆਇਆ ਸੀ।
ਇਸ ਦਾ ਸਮਾਨ ਕਈ ਵਾਰ ਨਹੀਂ ਵੀ ਮਿਲਦਾ ਤੇ ਕਈ ਵਾਰ ਉਹ ਬਾਹਰ ਤੋਂ ਮੰਗਵਾਉਂਦੇ ਹਨ। ਕਈ ਵਾਰ ਖੁਦ ਹੀ ਜੁਗਾੜ ਕਰਕੇ ਉਸ ਨੂੰ ਰਿਪਲੇਸ ਕਰਕੇ ਉਸ ਦੀ ਥਾਂ ਉੱਤੇ ਕੁਝ ਹੋਰ ਸਮਾਨ ਲਾਉਂਦੇ ਹਨ, ਤਾਂ ਜੋ ਉਹ ਸਹੀ ਕੰਮ ਕਰ ਸਕੇ। ਹਾਲਾਂਕਿ ਉਨ੍ਹਾਂ ਦਾ ਇਹ ਸ਼ੌਂਕ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਹ ਅੱਜ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਹਨ। ਜਦੋਂ ਮਨੋਰੰਜਨ ਦੇ ਸਾਧਨ ਸੀਮਤ ਹੁੰਦੇ ਸਨ, ਪਰ ਖੁਸ਼ੀ ਜਿਆਦਾ ਹੁੰਦੀ ਸੀ, ਅੱਜ ਮਨੋਰੰਜਨ ਦੇ ਸਾਧਨ ਜ਼ਿਆਦਾ ਹੋ ਗਏ ਹਨ, ਪਰ ਖੁਸ਼ੀ ਘੱਟਦੀ ਜਾ ਰਹੀ ਹੈ। ਅੱਜ ਵੀ ਪਿੰਡਾਂ ਵਿੱਚ ਲੋਕ ਅਜਿਹੇ ਪੁਰਾਣੇ ਟੇਪ ਰਿਕਾਰਡਰ ਵਿਆਹ ਸ਼ਾਦੀਆਂ ਮੌਕਿਆਂ ਲੱਭਦੇ ਹਨ ਅਤੇ ਉਸ ਦੀ ਵਰਤੋਂ ਕਰਦੇ ਹਨ।
- ਪ੍ਰੋ. ਵਰਿੰਦਰ ਸਿੰਘ, ਸੇਵਾਮੁਕਤ , ਜੀਐਨਈ ਕਾਲਜ

ਬਦਲਦੇ ਯੁੱਗ ਨੇ ਕਰਵਾਈ ਕੁਲਕੈਸ਼ਨ
ਪ੍ਰੋਫੈਸਰ ਵਰਿੰਦਰ ਲੁਧਿਆਣਾ ਦੇ ਪਿੰਡ ਚੌਕੀ ਮਾਨ ਦੇ ਰਹਿਣ ਵਾਲੇ ਹਨ, ਹਾਲਾਂਕਿ ਹੁਣ ਉਹ ਆਪਣੇ ਪਰਿਵਾਰ ਨਾਲ ਲੁਧਿਆਣਾ ਸ਼ਹਿਰ ਵਿੱਚ ਹੀ ਰਹਿ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਵੀ ਬਹੁਤ ਸਾਰਾ ਪੁਰਾਣਾ ਸਮਾਨ ਸਾਂਭਿਆ ਹੋਇਆ ਹੈ। ਉਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ, ਉਨ੍ਹਾਂ ਨੇ ਮਕੈਨੀਕਲ ਦੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਕਾਲਜ ਵਿੱਚ ਬਤੌਰ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਜਿਵੇਂ ਜਿਵੇਂ ਟੈਕਨੋਲੋਜੀ ਤੇ ਇਲੈਕਟ੍ਰਾਨਿਕ ਗੈਜਟ ਦਾ ਬਦਲਦਾ ਯੁੱਗ ਵੇਖਿਆ, ਉਸ ਤਰ੍ਹਾਂ ਹੀ ਉਨ੍ਹਾਂ ਨੇ ਉਹ ਸਾਰਾ ਸਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ।

ਕੁਲਦੀਪ ਮਾਣਕ ਦੇ ਰਹੇ ਕਰੀਬੀ
ਪ੍ਰੋ. ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ੌਂਕ ਉਨ੍ਹਾਂ ਨੂੰ ਉਦੋਂ ਲੱਗਿਆ ਜਦੋਂ ਉਨ੍ਹਾਂ ਨੇ ਆਪਣਾ ਪੁਰਾਣਾ ਸਮਾਨ ਵੇਖਿਆ ਅਤੇ ਫਿਰ ਉਨ੍ਹਾਂ ਦੇ ਕੁਝ ਯਾਰਾਂ-ਦੋਸਤਾਂ ਨੇ ਉਨ੍ਹਾਂ ਨੂੰ ਆਪਣਾ ਪੁਰਾਣਾ ਸਮਾਨ ਦਿੱਤਾ ਅਤੇ ਕੁਝ ਉਨ੍ਹਾਂ ਨੇ ਵਿਦੇਸ਼ ਤੋਂ ਮੰਗਵਾਇਆ। ਜਿਸ ਦੀ ਉਹ ਵਿਸ਼ੇਸ਼ ਸਾਂਭ ਸੰਭਾਲ ਰੱਖਦੇ ਹਨ। ਉਹ ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਬੇਹਦ ਕਰੀਬੀ ਵੀ ਰਹੇ ਹਨ। ਉਨ੍ਹਾਂ ਦੇ ਘਰ ਖੁਦ ਕੁਲਦੀਪ ਮਾਣਕ ਆਏ ਵੀ ਸਨ।