ਚੰਡੀਗੜ੍ਹ: ਬੀਤੇ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਵੱਲੋਂ ਰਮਨ ਅਰੋੜਾ ਦੇ ਘਰ ਰੇਡ ਕੀਤੀ ਗਈ ਅਤੇ ਘੱਟੋ-ਘੱਟ 6 ਘੰਟਿਆਂ ਦੀ ਜਾਂਚ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਵੱਲੋਂ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸ ਦਈਏ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਪੇਸ਼ੀ ਅੱਜ ਮੋਹਾਲੀ ਵਿੱਚ ਹੋਵੇਗੀ ਜਾਂ ਜਲੰਧਰ ਵਿਖੇ ਇਹ ਸਪੱਸ਼ਟ ਨਹੀਂ ਹੈ।
ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸਰਕਾਰ ਨੇ ਰਮਨ ਅਰੋੜਾ ਦੀ 14 ਸੁਰੱਖਿਆ ਮੁਲਾਜ਼ਮ ਵਾਲੀ ਸਿਕਿਓਰਿਟੀ ਅਤੇ ਸਰਕਾਰੀ ਗੱਡੀ ਵਾਪਸ ਲੈ ਲਈ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ। ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਉੱਤੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ, 'ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਆਈ ਸੀ ਅਤੇ ਉਸ ਨੀਤੀ ਉੱਤੇ ਚੱਲਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੇ ਆਪਣੇ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਸਬੂਤਾਂ ਨਾਲ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੈ। ਸਭ ਨੂੰ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਛੋਟੇ ਮੁਲਾਜ਼ਮਾਂ ਜਾਂ ਅਫਸਰਾਂ ਉੱਤੇ ਦਬਾਅ ਪਾਕੇ ਜੇਕਰ ਕੋਈ ਗਰੀਬਾਂ ਦੇ ਹੱਕ ਦੀ ਕਮਾਈ ਲੁੱਟ ਕੇ ਭ੍ਰਿਸ਼ਟਾਚਾਰ ਕਰੇਗਾ ਉਹ ਕਿਸੇ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ।'
ਭ੍ਰਿਸ਼ਟਾਚਾਰ ਦੇ ਨਾਲ ਡਿਜੀਟਲ ਘੁਟਾਲਿਆਂ ਦਾ ਵੀ ਇਲਜ਼ਾਮ
ਦੱਸ ਦਈਏ ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਵਿਧਾਇਕ ਵਿਰੁੱਧ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਰਮਨ ਅਰੋੜਾ ਪਹਿਲਾਂ ਨਗਰ ਨਿਗਮ ਦੇ ਅਫ਼ਸਰਾਂ ਦੇ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭਿਜਵਾਉਂਦਾ ਸੀ, ਉਪਰੰਤ ਉਹ ਲੋਕਾਂ ਤੋਂ ਪੈਸੇ ਲੈ ਕੇ ਨੋਟਿਸਾਂ ਨੂੰ ਰੱਦ ਕਰਵਾਉਂਦਾ ਸੀ। ਅਰੋੜਾ 'ਤੇ ਨਗਰ ਨਿਗਮ ਦੇ ਨੋਟਿਸ ਭੇਜ ਕੇ ਆਮ ਲੋਕਾਂ ਤੋਂ ਪੈਸੇ ਵਸੂਲਣ ਦੇ ਨਾਲ-ਨਾਲ ਡਿਜੀਟਲ ਘੁਟਾਲਿਆਂ ਦਾ ਵੀ ਇਲਜ਼ਾਮ ਹੈ।
ਇਨ੍ਹਾਂ 'ਆਪ' ਲੀਡਰਾਂ ਖ਼ਿਲਾਫ਼ ਵੀ ਸਰਕਾਰ ਕਰ ਚੁੱਕੀ ਹੈ ਕਾਰਵਾਈ -
ਡਾਕਟਰ ਵਿਜੇ ਸਿੰਗਲਾ
ਪਹਿਲਾਂ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਵੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਡੈਂਟਲ ਸਰਜਨ ਤੋਂ ਸਿਆਸਤ ਵਿੱਚ ਆਏ ਸਨ। ਸਿੰਗਲਾ 'ਤੇ ਕੰਮ ਬਦਲੇ ਇੱਕ ਫੀਸਦੀ ਕਮਿਸ਼ਨ ਲੈਣ ਦੇ ਇਲਜ਼ਾਮ ਲੱਗੇ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਅਤੇ ਐਂਟੀ ਕਰੱਪਸ਼ਨ ਬ੍ਰਾਂਚ ਟੀਮ ਦੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਸਿੰਗਲਾ ਨੇ ਮਾਨਸਾ ਸੀਟ ਤੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 63000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹੁਣ ਡਾਕਟਰ ਵਿਜੇ ਸਿੰਗਲਾ ਜ਼ਮਾਨਤ 'ਤੇ ਬਾਹਰ ਹਨ।
ਜਸਵੰਤ ਸਿੰਘ ਗੱਜਣ ਮਾਜਰਾ
ਆਮ ਆਦਮੀ ਪਾਰਟੀ ਦੇ ਹੀ ਜਸਵੰਤ ਸਿੰਘ ਗੱਜਣ ਮਾਜਰਾ 'ਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਈਡੀ ਵੱਲੋਂ ਕਾਰਵਾਈ ਕੀਤੀ ਗਈ ਸੀ ਹਾਲਾਂਕਿ 11 ਮਹੀਨੇ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਤੋਂ ਗੱਜਣ ਮਾਜਰਾ ਨੂੰ ਜ਼ਮਾਨਤ ਮਿਲ ਗਈ। ਗੱਜਣ ਮਾਜਰਾ 'ਤੇ ਕਰੀਬ 41 ਕਰੋੜ ਰੁਪਏ ਦੇ ਬੈਂਕ ਤੋਂ ਧੋਖਾਪੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਈਡੀ ਵੱਲੋਂ ਛੇ ਦਸੰਬਰ 2023 ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੂੰ ਗੱਜਣ ਮਾਜਰਾ ਦੇ ਕੁਝ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਕੁੱਝ ਨਕਦੀ ਵੀ ਬਰਾਮਦ ਹੋਈ ਸੀ।
ਵਿਧਾਇਕ ਨਰੇਸ਼ ਯਾਦਵ
ਇਸ ਤੋਂ ਇਲਾਵਾ, ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ 'ਤੇ ਵੀ ਮੁੱਖ ਮੰਤਰੀ ਵੱਲੋਂ ਕਾਰਵਾਈ ਕੀਤੀ ਗਈ। ਇਹ ਮਾਮਲਾ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦਾ ਹੈ। ਇਸ ਮਾਮਲੇ 'ਚ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਇਹ ਮਾਮਲਾ ਅੱਠ ਮਹੀਨੇ ਪਹਿਲਾਂ ਦਾ ਹੈ।