ਅੰਮ੍ਰਿਤਸਰ : ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਤਿਮੋਵਾਲ ਵਿਖੇ ਤਿੰਨ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਨਾਲ ਬਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚਸ਼ਮਦੀਦ ਨੇ ਦੱਸਿਆ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਪਿੰਡ ਦੇ ਅੱਡੇ ਵਿੱਚ ਖੜੇ ਸਰਪੰਚਣੀ ਦੇ ਪਤੀ ਸੁਖਦੇਵ ਸਿੰਘ ਉੱਪਰ ਆਉਂਦੇ ਸਾਰ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਸੁਖਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਕਤ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਬਾਬਾ ਬਕਾਲਾ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਅਤੇ ਵਾਰਦਾਤ ਵਾਲੀ ਜਗ੍ਹਾ ਤੋਂ ਗੋਲੀਆਂ ਦੇ ਕੁਝ ਖੋਲ ਇਕੱਤਰ ਕੀਤੇ ਹਨ। ਗੱਲਬਾਤ ਦੌਰਾਨ ਡੀਐਸਪੀ ਅਰੁਣ ਸ਼ਰਮਾ ਨੇ ਦੱਸਿਆ ਕਿ "ਫਿਲਹਾਲ ਇਸ ਗੱਲ ਦਾ ਨਹੀਂ ਪਤਾ ਕਿ ਸੁਖਦੇਵ ਸਿੰਘ ਦੇ ਕਿੰਨੀਆਂ ਗੋਲੀਆਂ ਲੱਗੀਆਂ ਹਨ। ਅਸੀਂ ਸੁਖਦੇਵ ਸਿੰਘ ਕੋਲ ਹਸਪਤਾਲ ਜਾ ਰਹੇ ਹਾਂ, ਉੱਥੇ ਜਾ ਕੇ ਪਤਾ ਲੱਗ ਸਕੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ, ਜਿਸ ਤੋਂ ਬਾਅਦ ਬਣਦੀ ਕਰਵਾਈ ਕੀਤੀ ਜਾਵੇਗੀ।"
ਇਸ ਮੌਕੇ ਜ਼ਖਮੀ ਹੋਏ ਸੁਖਦੇਵ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ "ਸੁਖਦੇਵ ਸਿੰਘ ਸਾਡੇ ਕੋਲ ਆ ਰਿਹਾ ਸੀ। ਜਿਸ ਦੌਰਾਨ ਉਨ੍ਹਾਂ ਉੱਪਰ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਦੇ ਨਾਲ ਸੁਖਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਸ ਤੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।