ਅੰਮ੍ਰਿਤਸਰ: ਇਕ ਪਾਸੇ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਚੌਥਾ ਬਜਟ ਪੇਸ਼ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਪੰਜਾਬ ਦੇ ਮੈਂਬਰਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਆਪਣਾ ਗੁੱਸਾ ਜ਼ਾਹਿਰ ਕਰਨ ਲਈ ਅਧਿਆਪਕ ਫਰੈਂਡ ਕਲੋਨੀ ਮਜੀਠਾ ਰੋਡ ’ਤੇ ਸਥਿਤ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਅਧਿਆਪਕਾਂ ਦੇ ਟੈਂਕੀ ’ਤੇ ਚੜ੍ਹਨ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਜਾਣਕਾਰੀ ਦਿੰਦਿਆਂ ਅਧਿਆਪਕ ਮਨਦੀਪ ਸਿੰਘ ਨੇ ਕਿਹਾ ਕਿ ਅੱਜ ਅਸੀਂ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕਰ ਰਹੇ ਹਾਂ। ਸਰਕਾਰ ਨੇ ਕੁਝ ਚੰਗੇ ਕੰਮ ਵੀ ਕੀਤੇ ਹਨ ਜਿਵੇਂ ਕਿ ਪੰਜਾਬ ਪੁਲਿਸ ਵਿੱਚ ਹਾਲ ਹੀ ਵਿੱਚ ਹੋਈ ਭਰਤੀ। ਇਸੇ ਤਰ੍ਹਾਂ, ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ 2000 ਪੀਟੀਆਈ ਲਈ ਜੋ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ ਉਸ ਵਿਚ ਵੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ।
'ਪੀਟੀਆਈ ਦੀਆਂ 2000 ਪੋਸਟਾਂ ਕੱਢੀਆਂ ਹਨ ਸਾਨੂੰ ਵੀ ਉਸਦੇ ਲਾਇਕ ਸਮਝਣ'
ਇਸੇ ਦੌਰਾਨ ਗੱਲਬਾਤ ਕਰਦਿਆਂ ਅਧਿਆਪਕਾ ਸ਼ਿਪਲਾ ਨੇ ਕਿਹਾ ਕਿ ਸਾਰੇ ਅਧਿਆਪਕ ਪਿਛਲੇ 2 ਸਾਲਾਂ ਤੋਂ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪੋਸਟਾਂ ਲਟਕਦੀਆਂ ਹੀ ਆ ਰਹੀਆਂ ਨੇ। ਹੁਣ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਵਿੱਚ ਸੋਧ ਕੀਤੀ ਗਈ ਹੈ। ਨਵਾਂ ਗਜ਼ਟ 07 ਮਾਰਚ 2025 ਨੂੰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਿਰਫ਼ ਸੀਪੀਈਡੀ/ਡੀਪੀਈਡੀ ਨੂੰ ਹੀ ਰੱਖਿਆ ਗਿਆ ਹੈ ਅਤੇ ਬਾਕੀ ਰਹਿੰਦੇ ਸਾਰੇ ਅਧਿਆਪਨ ਕੋਰਸਾਂ ਨੂੰ ਭਰਤੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ। ਸਾਡੀਆਂ ਮੰਗਾਂ ਨੇ ਜੋ ਪੀਟੀਆਈ ਦੀਆਂ 2000 ਪੋਸਟਾਂ ਕੱਢੀਆਂ ਹਨ ਸਾਨੂੰ ਵੀ ਉਨ੍ਹਾਂ ਲਾਇਕ ਸਮਝਣ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਦੁਆਰਾ ਪੀਟੀਆਈ 244 ਭਰਤੀ ਨਾਲ ਸਬੰਧਿਤ ਮਨਜੀਤ ਸਿੰਘ ਬਨਾਮ ਪੰਜਾਬ ਰਾਜ ਸੀਡਬਲਯੂਪੀ ਕੇਸ ਨੰਬਰ 451/2008 ਵਿੱਚ ਦਿੱਤੇ ਗਏ ਫ਼ੈਸਲੇ ਅਨੁਸਾਰ, ਪੀਟੀਆਈ ਭਰਤੀ ਲਈ ਸਬੰਧਿਤ ਵਿਸ਼ੇ ਵਿੱਚ ਸਾਰੇ ਉੱਚ ਯੋਗਤਾ ਵਾਲੇ ਸਰੀਰਕ ਸਿੱਖਿਆ ਅਧਿਆਪਨ ਕੋਰਸ ਸ਼ਾਮਿਲ ਕੀਤੇ ਗਏ ਹਨ। ਇਸ ਲਈ 2000 ਪੀਟੀਆਈ ਭਰਤੀ ’ਤੇ ਇਹ ਫ਼ੈਸਲਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 20 ਸਾਲਾਂ ਤੋਂ ਪੀਟੀਆਈ ਅਧਿਆਪਕਾਂ ਦੀ ਕੋਈ ਭਰਤੀ ਨਹੀਂ ਹੋਈ ਹੈ।