ਲੁਧਿਆਣਾ: ਇੱਕ ਪਾਸੇ ਤਾਂ ਸੱਤਾ 'ਚ ਬੈਠੀ ਆਮ ਆਦਮੀ ਪਾਰਟੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ-ਵੱਡੇ ਦਾਅਦੇ ਕਰ ਰਹੀ ਹੈ, ਉੱਥੇ ਹੀ ਸ਼ੋਸ਼ਲ ਮੀਡੀਏ 'ਤੇ ਵਾਇਰਲ ਹੋ ਰਹੀ ਖੂਨੀ ਲੜਾਈ ਦੀ ਵੀਡੀਓ 'ਆਪ' ਪਾਰਟੀ ਦੀ ਕਾਨੂੰਨ ਵਿਵਸਥਾ ਦੀਆਂ ਥੱਜੀਆਂ ਉਡਾ ਰਹੀ ਹੈ। ਮਾਮਲਾ ਲੁਧਿਆਣਾ ਜਿਲ੍ਹੇ ਦੇ ਜਗਰਾਓਂ ਇਲਾਕੇ ਦੇ ਰਾਏਕੋਟ ਦਾ ਹੈ, ਜਿੱਥੇ ਸੜਕ ਵਿਚਕਾਰ ਸ਼ਰੇਆਮ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਝਗੜਾ ਐਨਾ ਭਿਆਨਕ ਹੋ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਅਤੇ ਤਲਵਾਰਬਾਜ਼ੀ ਹੋਈ। ਦੋਵਾਂ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਦੂਜੇ 'ਤੇ ਜਾਨਲੇਵਾ ਹਮਲੇ ਕੀਤੇ, ਜਿਸ ਵਿੱਚ ਕਈ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਇਹ ਖੂਨੀ ਲੜਾਈ ਨੂਰਾ ਮਾਹੀ ਬੱਸ ਸਟੈਂਡ ਨੇੜੇ ਖੇਡੀ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸੜਕ 'ਤੇ ਤਲਵਾਰਾਂ, ਇੱਟਾਂ-ਪੱਥਰ ਅਤੇ ਪੱਥਰਬਾਜ਼ੀ ਹੋਈ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਏ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ
ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਅਨੁਸਾਰ ਰਾਏਕੋਟ ਨੂਰਾ ਮਾਹੀ ਬੱਸ ਸਟੈਂਡ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਦੇ ਨੌਜਵਾਨ ਹੱਥਾਂ ਵਿੱਚ ਹਥਿਆਰ ਲੈ ਕੇ ਆਹਮੋ-ਸਾਹਮਣੇ ਹੋ ਗਏ। ਜਿਸ ਤੋਂ ਬਾਅਦ ਨੌਜਵਾਨਾਂ ਦੀ ਲੜਾਈ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਕ-ਦੂਜੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਥੇ ਖੜ੍ਹੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਕਿਉਂਕਿ ਤਲਵਾਰਾਂ ਦੇ ਨਾਲ-ਨਾਲ ਇੱਟਾਂ-ਪੱਥਰ ਵੀ ਬੜੇ ਜ਼ੋਰ ਨਾਲ ਵਰਤੇ ਜਾ ਰਹੇ ਸਨ।
ਕਈ ਨੌਜਵਾਨ ਪੁਲਿਸ ਨੇ ਹਿਰਾਸਤ ਵਿੱਚ ਲਏ
ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਨੇ ਕਈ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ ਵਿੱਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।