ਅੰਮ੍ਰਿਤਸਰ: ਐਸਟੀਐਫ ਪੁਲਿਸ ਵੱਲੋਂ ਥਾਣਾ ਸੁਲਤਾਨਵਿੰਡ ਇਲਾਕੇ ਵਿੱਚ ਤਾਰਾਂ ਵਾਲੇ ਪੁਲ 'ਤੇ ਗੁਪਤ ਸੂਚਨਾ ਦੇ ਅਧਾਰ ਐਨਕਾਊਂਟਰ ਕੀਤਾ ਗਿਆ। ਜਿਸ 'ਚ ਦੋ ਨਬਾਲਿਗ ਨੌਜਵਾਨ ਨਸ਼ੇ ਦੀ ਖੇਪ ਅਤੇ ਹਥਿਆਰ ਨਾਲ ਬਰਾਮਦ ਕੀਤੇ ਹਨ। ਇਸ ਐਨਕਾਊਂਟਰ ਦੌਰਾਨ ਇੱਕ ਨਬਾਲਿਗ ਨੌਜਵਾਨ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਸਟੀਐਫ ਨੇ ਇੰਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਦੇ ਨਾਲ ਪਿਸਟਲ ਬਰਾਮਦ ਕੀਤਾ ਹੈ।
ਗੁਪਤ ਸੂਚਨਾ ਦੇ ਅਧਾਰ 'ਤੇ ਕੀਤਾ ਐਕਸ਼ਨ
ਇਸ ਸੰਬਧੀ ਮੌਕੇ 'ਤੇ ਮੌਜੂਦ ਐਸਟੀਐਫ ਅਧਿਕਾਰੀ ਅਮਨਦੀਪ ਸਿੰਘ ਵੱਲੋਂ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਤਾਰਾਂ ਵਾਲੇ ਪੁਲ ਤੋਂ ਸੁਲਤਾਨਵਿੰਡ ਦੇ ਏਰੀਏ ਵਿਚ ਹੈਰੋਇਨ ਅਤੇ ਹਥਿਆਰ ਦੀ ਖੇਪ ਦੇਣ ਪਹੁੰਚ ਰਹੇ ਹਨ। ਜਿਸ ਦੇ ਚੱਲਦੇ ਪੁਲਿਸ ਐਕਟਿਵ ਹੋ ਗਈ ਤੇ ਇਸ ਕਾਰਵਾਈ ਨੂੰ ਅਸਫ਼ਲ ਕਰਨ 'ਚ ਜੁਟ ਗਈ।
ਮੁਲਜ਼ਮਾਂ ਕੋਲੋਂ ਹੈਰੋਇਨ ਤੇ ਪਿਸਟਲ ਬਰਾਮਦ
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸ਼ੱਕੀ ਹਲਾਤ ਵਿੱਚ ਜਾ ਰਹੇ ਦੋ ਨੌਜਵਾਨਾਂ ਨੂੰ ਜਦੋਂ ਪੁੱਛਗਿਛ ਲਈ ਰੋਕਿਆ ਤਾਂ ਉਨ੍ਹਾਂ 'ਚੋਂ ਇੱਕ ਨੌਜਵਾਨ ਵੱਲੋਂ ਪੁਲਿਸ 'ਤੇ ਗੋਲੀ ਚਲਾਈ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਉਹ ਨੌਜਵਾਨ ਜ਼ਖ਼ਮੀ ਹੋਇਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਕੋਲੋਂ ਤਕਰੀਬਨ 500 ਗ੍ਰਾਮ ਹੈਰੋਇਨ ਅਤੇ ਪਿਸਟਲ ਬਰਾਮਦ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।