ਅੰਮ੍ਰਿਤਸਰ: ਤਿੰਨ ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ 11 ਜੂਨ ਨੂੰ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਹੋਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਰਮਾ ਮੀਟਿੰਗ ਕੀਤੀ, ਜਿਸ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਨੇ ਇਹ ਫੈਸਲਾ ਲਿਆ ਹੈ। ਮੀਟਿੰਗ ਤੋਂ ਬਾਅਦ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਮਸਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ। ਜਿਸ ਦੇ ਚੱਲਦੇ ਅਸੀਂ ਇਸਦੀ ਤਰੀਕ ਅੱਗੇ ਪਾ ਦਿੱਤੀ ਹੈ।
11 ਜੂਨ ਨੂੰ ਪਿੰਡ ਬਾਦਲ ਵਿਖੇ ਲੱਗਣ ਵਾਲਾ ਧਰਨਾ ਕੀਤਾ ਮੁਲਤਵੀ
ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ "ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਨਾਲ ਮਹਾਨ ਸ਼ਖਸ਼ੀਅਤਾਂ ਆਈਆਂ ਹਨ ਅਤੇ ਸਾਡੀ ਲੰਮੀ ਵਿਚਾਰ ਹੋਈ ਹੈ। ਪਿਛਲੇ ਦਿਨੀਂ ਜੋ ਤਿੰਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦਾ ਮਸਲਾ ਪੰਥ ਦੇ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ। ਕਿਉਂਕਿ ਸੰਤ ਸਮਾਜ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੱਖ ਸੰਗਤ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ, ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਹੈ ਉਸਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੇ ਮਸਲਿਆਂ ਨੂੰ ਬਿਨ੍ਹਾਂ ਦੇਰੀ ਤੋਂ ਸਾਰਿਆਂ ਦੀ ਰਾਇ ਲੈ ਕੇ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ, ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਅਤੇ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਘਰ ਅੱਗੇ ਧਰਨਾ ਦੇਣਾ ਸੀ।
ਸਾਨੂੰ ਪ੍ਰਧਾਨ ਸਾਬ੍ਹ ਨੇ ਭਰੋਸਾ ਦਵਾਇਆ ਹੈ ਕਿ ਸਿੰਘ ਸਾਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਵਿਧਾ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ, ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀ ਸਿੱਖ ਸੰਗਤ ਨੂੰ, ਸੰਤਾਂ ਮਹਾਂਪੁਰਖਾਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰਦੇ ਹਾਂ।- ਹਰਨਾਮ ਸਿੰਘ ਖਾਲਸਾ, ਟਕਸਾਲ ਮੁਖੀ
‘ਸਾਡੀ ਅਪੀਲ ਕੀਤੀ ਪ੍ਰਵਾਨ’
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ "ਅਸੀਂ ਸਾਰਿਆਂ ਨੇ ਬੈਠ ਕੇ ਬਾਬਾ ਜੀ ਕੋਲ ਆ ਕੇ ਵਿਚਾਰ ਕੀਤੀ ਸੀ ਅਤੇ ਉਹ ਵਿਚਾਰ ਦਾ ਕੌਮ ਦੇ ਵਿੱਚ ਸੁਨੇਹਾ ਵੀ ਚੰਗਾ ਬਹੁਤ ਚੰਗਾ ਗਿਆ। 6 ਜੂਨ ਦਾ ਦਿਹਾੜਾ ਬਹੁਤ ਚੰਗੇ ਢੰਗ ਨਾਲ ਮਨਾਇਆ ਗਿਆ। ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਦੀ ਵੀ ਸੰਤੁਸ਼ਟੀ ਹੋਈ ਕਿ ਸਿੱਖ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਤਰ ਵੀ ਹੋ ਜਾਂਦੇ ਹਨ। ਸਿੱਖ ਕੌਮ, ਦਮਦਮੀ ਟਕਸਾਲ ਅਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਜੋ ਉਨ੍ਹਾਂ ਨੇ ਸਾਡੀ ਗੱਲ ਸੁਣੀ। ਅੱਜ ਬਾਬਾ ਜੀ ਕੋਲ ਤਾਂ ਪਹੁੰਚੇ ਸੀ ਕਿ 11 ਜੂਨ ਨੂੰ ਇਨ੍ਹਾਂ ਨੇ ਰੋਸ ਧਰਨੇ ਦਾ ਜੋ ਪ੍ਰੋਗਰਾਮ ਰੱਖਿਆ ਹੈ ਉਸ ਨੂੰ ਮੁਲਤਵੀ ਕਰ ਦੇਣ ਅਤੇ ਜੋ ਮਤਭੇਦ ਹਨ ਉਹ ਦੂਰ ਕਰ ਲਏ ਜਾਣ।