ਬਠਿੰਡਾ: 13 ਅਪ੍ਰੈਲ ਨੂੰ ਜਿੱਥੇ ਦੁਨੀਆਂ ਭਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਦਿਨ ਕਿਸਾਨ ਕਣਕ ਦੀ ਵਾਢੀ ਦੀ ਸ਼ੁਰੂਆਤ ਕਰਦੇ ਹਨ। ਉੱਥੇ ਹੀ ਫ਼ਸਲ ਨੂੰ ਪਹਿਲੀ ਦਾਤੀ ਲਗਾਉਣ ਤੋਂ ਪਹਿਲਾਂ ਦਾਤੀ ਅਤੇ ਰੱਬ ਅੱਗੇ ਕਿਸਾਨ ਅਰਦਾਸ ਕਰਦੇ ਨੇ ਰੱਬ ਕਿਸਾਨਾਂ ਅਤੇ ਫ਼ਸਲ 'ਤੇ ਖੈਰ ਕਰੇ।
ਹਰ ਇੱਕ ਕੋਠੀ ਜਾਣ ਦਾਣੇ
ਕਿਸਾਨਾਂ ਦਾ ਕਹਿਣਾ ਕਿ ਅਕਸਰ ਹੀ ਕਿਹਾ ਜਾਂਦਾ "ਇੱਕ ਕਿਸਾਨ ਹੀ ਹੈ ਜੋ ਇਹ ਦੁਆ ਕਰਦਾ ਕਿ ਪ੍ਰਮਾਤਮਾ ਮੇਰੀ ਫ਼ਸਲ 'ਤੇ ਖੈਰ ਕਰੇ ਅਤੇ ਹਰ ਇੱਕ ਇਹ ਦਾਣੇ ਪਹੁੰਚਣ ਤਾਂ ਜੋ ਸਭ ਦਾ ਢਿੱਡ ਭਰਿਆ ਜਾ ਸਕੇ। ਕਿਉਂਕਿ ਜਦੋਂ ਵੀ ਕਿਸਾਨ ਆਪਣੀ ਫ਼ਦਲ ਦੀ ਵਾਢੀ ਕਰਦੇ ਨੇ ਤਾਂ ਮੌਸਮ ਖ਼ਰਾਬ ਹੁੰਦਾ ਅਤੇ ਕਿਸਾਨਾਂ ਦੀ ਫ਼ਸਲ ਵੀ ਖ਼ਰਾਬ ਹੁੰਦੀ ਹੈ। ਜਿਸ ਕਾਰਨ ਬਹੁਤ ਵੱਡੇ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।"

ਪੁਰਾਣੇ ਤਰੀਕੇ ਨਾਲ ਵਾਢੀ ਦੀ ਸ਼ੁਰੂਆਤ
ਅੱਜ ਜਿੱਥੇ ਹਰ ਕੋਈ ਤਕਨੀਕ ਦੀ ਵਰਤੋਂ ਕਰ ਰਿਹਾ, ਉੱਥੇ ਹੀ ਬਠਿੰਡਾ ਦੇ ਪਿੰਡ ਕੋਠੇ ਸੰਪੂਰਾ ਸਿੰਘ ਦੇ ਕਿਸਾਨਾਂ ਵੱਲੋਂ ਅੱਜ ਵੀ ਪੁਰਾਤਨ ਵਿਧੀ ਰਾਹੀਂ ਕਣਕ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਫਿਰ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਸ਼ੁਰੂ ਕੀਤੀ ਗਈ। ਕਣਕ ਦੀ ਵਾਢੀ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਦਾਤੀਆਂ ਰਾਹੀਂ ਕਣਕ ਵੱਢੀ ਜਾਂਦੀ ਸੀ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਸੀ ਕਿਉਂਕਿ ਪੰਜ-ਪੰਜ, ਸੱਤ-ਸੱਤ ਵਿਅਕਤੀ ਇੱਕ ਦੂਸਰੇ ਨਾਲ ਕਣਕ ਵਢਾਉਂਦੇ ਸਨ। ਕਣਕ ਵੱਢਣ ਸਮੇਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਖਿੱਚ ਹੁੰਦੀ ਸੀ ਅਤੇ ਇਹ ਮੁਕਾਬਲਾ ਹੁੰਦਾ ਸੀ ਕਿ ਕੌਣ ਪਹਿਲਾਂ ਕਣਕ ਵੱਢਦਾ ਹੈ?


ਕਿਸਾਨਾਂ ਦੇ ਸੁਫ਼ਨੇ
ਕਿਸਾਨਾਂ ਨੇ ਕਿਹਾ ਕਿ "ਕਣਕ ਦੀ ਫਸਲ ਆਉਣ ਨਾਲ ਕਿਸਾਨਾਂ ਦੇ ਕਈ ਤਰਾਂ ਦੇ ਸੁਫ਼ਨੇ ਹੁੰਦੇ ਹਨ। ਘਰ ਪਾਉਣਾ, ਬੱਚਿਆਂ ਦੇ ਵਿਆਹ ਕਰਨੇ ਅਤੇ ਹੋਰ ਕਾਰਜ ਕਣਕ ਦੀ ਫ਼ਸਲ ਆਉਣ 'ਤੇ ਹੀ ਨੇਪਰੇ ਚਾੜੇ ਜਾਂਦੇ ਸਨ ਪਰ ਅੱਜ ਦੇ ਮਸ਼ੀਨੀ ਯੁੱਗ ਨੇ ਪੰਜਾਬ ਦੇ ਇਸ ਸੱਭਿਆਚਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਪਹਿਲਾਂ ਆਪਸੀ ਭਾਈਚਾਰਕ ਸਾਂਝ ਖਤਮ ਹੋਈ, ਦੂਸਰਾ ਲਗਾਤਾਰ ਮਸ਼ੀਨਰੀ ਦੀ ਵਰਤੋਂ ਵੱਧਣ ਕਾਰਨ ਮਨੁੱਖ ਬਿਮਾਰੀਆਂ ਵਿੱਚ ਘਿਰਦਾ ਜਾ ਰਿਹਾ ਹੈ। ਖੇਤ ਵਿੱਚ ਜੇਕਰ ਕਿਸਾਨ ਆਪ ਕਣਕ ਵੱਢਦਾ ਸੀ ਤਾਂ ਉਹ ਬਿਮਾਰੀਆਂ ਤੋਂ ਮੁਕਤ ਹੁੰਦਾ ਸੀ, ਧੁੱਪੇ ਰਹਿਣ ਕਾਰਨ ਪਸੀਨਾ ਆਉਂਦਾ ਸੀ ਪਰ ਮਸ਼ੀਨੀ ਯੁੱਗ ਨੇ ਇਹ ਚੀਜ਼ਾਂ ਖਤਮ ਕਰ ਦਿੱਤੀਆਂ ਹਨ। ਜਿਸ ਦਾ ਵੱਡਾ ਨੁਕਸਾਨ ਕਿਸਾਨ ਅਤੇ ਕਿਸਾਨੀ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾੜੀ ਦੀ ਫ਼ਸਲ ਮੌਕੇ ਕਿਸਾਨਾਂ ਵੱਲੋਂ ਜਿੱਥੇ ਹਰ ਵਰਗ ਨੂੰ ਕਣਕ ਦੇ ਦਾਣੇ ਦੇਣ ਦੀ ਅਰਦਾਸ ਕੀਤੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਪ੍ਰਥਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਉਹ ਆਪਣੀ ਇਸ ਪ੍ਰਥਾ ਨੂੰ ਆਪਣੀ ਅਗਲੀ ਪੀੜੀ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ।"
