ਲੁਧਿਆਣਾ: ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਬੇਸ਼ੱਕ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਇਸੇ ਵਿਚਾਲੇ ਵੋਟਾਂ ਕੱਟੇ ਜਾਣ ਨੂੰ ਲੈ ਕੇ ਵੀ ਸਿਆਸਤ ਪੂਰੀ ਤਰ੍ਹਾਂ ਸਿਖਰਾਂ ਉੱਤੇ ਹੈ, ਲਗਾਤਾਰ ਇੱਕ ਤੋਂ ਬਾਅਦ ਇੱਕ ਵੀਡੀਓ ਹਲਕੇ ਦੇ ਵਿੱਚੋਂ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਪਤਨੀ ਸਾਬਕਾ ਕੌਂਸਲਰ ਨੇ ਵੀ ਕਾਂਗਰਸੀ ਪਰਿਵਾਰਾਂ ਦੀਆਂ ਵੋਟਾਂ ਕੱਟੇ ਜਾਣ ਦੇ ਇਲਜ਼ਾਮ ਲਗਾਏ ਹਨ।
ਵੋਟਾਂ ਕੱਟਣ ਦਾ ਮੁੱਦਾ
ਹਲਕਾ ਪੱਛਮੀ ਵਿੱਚ ਕੁਝ ਲੋਕਾਂ ਵੱਲੋਂ ਵੋਟਰ ਲਿਸਟਾਂ ਦੇ ਜਰੀਏ ਲੋਕਾਂ ਦੀਆਂ ਵੋਟਾਂ ਚੈੱਕ ਕੀਤੀਆਂ ਜਾ ਰਹੀਆਂ ਹਨ ਪਰ ਇਸੇ ਵਿਚਾਲੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਇਨ੍ਹਾਂ ਵੋਟਰ ਲਿਸਟਾਂ ਨੂੰ ਲੈ ਕੇ ਕਾਫੀ ਚਿੰਤਿਤ ਹਨ। ਉੱਧਰ ਇਲਾਕੇ ਦੀ ਸਾਬਕਾ ਕੌਂਸਲਰ ਪੂਨਮ ਮਲੋਤਰਾ ਨੇ ਜਦੋਂ ਕੁਝ ਟੀਮਾਂ ਨੂੰ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਲਿਸਟਾਂ ਉੱਪਰ ਵੋਟਾਂ ਕੱਟੇ ਜਾਣ ਦਾ ਖਦਸ਼ਾ ਜਤਾਇਆ ਅਤੇ ਵੋਟਾਂ ਵਾਲੀ ਲਿਸਟ ਵਿੱਚ ਕਾਂਗਰਸੀ ਲਿਖੇ ਹੋਣ ਉੱਤੇ ਵੀ ਇਤਰਾਜ ਜਤਾਇਆ। ਉੱਧਰ ਇਸ ਸਬੰਧੀ ਉਨ੍ਹਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵੀ ਜਨਤਕ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਕਾਂਗਰਸੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ।
ਹਾਲਾਂਕਿ ਇਸ ਮਾਮਲੇ ਸੰਬੰਧੀ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ ਵੱਲੋਂ ਡਿਪਟੀ ਕਮਿਸ਼ਨਰ ਨੂੰ ਈਮੇਲ ਜ਼ਰੀਏ ਸ਼ਿਕਾਇਤ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਦਖਲ ਦੇ ਕੇ ਹਿਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਸੀ ਕਿ ਇਹ ਕੰਮ ਬੀਐਲਓਜ਼ ਦਾ ਹੁੰਦਾ ਹੈ ਨਾ ਕਿ ਬਾਹਰੋ ਆਏ ਲੋਕਾਂ ਦਾ ਜੋ ਸਾਡੇ ਹਲਕੇ ਵਿੱਚ ਸੂਚੀ ਲੈ ਕੇ ਚੈਕਿੰਗ ਕਰ ਰਹੇ ਹਨ। ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਆਗੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਰਾਤ ਨੂੰ ਵੋਟਰ ਲਿਸਟ ਹੱਥ ਦੇ ਵਿੱਚ ਲੈ ਕੇ ਘੁੰਮਦਾ ਵਿਖਾਈ ਦੇ ਰਿਹਾ ਹੈ।