ਬਠਿੰਡਾ: ਬਹੁਤ ਹੀ ਖੁਸ਼ਕਿਸਮਤ ਹੁੰਦੇ ਹਨ ਉਹ ਬੱਚੇ ਜੋ ਜਨਮ ਤੋਂ ਬਾਅਦ ਆਪਣੇ ਮਾਪਿਆਂ ਦੀ ਗੋਦ ਵਿੱਚ ਨਿੱਘ ਮਾਣਦੇ ਹੋਏ ਵੱਡੇ ਹੁੰਦੇ ਹਨ ਅਤੇ ਸਮਾਜ ਵਿੱਚ ਆਪਣੇ ਮਾਪਿਆਂ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਕੁੜੀਆਂ ਪੈਦਾ ਕਰਨ ਤੋਂ ਡਰਦੇ ਹਨ। ਇਸ ਕਰਕੇ ਜਾਂ ਤਾਂ ਕੁੜੀਆਂ ਨੂੰ ਕੁੱਖਾਂ ਵਿੱਚ ਮਰਵਾ ਦਿੱਤਾ ਜਾਂਦਾ ਹੈ, ਜਾਂ ਫਿਰ ਜੇਕਰ ਕੋਈ ਕੁੜੀ ਜਨਮ ਲੈ ਵੀ ਲੈਂਦੀ ਹੈ ਤਾਂ ਉਨ੍ਹਾਂ ਦਾ ਮਾਪਿਆਂ ਨੂੰ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮਜ਼ਬੂਰੀ ਲੱਗਦੀ ਹੈ। ਜਿੰਨ੍ਹਾਂ ਵਿੱਚ ਕੁਝ ਲੋਕ ਅਜਿਹੇ ਵੀ ਹਨ ਕਿ ਕੁੜੀਆਂ ਪੈਦਾ ਹੋਣ 'ਤੇ ਉਨ੍ਹਾਂ ਦੇ ਭਰੂਣਾਂ ਨੂੰ ਝਾੜੀਆਂ, ਪਾਰਕਾਂ ਜਾਂ ਫਿਰ ਕੂੜੇ ਦੇ ਢੇਰਾਂ ਵਿੱਚ ਸੁੱਟ ਦਿੰਦੇ ਸੀ, ਜਿਸ ਕਾਰਨ ਉਨ੍ਹਾਂ ਵਿਚਾਰੀਆਂ ਦੀ ਮੌਤ ਹੋ ਜਾਂਦੀ ਸੀ, ਅਤੇ ਬਹੁਤ ਦੁਰਦਸ਼ਾ ਹੁੰਦੀ ਸੀ।
ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਾਸ਼ਾਸਨ ਅਤੇ ਰੈੱਡ ਕਰਾਸ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਘੱਟੋ-ਘੱਟ ਇਸ ਸਮਾਜਿਕ ਬੁਰਾਈ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਪਰ ਜਿਹੜੇ ਲਾਵਾਰਿਸ਼ ਬੱਚਿਆਂ ਨੂੰ ਬਾਹਰ ਜਾਨਵਾਰ ਖਾ ਜਾਂਦੇ ਨੇ ਜਾਂ ਫਿਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਉਨ੍ਹਾਂ ਦੀ ਜਿੰਦਗੀ ਬਚਾਉਣ ਲਈ ਰੈੱਡ ਕਰਾਸ ਵੱਲੋਂ ਸਾਲ 2009 ਵਿੱਚ ਪੰਘੂੜੇ ਦੀ ਸਥਾਪਨਾ ਕੀਤੀ ਗਈ।

ਭਰੂਣ ਹੱਤਿਆ ਨੂੰ ਰੋਕਣ ਲਈ ਸਾਲਾਘਾਯੋਗ ਕਦਮ
ਅਣਚਾਹੇ ਬੱਚੇ ਪਾਲਣ ਪੋਸ਼ਣ ਤੋਂ ਅਸਮਰੱਥ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਰੈੱਡ ਕਰਾਸ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ ਐਂਡ ਡੰਬ 'ਚ ਸਾਲ 2009 ਵਿੱਚ ਪੰਘੂੜੇ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ 16 ਸਾਲਾਂ ਵਿੱਚ ਇਸ ਪੰਘੂੜੇ ਵਿੱਚ ਕੁੱਲ 73 ਬੱਚੇ ਆ ਚੁੱਕੇ ਹਨ, ਜਿਨਾਂ ਵਿੱਚੋਂ 61 ਲੜਕੀਆਂ ਅਤੇ 12 ਲੜਕੇ ਹਨ। ਰੈੱਡ ਕਰਾਸ ਦੇ ਅਧਿਕਾਰੀ ਨਰੇਸ਼ ਪਠਾਣੀਆਂ ਨੇ ਦੱਸਿਆ ਕਿ ਅਣਚਾਹੇ ਬੱਚੇ, ਪਾਲਣ ਪੋਸ਼ਣ ਤੋਂ ਅਸਮਰੱਥ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਇਸ ਪੰਘੂੜੇ ਨੂੰ ਸਥਾਪਿਤ ਕੀਤਾ ਗਿਆ ਸੀ।

'ਪੰਘੂੜੇ 'ਤੇ 24 ਘੰਟੇ ਇੱਕ ਅਟੈਂਡੈਂਟ ਦੀ ਲਗਾਈ ਡਿਊਟੀ'
ਜਿਸ ਦੇ ਚੱਲਦਿਆਂ ਸਾਲ 2009 ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਦੀਆਂ ਹਦਾਇਤਾਂ 'ਤੇ ਰੈੱਡ ਕਰਾਸ ਵੱਲੋਂ ਇਹ ਪੰਘੂੜਾ ਸਥਾਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੰਘੂੜੇ 'ਤੇ ਬਕਾਇਦਾ 24 ਘੰਟੇ ਇੱਕ ਅਟੈਂਡੈਂਟ ਦੀ ਡਿਊਟੀ ਲਗਾਈ ਗਈ ਹੈ। ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਛੱਡ ਕੇ ਜਾਂਦਾ ਹੈ ਤਾਂ ਅਟੈਂਡੈਂਟ ਵੱਲੋਂ ਬੱਚੇ ਸਬੰਧੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਬੱਚੇ ਨੂੰ ਸਰਕਾਰੀ ਹਸਪਤਾਲ ਮੈਡੀਕਲ ਲਈ ਲਿਜਾਇਆ ਜਾਂਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਨੀਦ ਦੀਆਂ ਗੋਲੀਆਂ ਤਾਂ ਨਹੀਂ ਦਿੱਤੀਆਂ ਗਈਆਂ। ਮੈਡੀਕਲ ਦੌਰਾਨ ਮੁੱਢਲੀ ਸਹਾਇਤਾ ਦੇਣ ਉਪਰੰਤ ਪੁਲਿਸ ਕੋਲ ਡੀਡੀਆਰ ਦਰਜ ਕਰਵਾਈ ਜਾਂਦੀ ਹੈ ਤਾਂ ਜੋ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਡੋਪਟ ਸੈਂਟਰ ਭੇਜਿਆ ਜਾ ਸਕੇ।

ਕਿਵੇਂ ਦਿੱਤਾ ਜਾਂਦਾ ਹੈ ਬੇਔਲਾਦ ਜੋੜੇ ਨੂੰ ਬੱਚਾ ਗੋਦ?
ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਦੇ ਵਿੱਚ ਸਾਰਾ ਨਾਮ ਦੀ ਇੱਕ ਵੈੱਬਸਾਈਟ ਹੈ, ਉਸ ਉਤੇ ਜਾ ਕੇ ਜੋ ਕੋਈ ਵੀ ਬੇਔਲਾਦ ਜੋੜਾ ਹੈ, ਜੋ ਬੱਚਾ ਲੈਣਾ ਚਾਹੁੰਦਾ ਹੈ, ਉਹ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਂਦਾ ਹੈ। ਉਸ ਦੀ ਪ੍ਰਵਾਨਗੀ ਤੋਂ ਬਾਅਦ ਫਿਰ ਉਸ ਵਿੱਚ ਅਡੌਪਸ਼ਨ ਏਜੰਸੀ ਦੀ ਆਉਂਦੀ ਹੈ ਕਿ ਤੁਸੀਂ ਬੱਚਾ ਪੰਜਾਬ ਦੇ ਕਿਹੜੇ ਸਟੇਟ ਵਿੱਚੋਂ ਲੈਣਾ ਚਾਹੁੰਦੇ ਹੋ, ਉਸ ਵਿੱਚ ਬਠਿੰਡਾ ਦੀ ਆਪਸ਼ਨ ਵੀ ਆਉਂਦੀ ਹੈ। ਜੇਕਰ ਉਹ ਬਠਿੰਡਾ ਸਲੈਕਟ ਕਰਦੇ ਹਨ ਤਾਂ ਉਸ ਤੋਂ ਬਾਅਦ ਇੱਕ ਕੇਸ ਬਣਦਾ ਹੈ, ਇੱਕ ਕਮੇਟੀ ਉਸ ਨੂੰ ਵੈਰੀਫਾਈ ਕਰਦੀ ਹੈ। ਫਿਰ ਉਸ ਤੋਂ ਬਾਅਦ ਕਾਨੂੰਨੀ ਤੌਰ 'ਤੇ ਬੱਚਾ ਗੋਦ ਦਿੱਤਾ ਜਾਂਦਾ ਹੈ।

'ਪੰਘੂੜੇ ਵਿੱਚ ਛੱਡ ਕੇ ਜਾਣ ਵਾਲੇ ਮਾਪਿਆਂ ਦੀ ਪਹਿਚਾਣ ਰੱਖੀ ਜਾਂਦੀ ਗੁਪਤ'
ਉਨ੍ਹਾਂ ਦੱਸਿਆ ਕਿ ਪੀਐਨਡੀਟੀ ਸੈਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਘੂੜੇ ਸਥਾਪਿਤ ਕੀਤੇ ਗਏ ਸਨ ਤਾਂ ਜੋ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ ਅਤੇ ਅਣਚਾਹੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਪੰਘੂੜੇ ਵਿੱਚ ਛੱਡ ਕੇ ਜਾਣ ਵਾਲੇ ਮਾਪਿਆਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਤਾਂ ਜੋ ਬੱਚੇ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਕਾਨੂੰਨੀ ਅੜਚਣ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਤੱਕ ਪੰਘੂੜੇ ਵਿੱਚ ਆਏ ਬੱਚਿਆਂ ਨੂੰ ਦੇਸ਼ ਹੀ ਨਹੀਂ ਵਿਦੇਸ਼ ਤੋਂ ਵੀ ਬੇ-ਔਲਾਦ ਜੋੜਿਆਂ ਵੱਲੋਂ ਗੋਦ ਲਿਆ ਗਿਆ ਹੈ। ਗੋਦ ਲੈਣ ਵਾਲੇ ਪਰਿਵਾਰ ਚੰਗੇ ਕੰਮ-ਕਿੱਤੇ ਵਾਲੇ ਪਰਿਵਾਰ ਹਨ, ਜਿਨਾਂ ਵਿੱਚ ਬੱਚੇ ਦੀ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਬੱਚੇ ਦੀ ਪਹਿਚਾਣ ਜੱਗ ਜ਼ਾਹਿਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਸਾਡੀ ਤਰਾਸਦੀ ਹੈ ਕਿ ਪੰਘੂੜੇ ਵਿੱਚ ਆਉਣ ਵਾਲੇ ਬੱਚਿਆਂ ਵਿੱਚ ਸਭ ਤੋਂ ਜਿਆਦਾ ਗਿਣਤੀ ਫੀਮੇਲ ਬੱਚਿਆਂ ਦੀ ਹੈ ਜਦੋਂ ਕਿ ਮੇਲ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ।