ਅੰਮ੍ਰਿਤਸਰ: ਬੀਤੇ ਦਿਨ ਗੁਰੂ ਨਗਰੀ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਪਿਤਾ ਵੱਲੋਂ ਆਪਣੀ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਮੀਡੀਆ ਨਾਲ ਕੀਤੀ ਗੱਲਬਾਤ, ਇਸ ਮੌਕੇ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਪਿੰਡ ਦੇ ਡੇਰਿਆਂ ਦੇ ਵਿੱਚ ਕੰਮ ਕਰਦੀ ਹੈ।
'ਸਿੱਖ ਰਸਮਾਂ ਮੁਤਬਿਕ ਕਰਵਾਇਆ ਸੀ ਵਿਆਹ'
ਮਾਮਲੇ ਵਿੱਚ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਤੋਂ ਸਪੱਸ਼ਟ ਹੋ ਗਿਆ ਕਿ ਕੁੜੀ-ਮੁੰਡੇ ਨੇ ਘਰੋਂ ਫਰਾਰ ਹੋਣ ਤੋਂ ਬਾਅਦ ਸਿੱਖ ਰਸਮਾਂ ਮੁਤਬਿਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵਿਆਹ ਕਰਵਾ ਲਿਆ ਸੀ ਅਤੇ ਕੁੜੀ ਬੀਤੇ ਦਿਨ ਆਪਣੇ ਪੇਕੇ ਘਰ ਕੱਪੜੇ ਲੈਣ ਲਈ ਪਤੀ ਦੇ ਨਾਲ ਆਈ ਸੀ। ਇਸ ਦੌਰਾਨ ਲੜਕੀ ਦਾ ਪਿਤਾ ਘਰ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਪਿਓ ਨੇ ਆਪਣੀ ਧੀ ਅਤੇ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਦੇ ਸਰਪੰਚ ਮੁਤਾਬਿਕ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
'ਕੁੜੀ-ਮੁੰਡਾ ਘਰੋਂ ਭੱਜੇ ਸਨ'
ਮ੍ਰਿਤਕ ਕੁੜੀ ਦੇ ਘਰ ਬਾਹਰ ਮਿੱਟੀ ਦੀ ਟਰੈਕਟਰ ਟਰਾਲੀ ਲੈ ਕੇ ਆਉਂਦਾ ਸੀ। ਜਿਸਦੇ ਚਲਦੇ ਲੜਕੀ ਨਾਲ ਉਸ ਦੇ ਸਬੰਧ ਬਣ ਗਏ ਸਨ। ਪਿਛਲੇ ਤਿੰਨ ਸਾਲ ਤੋਂ ਮ੍ਰਿਤਕ ਮੁੰਡੇ ਦਾ ਮ੍ਰਿਤਕ ਕੁੜੀ ਨਾਲ ਰਿਸ਼ਤਾ ਚੱਲ ਰਿਹਾ ਸੀ। ਜਿਸ ਦੇ ਚਲਦੇ ਲੜਕੀ ਦੇ ਪਰਿਵਾਰ ਨੇ ਮੁੰਡੇ ਨੂੰ ਮਨਾ ਵੀ ਕੀਤਾ ਕੀ ਉਹ ਸਾਡੀ ਜਾਤ-ਬਰਾਦਰੀ ਦਾ ਨਹੀਂ ਹੈ,ਇਸ ਲਈ ਵਿਆਹ ਸੰਭਵ ਨਹੀਂ ਹੋ ਸਕਦਾ। ਪਰਿਵਾਰ ਦੇ ਇਨਕਾਰ ਕਰਨ ਦੇ ਬਾਵਜੂਦ ਲੜਕਾ ਨਹੀਂ ਮੰਨਿਆ ਅਤੇ ਉਹ ਕੁੜੀ ਨੂੰ ਲੈਕੇ ਘਰੋਂ ਭੱਜ ਗਿਆ।
ਪੁਲਿਸ ਦੀ ਗ੍ਰਿਫ਼ਤ 'ਚ ਕਾਤਲ ਪਿਓ
ਪੁਲਿਸ ਅਧਿਕਾਰੀ ਨੇ ਦੱਸਿਆ ਕਿ, 'ਕਤਲ ਕਰਨ ਵਾਲਾ ਪਿਓ ਹੀ ਫਿਲਹਾਲ ਮਾਮਲੇ ਦਾ ਇੱਕਲੋਤਾ ਮੁਲਜ਼ਮ ਹੈ, ਜਿਸ ਦਾ ਪੁਲਿਸ ਨੂੰ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਾਂਚ ਕੀਤੀ ਜਾਵੇਗੀ ਕਿ ਕੋਈ ਹੋਰ ਮੁਲਜ਼ਮ ਇਸ ਵਾਰਦਾਤ 'ਚ ਸ਼ਾਮਲ ਤਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਕਤਲ 'ਚ ਪਾਈ ਗਈ, ਤਾਂ ਉਸ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ।