ਬਠਿੰਡਾ: ਜ਼ਿਲ੍ਹੇ ਵਿੱਚ ਭਾਰਤ ਸਰਕਾਰ ਵਲੋਂ ਖਰੀਦ ਅਤੇ ਮਾਰਕੀਟਿੰਗ ਸਹਾਇਤਾ ਸਕੀਮ ਦੇ ਤਹਿਤ ਇੰਟਰਨੈਸ਼ਨਲ ਗਰੈਂਡ ਟਰੇਡ ਫੇਅਰ ਦਾ ਆਯੋਜਨ ਕੀਤਾ ਗਿਆ ਹੈ। ਇਸ ਟਰੇਡ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਹੋਇਆ ਸਮਾਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਟਰੇਡ ਰਾਹੀਂ, ਜਿੱਥੇ ਲੋਕਾਂ ਨੂੰ ਹੋਰਨਾਂ ਸੂਬਿਆਂ ਦੇ ਸੱਭਿਆਚਾਰ ਅਤੇ ਪਹਿਰਾਵੇ ਬਾਰੇ ਜਾਣਨ ਨੂੰ ਮਿਲ ਰਿਹਾ ਹੈ, ਉੱਥੇ ਹੀ ਪੰਜਾਬ ਦੇ ਲੋਕਾਂ ਵੱਲੋਂ ਹੋਰਨਾਂ ਸੂਬਿਆਂ ਦੇ ਕਲਚਰ ਸਬੰਧੀ ਵਸਤਾਂ ਦੀ ਖਰੀਦੋ ਫਰੋਖ਼ਤ ਵੀ ਕੀਤੀ ਜਾ ਰਹੀ ਹੈ।
ਬੰਗਾਲ ਦੀ ਮਿੱਟੀ ਦੇ ਗਹਿਣੇ
ਬਠਿੰਡਾ ਗਰੈਂਡ ਟਰੇਡ ਫੇਅਰ ਵਿੱਚ ਪੱਛਮੀ ਬੰਗਾਲ ਤੋਂ ਆਏ ਸੰਜੇ ਪੌਲ ਦਾ ਸਟਾਲ ਇਸ ਕ੍ਰਾਫਟ ਮੇਲੇ ਵਿੱਚ ਔਰਤਾਂ ਨੂੰ ਵੱਧ ਖਿੱਚਦਾ ਹੋਇਆ ਨਜ਼ਰ ਆਇਆ। ਸਟਾਲ ਲਾ ਕੇ ਬੈਠੇ ਸੰਜੇ ਪੌਲ ਨੇ ਦੱਸਿਆ ਕਿ ਉਸ ਵੱਲੋਂ ਮਿੱਟੀ ਅਤੇ ਲੱਕੜ ਨਾਲ ਤਿਆਰ ਕੀਤੇ ਵੱਖ-ਵੱਖ ਤਰ੍ਹਾਂ ਦੇ ਗਹਿਣੇ ਇਸ ਟਰੇਡ ਫੇਅਰ ਵਿੱਚ ਪ੍ਰਦਰਸ਼ਿਤ ਕੀਤੇ ਜਾ ਗਏ ਹਨ। ਟਰੇਡ ਫੇਅਰ ਦਾ ਮੁੱਖ ਮਕਸਦ ਲੋਕਾਂ ਨੂੰ ਇੱਕ ਦੂਜੇ ਸੂਬਿਆਂ ਦੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਫਿਲਮਾਂ ਦੇ ਪੋਸਟਰ ਪੇਂਟ ਕਰਿਆ ਕਰਦੇ ਸਨ, ਫਿਰ ਹੌਲੀ ਹੌਲੀ ਉਹ ਕੰਮ ਅਲੋਪ ਹੁੰਦਾ ਗਿਆ ਤੇ ਉਨ੍ਹਾਂ ਵੱਲੋਂ ਆਪਣੀ ਕਲਾ ਨੂੰ ਮਿੱਟੀ ਅਤੇ ਲੱਕੜ ਉੱਤੇ ਤਰਾਸ਼ਣਾ ਸ਼ੁਰੂ ਕਰ ਦਿੱਤਾ ਗਿਆ।

ਕਿਵੇਂ ਤਿਆਰ ਕੀਤੇ ਜਾਂਦੇ ਇਹ ਗਹਿਣੇ
ਮੈਟ੍ਰਿਕ ਪਾਸ ਸੰਜੇ ਪਾਲ ਨੇ ਦੱਸਿਆ ਕਿ ਉਹ ਮਿੱਟੀ ਤੋਂ ਇਹ ਜੇਵਰਾਤ ਪਹਿਲਾਂ ਤਿਆਰ ਕਰਦੇ ਹਨ, ਫਿਰ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਇਨ੍ਹਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਰੰਗ ਕਰਦੇ ਹਨ। ਇਸ ਮੇਲੇ ਵਿੱਚ ਸਭ ਤੋਂ ਵੱਧ ਉਨ੍ਹਾਂ ਦੇ ਹੱਥੀਂ ਤਿਆਰ ਕੀਤਾ ਹੋਇਆ ਰਾਧਾ ਕ੍ਰਿਸ਼ਨ ਦਾ ਲੋਕਟ ਲੋਕਾਂ ਵੱਲੋਂ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। ਉਨਾਂ ਕੋਲ ਮਾਤਰ 30 ਰੁਪਏ ਤੋਂ ਸ਼ੁਰੂ ਹੋ ਕੇ 250 ਤੋਂ 300 ਰੁਪਏ ਤੱਕ ਦੇ ਮਿੱਟੀ ਅਤੇ ਲੱਕੜ ਦੇ ਬਣੇ ਹੋਏ ਵੱਖ ਵੱਖ ਤਰ੍ਹਾਂ ਦੇ ਗਹਿਣੇ ਹਨ।

ਗਲੇ ਦੇ ਇੱਕ ਲੋਕਟ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਇੱਕ ਤੋਂ ਡੇਢ ਘੰਟਾ ਲੱਗ ਜਾਂਦਾ ਹੈ ਤੇ ਦਿਨ ਵਿੱਚ ਉਹ 7 ਤੋਂ 8 ਲੋਕਟ ਤਿਆਰ ਕਰ ਪਾਉਂਦੇ ਹਨ। ਇਨ੍ਹਾਂ ਨੂੰ ਟੈਰਾਕੋਟਾ ਜਵੈਲਰੀ (Terracotta Jewellery) ਕਿਹਾ ਜਾਂਦਾ ਹੈ।
ਮੈਂ ਪੱਛਮੀ ਬੰਗਾਲ ਵਿਖੇ ਕੱਲਕਤਾ ਤੋਂ ਪਹਿਲੀ ਵਾਰ ਪੰਜਾਬ ਆਇਆ ਹਾਂ। ਇੱਥੇ ਲੋਕਾਂ ਨੇ ਮੇਰੇ ਵਾਲੇ ਸਟਾਲ ਲਾਏ ਬੰਗਾਲ ਦੇ ਰਵਾਇਤੀ ਮਿੱਟੀ ਤੇ ਲੱਕੜ ਦੇ ਬਣੇ ਗਹਿਣੇ ਬਹੁਤ ਪਸੰਦ ਕੀਤੇ ਹਨ। ਮੈਨੂੰ ਵੀ ਇੱਥੋ ਦੇ ਸੱਭਿਆਚਾਰ ਪਸੰਦ ਆਇਆ। ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ ਦੌਰਾਨ ਆਇਆ, ਤਾਂ ਡਰ ਸੀ ਕਿ ਮੇਰੀ ਵਿਕਰੀ ਨਹੀਂ ਹੋਵੇਗੀ, ਪਰ ਮੈਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਮੁਬੰਈ, ਦਿੱਲੀ, ਚੰਡੀਗੜ੍ਹ, ਮਥੁਰਾ ਅਤੇ ਵਰਿੰਦਾਵਨ ਵੀ ਗਿਆ, ਜਿੱਥੇ ਮੇਰੇ ਗਹਿਣੇ ਕਾਫੀ ਵਿਕੇ।
- ਸੰਜੇ ਪੌਲ, ਪੱਛਮੀ ਬੰਗਾਲ ਤੋਂ ਆਏ
ਪਰਿਵਾਰ ਦਾ ਪੂਰਾ ਸਹਿਯੋਗ
ਇਸ ਕੰਮ ਵਿੱਚ ਸੰਜੇ ਪੌਲ ਦੀ ਪਤਨੀ ਵੀ ਹੱਥ ਵੰਡਾਉਂਦੀ ਹੈ। ਕੇਂਦਰ ਸਰਕਾਰ ਵੱਲੋਂ ਉਨਾਂ ਦੇ ਇਸ ਛੋਟੇ ਛੋਟੇ ਉਪਰਾਲਿਆਂ ਨੂੰ ਉਭਾਰਨ ਲਈ ਅਜਿਹੇ ਮੇਲੇ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਹਿਲੀ ਵਾਰ ਪੰਜਾਬ ਆ ਕੇ ਇਸ ਤਰ੍ਹਾਂ ਆਪਣੀ ਮਾਰਕੀਟਿੰਗ ਕੀਤੀ ਜਾ ਰਹੀ ਹੈ। ਸੰਜੇ ਪੌਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕਲਾ ਕਰਕੇ ਪੱਛਮੀ ਬੰਗਾਲ ਵਿੱਚ ਸਨਮਾਨਿਤ ਵੀ ਕੀਤਾ ਗਿਆ ਸੀ।

ਅੱਲਗ ਦਿਖਣਾ ਤਾਂ ਇਹ ਟ੍ਰਾਈ ਕਰੋ...
ਸੰਜੇ ਪੌਲ ਦੀ ਸਟਾਲ ਤੋਂ ਲੱਕੜ ਅਤੇ ਮਿੱਟੀ ਦੇ ਬਣੇ ਹੋਏ ਜੇਵਰਾਤ ਖਰੀਦਣ ਆਏ ਤਨੂ ਸ਼੍ਰੀ ਅਤੇ ਸਲੋਨੀ ਖੁਰਾਣਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਜੇਵਰ ਖਰੀਦਣ ਅਤੇ ਪਾਉਣ ਦਾ ਵੱਡੀ ਪੱਧਰ ਉੱਤੇ ਰਿਵਾਜ਼ ਹੈ।

ਇਹ ਪਹਿਲੀ ਵਾਰ ਹੋਇਆ ਹੈ ਕਿ ਮਿੱਟੀ ਅਤੇ ਲੱਕੜ ਦੇ ਬਣੇ ਹੋਏ ਜੇਵਰਾਤ ਵੇਖਣ ਨੂੰ ਮਿਲੇ ਹਨ ਅਤੇ ਇਹ ਬੇਹਦ ਖੂਬਸੂਰਤ ਹਨ। ਜਿਵੇਂ ਇਨ੍ਹਾਂ ਦੀ ਬਣਤਰ ਬਣਾਈ ਗਈ ਹੈ, ਬਹੁਕ ਹੀ ਸੁੰਦਰ ਹੈ।
ਅਸੀ ਸੋਨਾ-ਚਾਂਦੀ ਤਾਂ ਪਾਉਂਦੇ ਹੀ ਹਾਂ, ਪਰ ਇਹ ਮਿੱਟੀ ਅਤੇ ਲੱਕੜ ਦੇ ਬਣੇ ਗਹਿਣੇ ਵੀ ਟ੍ਰਾਈ ਕਰਨੇ ਚਾਹੀਦੇ ਹਨ। ਇਨ੍ਹਾਂ ਦੀ ਗੱਲ ਹੀ ਵੱਖਰੀ ਹੈ। ਰੇਟ ਵੀ ਸਹੀ ਹੈ। ਜੇਕਰ ਤੁਸੀ ਅਲਰ ਦਿਖਣਾ ਹੈ, ਤਾਂ ਇਹ ਗਹਿਣੇ ਜ਼ਰੂਰ ਟ੍ਰਾਈ ਕਰੋ। ਪੰਜਾਬ ਵਿੱਚ ਇਹ ਪਹਿਲੀ ਵਾਰ ਆਇਆ ਹੈ। ਅਜਿਹੇ ਜੇਵਰਾਤ ਆਨਲਾਈਨ ਵੀ ਨਹੀਂ ਮਿਲਣਗੇ।
- ਤਨੂ ਸ਼੍ਰੀ ਅਤੇ ਸਲੋਨੀ, ਗਾਹਕ

ਗਾਹਕਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਇਸ ਕਲਚਰ ਨੂੰ ਵੇਖ ਕੇ ਉਹਨਾਂ ਨੂੰ ਕਾਫੀ ਆਨੰਦ ਆਇਆ ਹੈ ਤੇ ਉਹਨਾਂ ਵੱਲੋਂ ਇਹ ਜੇਵਰਾਤ ਖਰੀਦੇ ਵੀ ਗਏ ਹਨ। ਜੇਵਰਾਤਾਂ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ, ਜੋ ਕਿ ਹਰ ਵਿਅਕਤੀ ਦੀ ਪਹੁੰਚ ਵਿੱਚ ਹੈ।
ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਕਿਸੇ ਨੂੰ ਚਾਹੀਦਾ ਹੈ ਕਿ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਜਾਣਨ ਲਈ ਅਜਿਹੀਆਂ ਵਸਤਾਂ ਦੀ ਖਰੀਦ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇੱਕ ਯਾਦਗਾਰ ਵਜੋਂ ਤੁਹਾਡੀ ਗਹਿਣਿਆਂ ਦੀ ਕੁਲੈਕਸ਼ਨ ਵਿੱਚ ਇਹ ਵੀ ਐਡ ਹੋ ਸਕੇ।