ਖੰਨਾ (ਲੁਧਿਆਣਾ): ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਖੰਨਾ ਦੇ ਪ੍ਰਭਜੋਤ ਸਿੰਘ ਨੇ ਸ਼ਹਿਰ ਵਿੱਚ ਪਹਿਲਾ ਅਤੇ ਸੂਬੇ ਵਿੱਚੋਂ ਅੱਠਵਾਂ ਸਥਾਨ ਹਾਸਲ ਕਰਕੇ ਮਾਤਾ-ਪਿਤਾ, ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ 12ਵੀਂ 'ਚ 98.4% ਅੰਕ ਹਾਸਲ ਕਰਕੇ ਸਿਰਫ਼ ਖੰਨਾ ਹੀ ਨਹੀਂ, ਸਗੋਂ ਸੂਬਾ ਪੱਧਰ 'ਤੇ ਵੀ ਆਪਣੀ ਛਾਪ ਛੱਡੀ ਹੈ। ਇਸ ਦੇ ਚੱਲਦੇ ਉਸ ਦੀ ਪੰਜਾਬ ਵਿੱਚ ਅੱਠਵੀਂ ਰੈਂਕਿੰਗ ਰਹੀ ਹੈ।
ਸ਼ਹਿਰ 'ਚ ਰਿਹਾ ਮੋਹਰੀ
ਪ੍ਰਭਜੋਤ ਸ਼ਿਵਪੁਰੀ ਮੁਹੱਲਾ ਸਥਿਤ ਆਤਮਾ ਮਨੋਹਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਉਸ ਨੇ ਲੱਗਭਗ 100 ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਮੈਰਿਟ ਵਿੱਚ ਆਉਣਾ ਉਸਦਾ ਟੀਚਾ ਸੀ, ਜਿਸ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ ਹੈ।
ਮੋਬਾਈਲ ਤੇ ਸੋਸ਼ਲ ਮੀਡੀਆ ਤੋਂ ਦੂਰੀ
ਪ੍ਰਭਜੋਤ ਨੇ ਦੱਸਿਆ ਕਿ ਉਸ ਨੇ 6 ਘੰਟੇ ਘਰ ਵਿੱਚ ਪੜ੍ਹਾਈ ਕਰਕੇ ਅਤੇ ਇੱਕ ਟਿਊਸ਼ਨ ਲੈ ਕੇ ਆਪਣੀ ਤਿਆਰੀ ਜਾਰੀ ਰੱਖੀ। ਉੁਸ ਨੇ ਕਿਹਾ ਕਿ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਉਸ ਦੇ ਲਈ ਸਭ ਤੋਂ ਵੱਡਾ ਫੈਸਲਾ ਸੀ। ਨਵੰਬਰ ਵਿੱਚ ਹੀ ਉਸ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ। ਪ੍ਰਭਜੋਤ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੈੱਬ ਡਿਵੈਲਪਰ ਬਣਨਾ ਚਾਹੁੰਦਾ ਹੈ। ਨਾਨ-ਮੈਡੀਕਲ ਵਿੱਚ 12ਵੀਂ ਪਾਸ ਕਰਨ ਤੋਂ ਬਾਅਦ ਹੁਣ ਉਹ B.Tech ਕਰੇਗਾ ਅਤੇ ਕੋਸ਼ਿਸ਼ ਕਰੇਗਾ ਕਿ ਗ੍ਰੈਜੂਏਸ਼ਨ ਵਿੱਚ ਵੀ ਆਪਣੀ ਮੈਰਿਟ ਬਰਕਰਾਰ ਰੱਖੇ।
ਪਰਿਵਾਰ ਨੂੰ ਪੁੱਤ 'ਤੇ ਹੈ ਮਾਣ
ਪ੍ਰਭਜੋਤ ਸਿੰਘ ਦੇ ਦਾਦਾ ਸੁਖਦੇਵ ਸਿੰਘ ਜੋ ਕਿ ਟੈਕਸੀ ਚਲਾਉਂਦੇ ਹਨ। ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ ਰਾਤ ਦੇ 11-12 ਵਜੇ ਵੀ ਜਦੋਂ ਉਹ ਘਰ ਆਉਂਦੇ ਸਨ, ਤਾਂ ਉਸ ਸਮੇਂ ਪ੍ਰਭਜੋਤ ਪੜ੍ਹਾਈ ਵਿੱਚ ਲੱਗਾ ਹੁੰਦਾ ਸੀ। ਇਹ ਉਨ੍ਹਾਂ ਲਈ ਮਾਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਪੋਤੇ ਦੀ ਮਿਹਨਤ ਰੰਗ ਲਿਆਈ ਹੈ ਤੇ ਅੱਜ ਉਸ ਦੇ 12ਵੀਂ ਜਮਾਤ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿਤਾ।
ਸਕੂਲ 'ਚ ਹੋਇਆ ਭਰਵਾਂ ਸਵਾਗਤ
ਉਧਰ ਜਦੋਂ ਪ੍ਰਭਜੋਤ ਨਤੀਜੇ ਤੋਂ ਬਾਅਦ ਸਕੂਲ ਪਹੁੰਚਿਆ, ਤਾਂ ਤਾੜੀਆਂ ਦੀ ਗੂੰਜ ਨਾਲ ਸਕੂਲ ਦਾ ਮਾਹੌਲ ਗੂੰਜ ਉੱਠਿਆ। ਸਕੂਲ ਪ੍ਰਿੰਸੀਪਲ ਜੋਤੀ ਸੂਦ ਅਤੇ ਐਸਐਸ ਜੈਨ ਸਭਾ ਦੇ ਸਕੱਤਰ ਧਨੇਂਦਰ ਜੈਨ ਨੇ ਪ੍ਰਭਜੋਤ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਪ੍ਰਭਜੋਤ ਹੁਣ ਹੋਰ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਗਿਆ ਹੈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਪ੍ਰਭਜੋਤ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਹੀ ਆਪਣੀ ਲਗਨ ਨਾਲ ਮੰਜ਼ਿਲਾਂ ਨੂੰ ਸਰ ਕਰ ਲੈਂਦੇ ਹਨ।
ਕੁੜੀਆਂ ਨੇ ਹਾਸਲ ਕੀਤੇ ਪਹਿਲੇ ਤਿੰਨ ਸਥਾਨ
ਕਾਬਿਲੇਗੌਰ ਹੈ ਕਿ ਬੀਤੇ ਦਿਨ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। ਜਿਸ 'ਚ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰਦਿਆਂ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਸਨ। ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਟਾਪ ਕੀਤਾ। ਹਰਸੀਰਤ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਵਿਦਿਆਰਥਣ ਹੈ। ਫਿਰੋਜ਼ਪੁਰ ਦੇ ਕਸੋਆਣਾ ਦੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ (99.6%) ਪ੍ਰਾਪਤ ਕਰਕੇ ਸੂਬੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਐਸਐਸ ਮੈਮੋਰੀਅਲ ਸੀਨੀਅਰ ਪਬਲਿਕ ਸਕੂਲ ਕਸੋਆਣਾ ਦੀ ਵਿਦਿਆਰਥਣ ਹੈ। ਮਾਨਸਾ ਦੇ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਟੀਖੀ ਦੀ ਵਿਦਿਆਰਥਣ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੂਬੇ 'ਚ 91 ਪ੍ਰਤੀਸ਼ਤ ਵਿਦਿਆਰਥੀ ਹੋਏ ਪਾਸ
ਗੌਰਤਲਬ ਹੈ ਕਿ 12ਵੀਂ ਜਮਾਤ ਦੇ 91 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਨਤੀਜਾ ਪਿਛਲੇ ਸਾਲ ਨਾਲੋਂ 2 ਪ੍ਰਤੀਸ਼ਤ ਘੱਟ ਰਿਹਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.32 ਪ੍ਰਤੀਸ਼ਤ ਅਤੇ ਮੁੰਡਿਆਂ ਦੀ 88.08 ਪ੍ਰਤੀਸ਼ਤ ਰਹੀ ਹੈ। 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਆਈ ਹੈ। ਜਦੋਂ ਕਿ 5,950 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਤੋਂ ਇਲਾਵਾ 88 ਵਿਦਿਆਰਥੀਆਂ ਦੇ ਨਤੀਜੇ ਰੋਕੇ ਗਏ ਹਨ। ਪੇਂਡੂ ਖੇਤਰਾਂ ਦੀ ਪਾਸ ਪ੍ਰਤੀਸ਼ਤਤਾ 91.20 ਪ੍ਰਤੀਸ਼ਤ ਰਹੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ 90.74 ਪ੍ਰਤੀਸ਼ਤ ਰਹੀ। ਇਸ ਸਾਲ ਕੁੱਲ 2,65,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।
ਵਿਦਿਆਰਥੀ ਇੰਝ ਦੇਖਣ ਆਪਣਾ ਨਤੀਜਾ
12ਵੀਂ ਜਮਾਤ ਦੇ ਨਤੀਜੇ ਬੁੱਧਵਾਰ, 14 ਮਈ ਨੂੰ ਦੁਪਹਿਰ 3 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਐਲਾਨੇ ਗਏ ਸਨ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਜੇਕਰ ਵੈੱਬਸਾਈਟ ਹੌਲੀ ਹੈ ਜਾਂ ਕਰੈਸ਼ ਹੋ ਜਾਂਦੀ ਹੈ, ਤਾਂ ਉਮੀਦਵਾਰ ਆਪਣੀ ਆਰਜ਼ੀ ਮਾਰਕਸ਼ੀਟ ਪ੍ਰਾਪਤ ਕਰਨ ਲਈ SMS ਸਹੂਲਤ ਜਾਂ DigiLocker ਦਾ ਲਾਭ ਉਠਾ ਸਕਦੇ ਹਨ।
- ਜਦੋਂ ਹੌਂਸਲੇ ਬੁਲੰਦ ਹੋਣ ਫਿਰ ਕੁੱਝ ਵੀ ਮੁਸ਼ਕਿਲ ਨਹੀਂ, ਜੈਵੀਰ ਨੇ ਵੀ ਅਜਿਹਾ ਹੀ ਕੀਤਾ
- ਮਾਨਸਾ ਦੀ ਧੀ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਨਾਮ ਕੀਤਾ ਰੌਸ਼ਨ, ਪੂਰੇ ਪੰਜਾਬ 'ਚੋਂ ਹਾਸਿਲ ਕੀਤਾ ਤੀਜਾ ਸਥਾਨ
- ਮਨਵੀਰ ਕੌਰ ਨੇ ਚਮਕਾਇਆ ਫਿਰੋਜ਼ਪੁਰ ਦਾ ਨਾਮ, ਪੰਜਾਬ 'ਚੋਂ ਦੂਜਾ ਸਥਾਨ ਕੀਤਾ ਹਾਸਿਲ
- 12ਵੀਂ ਜਮਾਤ ਦੇ ਨਤੀਜਿਆਂ ਵਿੱਚ ਟਾਪ 10 'ਚ ਲੁਧਿਆਣਾ ਦੇ 2 ਵਿਦਿਆਰਥੀ, RS ਮਾਡਲ ਸਕੂਲ ਅਤੇ BCM ਦੇ ਬੱਚਿਆਂ ਨੇ ਮਾਰੀਆਂ ਮੱਲਾਂ...