ਤਰਨ ਤਾਰਨ: ਪੰਜਾਬ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਸਰਹੱਦ ਪਾਰ ਤੋਂ ਹਥਿਆਰਾਂ ਦੀ ਸਪਲਾਈ ਲੈਂਦੇ ਸਨ ਅਤੇ ਇਸ ਨੂੰ ਅੱਗੇ ਵੇਚਦੇ ਸਨ। ਇਸ ਗਤਿਵਿਧੀ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਅਤੇ ਲਖਨਾ ਪਿੰਡ ਤੋਂ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਨਸ਼ੇ ਦੇ ਆਦੀ ਹਨ ਮੁਲਜ਼ਮ
ਤਰਨ ਤਾਰਨ ਪੁਲਿਸ ਦੇ ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ 'ਸਾਨੂੰ ਸੂਚਨਾ ਮਿਲੀ ਸੀ ਕਿ ਨੌਜਵਾਨਾਂ ਦਾ ਇੱਕ ਗਰੁੱਪ ਆਈਐਸਆਈ ਦੁਆਰਾ ਸਪਾਂਸਰ ਕੀਤੇ ਸਰਹੱਦ ਪਾਰ ਡਰੱਗਜ਼ ਅਤੇ ਹਥਿਆਰਾਂ ਦੇ ਨੈੱਟਵਰਕ ਦਾ ਹਿੱਸਾ ਸੀ। ਪੁਲਿਸ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਟੀਮਾਂ ਬਣਾ ਕੇ ਮੁਲਜ਼ਮ ਕਾਬੂ ਕੀਤੇ ਹਨ। ਮੁਲਜ਼ਮ ਅਰਸ਼ਦੀਪ ਅਤੇ ਸੂਰਜਪਾਲ ਸਿੰਘ ਤੋਂ ਛੇ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤੇ ਹਨ, ਇਨ੍ਹਾਂ ਵਿੱਚ ਦੋ ਅਤਿ-ਆਧੁਨਿਕ PX5 .30 ਪਿਸਤੌਲ ਅਤੇ ਚਾਰ 9ਐਮਐਮ ਗਲੌਕ ਪਿਸਤੌਲ ਜ਼ਿੰਦਾ ਕਾਰਤੂਸਾਂ ਸਮੇਤ ਸ਼ਾਮਲ ਹਨ। ਇਹ ਦੋਵੇਂ ਹੀ ਪਿੱਛੋਂ ਚੰਗੇ ਘਰ ਤੋਂ ਹਨ ਅਤੇ ਦੋਵਾਂ ਕੋਲ ਹੀ 8 ਕਿਲੇ ਜ਼ਮੀਨ ਹੈ ਅਤੇ ਕਾਰੋਬਾਰ ਵੀ ਹੈ, ਇਹ ਨਸ਼ੇ ਦੇ ਆਦੀ ਹੋਣ ਕਾਰਨ ਇਸ ਗਲਤ ਰਾਹ ਪੈ ਗਏ ਸਨ, ਜਿਸ ਕਾਰਨ ਹੁਣ ਇਨ੍ਹਾਂ ਦਾ ਵੱਡਾ ਗਿਰੋਹ ਚੱਲ ਰਿਹਾ ਹੈ ਪੁਲਿਸ ਜਲਦ ਹੀ ਇਸ ਦੇ ਪਿੱਛੇ ਲੁਕੇ ਹੋਏ ਹੋਰ ਵੀ ਬੰਦਿਆਂ ਨੁੰ ਟਰੇਸ ਕਰ ਰਹੀ ਹੈ ਅਤੇ ਜਲਦ ਹੀ ਹੋਰ ਵੀ ਸਫਲਤਾ ਮਿਲਣ ਦੀ ਉਮੀਦ ਹੈ।'
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਨੇ ਕਿਹਾ ਕਿ 'ਇਹ ਮੁਲਜ਼ਮ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਰਾਜੋਕੇ ਪਿੰਡ ਤੋਂ ਉਨ੍ਹਾਂ ਦੀ ਖੇਪ ਚੁੱਕਦੇ ਸਨ ,ਜਿੱਥੇ ਖੇਪ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ। ਇਹ ਹਥਿਆਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਭਾਰਤ ਵਿੱਚ ਤਸਕਰੀ ਕੀਤੇ ਜਾ ਰਹੇ ਸਨ, ਪਰ ਪੰਜਾਬ ਪੁਲਿਸ ਨੇ ਪਹਿਲਾਂ ਹੀ ਦਬੋਚ ਲਿਆ। ਇਨ੍ਹਾਂ ਉੱਤੇ ਪੁਰਾਣਾ ਜਾਂ ਪਹਿਲਾਂ ਕੋਈ ਵੀ ਕ੍ਰਿਮੀਨਲ ਮਾਮਲਾ ਦਰਜ ਨਹੀਂ ਹੈ।'
ਦੱਸਣਯੋਗ ਹੈ ਕਿ ਇਨੀਂ ਦਿਨੀਂ ਪੁਸਿਲ ਵੱਲੋਂ ਸਰਗਰਮੀ ਦਿਖਾਉਂਦੇ ਹੋਏ ਅਜਿਹੇ ਅਨਸਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ, ਜੋ ਸਰਹੱਦੀ ਖੇਤਰਾਂ 'ਚ ਭਾਰਤੀ ਜਵਾਨਾਂ ਦੀ ਸੂਚਨਾ ਦੁਸ਼ਮਣ ਦੇਸ਼ ਨੂੰ ਦਿੰਦੇ ਆ ਰਹੇ ਹਨ। ਇਸ ਤਹਿਤ ਪੁਲਿਸ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਕੋਈ ਵੀ ਦੇਸ਼ ਵਿਰੋਧੀ ਜਾਂ ਪੰਜਾਬ ਵਿਰੋਧੀ ਗਤਿਵੀਧੀ ਕਰਦਾ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।