ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ ਮਾਨਸਾ ਦੇ ਜੀਵਨ ਜੋਤ ਚਹਿਲ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਮਾਨਸਾ ਲਿਆਉਣ ਦੇ ਲਈ ਮਾਨਸਾ ਪੁਲਿਸ ਦੀ ਟੀਮ ਦਿੱਲੀ ਦੇ ਲਈ ਰਵਾਨਾ ਹੋ ਗਈ ਹੈ। ਦੱਸਦਈਏ ਕਿ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸ਼ੂਟਰ ਅਤੇ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਹਰ ਉਸ ਸ਼ਖਸ ਨੂੰ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਸ ਉਤੇ ਉਨ੍ਹਾਂ ਨੂੰ ਸ਼ੱਕ ਸੀ। ਇਨ੍ਹਾਂ ਵਿਚੋਂ ਹੀ ਇੱਕ ਨਾਮ ਸੀ ਜੀਵਨ ਜੋਤ ਸਿੰਘ ਚਹਿਲ ਜੋ ਕਿ ਅਜੇ ਪੁਲਿਸ ਦੀ ਪਕੜ ਤੋਂ ਦੂਰ ਸੀ।
ਦਿੱਲੀ ਤੋਂ ਕਾਬੂ
ਜੀਵਨ ਜੋਤ ਚਹਿਲ ਨੂੰ ਫੜ੍ਹਨ ਲਈ ਮਾਨਸਾ ਪੁਲਿਸ ਵੱਲੋਂ ਲੁੱਕ ਨੋਟਿਸ ਜਾਰੀ ਕਰਵਾਇਆ ਗਿਆ ਸੀ। ਉੱਥੇ ਹੀ ਬੀਤੇ ਦਿਨ ਦਿੱਲੀ ਏਅਰਪੋਰਟ ਅਥਾਰਟੀ ਵੱਲੋਂ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਜੀਵਨ ਜੋਤ ਚਹਿਲ ਨੂੰ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ ਅਤੇ ਮਾਨਸਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਿਸ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਅੱਜ ਮਾਨਸਾ ਦੀ ਪੁਲਿਸ ਟੀਮ ਡੀਐੱਸਪੀ ਦੀ ਅਗਵਾਈ ਦੇ ਵਿੱਚ ਜੀਵਨ ਜੋਤ ਚਹਿਲ ਨੂੰ ਮਾਨਸਾ ਲੈ ਕੇ ਆਉਣ ਦੇ ਲਈ ਦਿੱਲੀ ਨੂੰ ਰਵਾਨਾ ਹੋ ਗਈ ਹੈ। ਜਿਸ ਨੂੰ ਪੁਲਿਸ ਪਾਰਟੀ ਮਾਨਸਾ ਲਿਆ ਕੇ ਮਾਨਯੋਗ ਅਦਾਲਤ ਚੋ ਪੇਸ਼ ਕਰ ਰਿਮਾਂਡ ਹਾਸਲ ਕਰੇਗੀ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀਆਂ ਕੜੀਆਂ ਬਾਰੇ ਪੁਛਗਿੱਛ ਕਰੇਗੀ।
ਫੇਸਬੁੱਕ ਪੋਸਟ ਨੇ ਖੋਲਿਆ ਭੇਦ
ਜ਼ਿਕਰਯੋਗ ਹੈ ਕਿ ਜੀਵਨਜੋਤ ਚਾਹਲ ਉਰਫ਼ ਜੁਗਨੂੰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸਬੰਧ ਵਿੱਚ ਪਾਈ ਗਈ ਇੱਕ ਪੋਸਟ ਦੇ ਅਧਾਰ 'ਤੇ ਨਾਮਜਦ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਇੱਕ ਫੇਸਬੁੱਕ ਸਟੇਟਸ ਦਿਖਾਇਆ ਸੀ ਜੋ ਚਹਿਲ ਨੇ 29 ਮਈ, 2022 ਦੀ ਸਵੇਰ ਨੂੰ ਯਾਨਿ ਕਿ ਮੂਸੇਵਾਲਾ ਦੇ ਕਤਲ ਵਾਲੇ ਦਿਨ ਸਾਂਝਾ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ, "ਮਾਨਸਾ ਵਿੱਚ ਅੱਜ ਸ਼ਾਮ ਨੂੰ ਬਹੁਤ ਵੱਡਾ ਤੂਫ਼ਾਨ ਆਉਣ ਵਾਲਾ ਹੈ," ਜਿਸ ਨੂੰ ਜੀਵਨ ਜੋਤ ਨੇ ਬਾਅਦ ਵਿੱਚ ਹਟਾ ਦਿੱਤਾ। ਇਸ ਤੋਂ ਬਾਅਦ, ਉਸ ਦਾ ਨਾਮ ਚਾਰਜਸ਼ੀਟ ਵਿੱਚ ਜੋੜਿਆ ਗਿਆ। ਹਾਲਾਂਕਿ, ਸੂਤਰਾਂ ਅਨੁਸਾਰ, ਬਾਅਦ ਵਿੱਚ LoC ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਹਵਾਈ ਅੱਡੇ ਦੇ ਸਿਸਟਮ ਵਿੱਚ ਅਪਡੇਟ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਉਹ ਕਾਬੂ ਵਿੱਚ ਆ ਗਿਆ। ਹੁਣ ਪੁਲਿਸ ਨੂੰ ਅਤੇ ਪਰਿਵਾਰ ਨੂੰ ਇਸ ਮਾਮਲੇ ਸਬੰਧੀ ਹੋਰ ਵੀ ਕੜੇ ਸਬੂਤ ਮਿਲਣ ਦੀ ਸੰਭਾਵਨਾ ਹੈ।