ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਵਫਦ ਨੇ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨਾਲ ਅਹਿਮ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਆਉਣ ਵਾਲੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਰਿਵਾਇਤੀ ਸੰਦੇਸ਼ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਮਗਰੋਂ ਕਿਹਾ, "ਬਾਬਾ ਧੁੰਮਾਂ ਜੀ ਨਾਲ ਗੰਭੀਰ ਗੱਲਬਾਤ ਹੋਈ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਇਹ ਮਸਲਾ ਹੱਲ ਕਰ ਲਿਆ ਜਾਵੇ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਿਸੇ ਤਰ੍ਹਾਂ ਦਾ ਟਕਰਾਅ ਨਾ ਹੋਵੇ।'
'6 ਜੂਨ ਨੂੰ ਗੜਗੱਜ ਨਾ ਕਰਨ ਸੰਦੇਸ਼ ਜਾਰੀ'
ਦੂਜੇ ਪਾਸੇ ਗੱਲਬਾਤ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਇਸ਼ਾਰਾ ਦਿੱਤਾ ਕਿ ਉਨ੍ਹਾਂ ਦੀ ਟਕਸਾਲ ਵੱਲੋਂ ਸਿੱਧਾ ਸਨੇਹਾ ਇਹ ਹੈ ਕਿ ਜਿਸ ਵਿਅਕਤੀ ਨੂੰ ਸਾਰੀ ਸਿੱਖ ਕੌਮ ਅਤੇ ਮੁੱਖ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਦੇ ਤੌਰ 'ਤੇ ਮਨਜ਼ੂਰੀ ਨਾ ਮਿਲੀ ਹੋਵੇ, ਉਹ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਨਹੀਂ ਦੇ ਸਕਦਾ। ਉਨ੍ਹਾਂ ਨੇ ਸਾਫ ਕਿਹਾ, "ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਕੌਮ ਨੇ ਜਥੇਦਾਰ ਤਸਲੀਮ ਨਹੀਂ ਕੀਤਾ। ਇਸ ਲਈ 6 ਜੂਨ ਨੂੰ ਉਹ ਸੰਦੇਸ਼ ਨਾ ਜਾਰੀ ਕਰਨ।
'ਸਰਬ ਸੰਮਤੀ ਹਾਸਲ ਕਰਨ ਵਾਲਾ ਹੀ ਮੰਨਿਆ ਜਾ ਸਕਦੀ ਹੈ ਜਥੇਦਾਰ'
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਅੱਗੇ ਆਖਿਆ ਕਿ ਅਜਿਹੀ ਹਸਤੀ ਨੂੰ ਹੀ ਜਥੇਦਾਰ ਮੰਨਿਆ ਜਾ ਸਕਦਾ ਹੈ ਜਿਸ ਨੂੰ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਅਤੇ ਪੰਥਕ ਸਰਬ ਸੰਮਤੀ ਹਾਸਲ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਕੇਵਲ SGPC ਦਾ ਨਹੀਂ, ਸਾਰੀ ਕੌਮ ਦੀ ਏਕਤਾ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਇਹ ਰਹਿ ਜਾਂਦਾ ਹੈ ਕਿ SGPC ਅਤੇ ਹੋਰ ਪੰਥਕ ਜਥੇਬੰਦੀਆਂ ਮਿਲ ਕੇ ਅਗਲੇ ਦੋ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਹਨ ਕਿਉਂਕਿ 6 ਜੂਨ ਦੀ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਇਤਿਹਾਸ ਵਿੱਚ ਵੱਖਰਾ ਮਹੱਤਵ ਰੱਖਦੀ ਹੈ। 6 ਜੂਨ 1984 ਨੂੰ ਸਾਕਾ ਨੀਲਾ ਤਾਰਾ ਵਿੱਚ ਜਾਨ ਗਵਾ ਕੇ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਹਰ ਸਾਲ 6 ਜੂਨ ਮੌਕੇ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ।