ਚੰਡੀਗੜ੍ਹ: ਅੱਜ ਪੰਜਾਬ ਪੂਰਾ ਪੰਜਾਬ ਦਾ ਗਰਮੀ ਦੀ ਤਪਸ ਨਾਲ ਬੁਰਾ ਹੁਲਾ ਹੈ। ਜਿਸ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਦਾ ਘਰੋ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਅਸਮਾਨ ਤੋਂ ਵਰ੍ਹ ਰਹੀ ਇਸ ਅੱਗ ਨਾਲ ਜੀਵ ਜੰਤੂ, ਪੇੜ ਪੌਦੇ ਸਭ ਬੁਰੀ ਤਰ੍ਹਾਂ ਝੁਲਸ ਗਏ ਹਨ। ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਗਰਮੀ ਨਾ ਸਿਰਫ਼ ਦਿਨ ਵੇਲੇ ਸਗੋਂ ਰਾਤ ਨੂੰ ਵੀ ਪਰੇਸ਼ਾਨ ਕਰੇਗੀ। ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ਵਿੱਚ ਸਵੇਰੇ 8 ਵੱਜਦੇ ਸਾਰ ਹੀ ਸੂਰਜ ਦੀ ਗਰਮੀ ਨਾਲ ਲੋਕ ਬੇਹਾਲ ਹੋ ਰਹੇ ਹਨ। ਸਵੇਰ ਹੁੰਦਿਆਂ ਹੀ ਪਾਰਾ ਸਿਖਰਾਂ 'ਤੇ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦਾ ਤਾਪਮਾਨ 40 ਤੋਂ ਲੈ ਕੇ 45 ਤੱਕ ਪਹੁੰਚ ਰਿਹਾ ਹੈ। ਦੱਸ ਦਈਏ ਕੇ ਭਿਆਨਕ ਗਰਮੀ ਨੇ 13 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।
ਇਨ੍ਹਾਂ ਜਿਲ੍ਹਿਆਂ ਵਿੱਚ ਲੂ ਦਾ ਔਰੇਂਜ ਅਲਰਟ ਜਾਰੀ?
ਔਰੈਂਜ ਅਲਰਟ: ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਬਰਨਾਲਾ।
ਯੈਲੋ ਅਲਰਟ : ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਐਸਏਐਸ ਨਗਰ (ਮੁਹਾਲੀ), ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ।
ਇਸ ਤੋਂ ਇਲਾਵਾ, ਮੌਸਮ ਵਿਭਾਗ ਮੁਤਾਬਕ, ਬਾਕੀ ਜ਼ਿਲ੍ਹਿਆਂ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਹੈ, ਜਦਕਿ ਉਕਤ ਥਾਵਾਂ ਉੱਤੇ ਦਿਨ-ਰਾਤ ਗਰਮ (ਔਰੇਂਜ ਅਲਰਟ) ਰਹਿਣਗੇ ਅਤੇ ਹੀਟਵੇਵ (ਲੂ) (ਯੈਲੋ ਅਲਰਟ) ਦਾ ਅਲਰਟ ਜਾਰੀ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ
ਚੰਡੀਗੜ੍ਹ ਵਿੱਚ 43.9, ਅੰਮ੍ਰਿਤਸਰ ਵਿੱਚ 44.8, ਲੁਧਿਆਣਾ ਵਿੱਚ 44.0, ਪਟਿਆਲਾ ਵਿੱਚ 44.5, ਪਠਾਨਕੋਟ ਵਿੱਚ 43.2, ਬਠਿੰਡਾ ਵਿੱਚ 47.6, ਫਰੀਦਕੋਟ ਵਿੱਚ 44.4, ਗੁਰਦਾਸਪੁਰ ਵਿੱਚ 44.0, ਫਾਜ਼ਿਲਕਾ ਵਿੱਚ 43.4, ਫਿਰੋਜ਼ਪੁਰ ਵਿੱਚ 43.5, ਹੁਸ਼ਿਆਰਪੁਰ ਵਿੱਚ 42.3, ਜਲੰਧਰ ਵਿੱਚ 42.9, ਮੋਹਾਲੀ ਵਿੱਚ 42.1, ਰੋਪੜ ਵਿੱਚ 41.7
Heat Wave conditions reported at most places with isolated severe heat wave over northern parts of Madhya Pradesh. Also heat Wave conditions reported at some to many places over West Rajasthan, Punjab, Haryana-Chandigarh-Delhi, Jammu-Kashmir, Himachal Pradesh and Southwest UP… pic.twitter.com/GGQykASTV5
— India Meteorological Department (@Indiametdept) June 11, 2025
ਪੰਜਾਬ ਦੇ ਨਾਲ-ਨਾਲ ਭਾਰਤ ਦੇ ਵਿੱਚ ਕਿੱਥੇ-ਕਿੱਥੇ ਵਰ੍ਹ ਰਹੀ ਅੱਗ-
ਜ਼ਿਆਦਾਤਰ ਥਾਵਾਂ 'ਤੇ ਗਰਮੀ ਦੀ ਲਹਿਰ ਦਰਜ ਕੀਤੀ ਗਈ, ਮੱਧ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਦੂਰ-ਦੁਰਾਡੇ ਥਾਵਾਂ 'ਤੇ ਗੰਭੀਰ ਗਰਮੀ ਦੀ ਲਹਿਰ ਦਰਜ ਕੀਤੀ ਗਈ। ਇਸ ਤੋਂ ਇਲਾਵਾ, ਪੱਛਮੀ ਰਾਜਸਥਾਨ, ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਗਰਮੀ ਦੀ ਲਹਿਰ ਦਰਜ ਕੀਤੀ ਗਈ, ਜਦੋਂ ਕਿ ਪੱਛਮੀ ਰਾਜਸਥਾਨ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਦੂਰ-ਦੁਰਾਡੇ ਥਾਵਾਂ 'ਤੇ ਗੰਭੀਰ ਗਰਮੀ ਦੀ ਲਹਿਰ ਦਰਜ ਕੀਤੀ ਗਈ। ਉੱਤਰ-ਪੱਛਮੀ ਭਾਰਤ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ (47.6 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਗੰਗਾਨਗਰ (47.4 ਡਿਗਰੀ ਸੈਲਸੀਅਸ) ਹੈ। ਉੱਤਰ-ਪੱਛਮੀ ਭਾਰਤ ਵਿੱਚ ਗਰਮੀ ਦੀ ਲਹਿਰ ਦੀਆਂ ਸਥਿਤੀਆਂ 13 ਜੂਨ ਤੋਂ ਹੌਲੀ-ਹੌਲੀ ਘੱਟ ਹੋਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ 13 ਜੂਨ ਤੱਕ ਕਿਵੇਂ ਰਹੇਗਾ ਮੌਸਮ?
ਮੌਸਮ ਵਿਭਾਗ ਮੁਤਾਬਕ, ਭਲਕੇ 11 ਜੂਨ ਨੂੰ ਵੀ ਅੱਜ ਵਾਂਗ ਮੌਸਮ ਰਹੇਗਾ। ਇਸ ਤੋਂ ਇਲਾਵਾ, 12 ਅਤੇ 13 ਜੂਨ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਿਰਫ਼ ਯੈਲੋ (ਲੂ ਅਲਰਟ) ਜਾਰੀ ਹੈ।
ਕਦੋਂ ਤੋਂ ਬਦਲੇਗਾ ਮੌਸਮ ?
ਪੀਏਯੂ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਫਿਲਹਾਲ ਕੋਈ ਰਾਹਤ ਦੀ ਉਮੀਦ ਨਹੀਂ ਹੈ, ਪਰ ਕੁਝ ਦਿਨਾਂ ਬਾਅਦ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਕਿਹਾ ਕਿ ਤਾਪਮਾਨ 40 ਡਿਗਰੀ ਤੋਂ ਪਾਰ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਹੈ। 13 ਜੂਨ ਤੱਕ ਮੀਂਹ ਨੂੰ ਲੈ ਕੇ ਫਿਲਹਾਲ ਕੋਈ ਵੀ ਅਲਰਟ ਜਾਰੀ ਨਹੀਂ।
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ, 14 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ ਪੱਛਮੀ ਚੱਕਰਵਾਰ ਦੇ ਚੱਲਦਿਆਂ ਗਰਮੀ ਦਾ ਪ੍ਰਕੋਪ ਵਧਿਆ ਹੈ।
ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਗਰਮੀ ਦੇ ਪ੍ਰਕੋਪ ਦੇ ਚੱਲਦਿਆਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਤੇ ਲੋਕ ਇਸ ਗਰਮੀ ਤੋਂ ਬਚਣ ਲਈ ਖਾਸ ਧਿਆਨ ਰੱਖਣ। ਉਹਨਾਂ ਨੇ ਜਿੱਥੇ ਸਿਹਤ ਸਬੰਧੀ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਅਤੇ ਸਿਰ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਹੈ।
ਆਉਂਦੇ ਦਿਨਾਂ ਵਿੱਚ ਮਿਲ ਸਕਦੀ ਰਾਹਤ!
ਹਾਲਾਂਕਿ, ਉਹਨਾਂ ਨੇ ਕਿਹਾ ਕਿ ਮੌਨਸੂਨ ਦੀ ਆਮਦ ਪਹਿਲਾਂ ਦੱਖਣੀ ਭਾਰਤ ਤੋਂ ਸ਼ੁਰੂ ਹੋਵੇਗੀ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਦੋਂ ਤੱਕ ਪੰਜਾਬ ਵਿੱਚ ਇਸ ਦੀ ਆਮਦ ਹੋਵੇਗੀ। ਪਰ, ਉਹਨਾਂ ਕਿਹਾ ਕਿ ਫਿਲਹਾਲ ਕੁਝ ਸਿਸਟਮ ਜਰੂਰ ਵਿਕਸਿਤ ਹੋਏ ਹਨ, ਜਿਨ੍ਹਾਂ ਕਰਕੇ ਆਉਂਦੇ ਦਿਨਾਂ ਵਿੱਚ ਮੁੜ ਤੋਂ ਕਿਤੇ ਕਿਤੇ ਬਾਰਿਸ਼ ਵਰਗਾ ਮੌਸਮ ਬਣ ਸਕਦਾ ਹੈ, ਪਰ ਫਿਲਹਾਲ ਦੋ-ਤਿੰਨ ਦਿਨ ਇਸੇ ਤਰ੍ਹਾਂ ਗਰਮੀ ਪਏਗੀ।