ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਮਜੀਠਾ ਹਲਕੇ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਉੱਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੂਜਾ ਨਾਂ "ਝੂਠ" ਹੈ ਅਤੇ ਕੇਜਰੀਵਾਲ ਦਾ ਦੂਜਾ ਨਾਂ "ਡਰਾਮਾ" ਹੈ।
ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ, 'ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਾਢੇ ਤਿੰਨ ਸਾਲ ਹੋ ਚੁੱਕੇ ਹਨ ਪਰ ਇਨ੍ਹਾਂ ਸਾਲਾਂ ਵਿੱਚ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੋਈ ਢੰਗ ਦਾ ਕੰਮ ਨਹੀਂ ਕੀਤਾ। "ਨਾ ਹੀ ਨਵਾਂ ਕਾਰੋਬਾਰ ਆਇਆ ਅਤੇ ਨਾ ਹੀ ਨਵੀਆਂ ਇੰਡਸਟਰੀਆਂ ਲੱਗੀਆਂ ਹਨ। ਵਪਾਰੀ ਅਤੇ ਉਦਯੋਗਪਤੀ ਪੰਜਾਬ ਛੱਡਣ ਲਈ ਮਜਬੂਰ ਹੋ ਰਹੇ ਹਨ।" ਬਿਕਰਮ ਮਜੀਠੀਆ ਨੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਖ਼ਸਤਾਹਾਲੀ ਉੱਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ।'
'ਸਰਕਾਰੀ ਕੰਮਕਾਜ ਬੇਹੱਦ ਪ੍ਰਭਾਵਿਤ'
ਮਜੀਠੀਆ ਨੇ ਕਿਹਾ ਕਿ "ਸੂਬੇ ਵਿੱਚ ਵਪਾਰੀ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮਾੜੇ ਹਾਲਾਤਾਂ ਕਰਕੇ ਇੱਥੋਂ ਦੀ ਉਦਯੋਗਿਕ ਨੀਤੀ ਸਿਰਫ਼ ਪ੍ਰੋਪਰਟੀ ਡਿਵੈਲਪਰਾਂ ਨੂੰ ਲਾਭ ਪਹੁੰਚਾਉਣ ਦਾ ਇੱਕ ਸੌਦਾ ਬਣ ਗਈ ਹੈ।"ਜੰਡਿਆਲਾ ਗੁਰੂ ਦੇ ਹਾਲਾਤਾਂ ਨੂੰ ਲੈ ਕੇ ਵੀ ਮਜੀਠੀਆ ਨੇ ਸਰਕਾਰ ਨੂੰ ਘੇਰਿਆ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਐਸਐਚਓ ਅਤੇ ਡੀਐਸਪੀ ਦੀਆਂ ਤਾਇਨਾਤੀਆਂ ਉੱਤੇ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਖ਼ਲ ਕਰਕੇ ਸਰਕਾਰੀ ਕੰਮਕਾਜ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ।
- ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਕਾਂਗਰਸੀ ਆਗੂਆਂ ਨੇ ਚੁੱਕੇ ਸਰਕਾਰ 'ਤੇ ਸਵਾਲ, ਕਿਹਾ-ਕਿਉਂ ਹਾਲੇ ਤੱਕ ਨਹੀਂ ਹੋਈ ਤਫਤੀਸ਼ ਪੂਰੀ
- ਪੰਜਾਬ ਵਿੱਚ ਤਿੰਨ ਗੁਣਾ ਵਧੀ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ, ਮਹੀਨੇ 'ਚ 91 ਲੱਖ ਪਹੁੰਚੀ ਸਰਕਾਰੀ ਗੋਲੀ ਦੀ ਖਪਤ
- ਖੰਨਾ 'ਚ ਪੁਲਿਸ ਮੁਕਾਬਲਾ: ਮੁਲਜ਼ਮ ਅਰੁਣ ਕੁਮਾਰ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ, ਮੌਕੇ ਤੋਂ 32 ਬੋਰ ਦੀ ਪਿਸਤੌਲ ਵੀ ਬਰਾਮਦ
ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ
ਮਜੀਠੀਆ ਨੇ ਆਖਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਲੋਕਾਂ ਦੀ ਸੁਰੱਖਿਆ ਵੀ ਖਤਰੇ 'ਚ ਪਈ ਹੋਈ ਹੈ। ਮਜੀਠੀਆ ਨੇ ਅਖੀਰ ਵਿੱਚ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਹਮੇਸ਼ਾਂ ਲੋਕਾਂ ਦੀ ਭਲਾਈ ਅਤੇ ਪੰਜਾਬ ਦੇ ਹਿੱਤ ਲਈ ਲੜਦਾ ਰਹੇਗਾ।