ਬਰਨਾਲਾ: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਬਰਨਾਲਾ ਵਿਖੇ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਵਿੱਚ ਵਿਸ਼ੇਸ਼ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੀਆਂ 113 ਪੰਚਾਇਤਾਂ ਨੇ ਪੁਲਿਸ ਨੂੰ ਨਸ਼ਿਆਂ ਵਿਰੁੱਧ ਸਾਥ ਦੇਣ ਦਾ ਐਲਾਨ ਕੀਤਾ। ਇਸ ਸਮਾਗਮ ਮੌਕੇ ਵਿਸ਼ੇਸ ਤੌਰ 'ਤੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਪਹੁੰਚੇ, ਜਿਨ੍ਹਾਂ ਨੇ ਬਰਨਾਲਾ ਦੀਆਂ ਪੰਚਾਇਤਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਆਮ ਲੋਕਾਂ ਤੋਂ ਨਸ਼ੇ ਵਿਰੁੱਧ ਮੁਹਿੰਮ ਵਿੱਚ ਸਾਥ ਦੀ ਅਪੀਲ ਕੀਤੀ। ਇਸ ਸਮਾਗਮ ਮੌਕੇ ਪੰਜਾਬੀ ਫਿਲਮ ਜਗਤ ਦੇ ਕਲਾਕਾਰ ਰੁਪਿੰਦਰ ਕੌਰ ਰੂਪੀ ਅਤੇ ਸਰਦਾਰ ਸੋਹੀ ਵੀ ਪਹੁੰਚੇ, ਜਿਹਨਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ।
ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ
ਇਸ ਮੌਕੇ ਗੱਲਬਾਤ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਬਰਨਾਲਾ ਵਿਖੇ 113 ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਅੱਜ ਪੰਚਾਇਤਾਂ ਨੇ ਵਿਸ਼ਵਾਸ਼ ਦਵਾਇਆ ਹੈ ਕਿ ਉਹ ਨਸ਼ੇ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਵਧ ਚੜ੍ਹ ਕੇ ਸਾਥ ਦੇਣਗੀਆਂ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਭਰੋਸਾ ਦਿੱਤਾ ਹੈ। ਉੱਥੇ ਪੰਚਾਇਤਾਂ ਨੇ ਨਸ਼ੇ ਤੋਂ ਪੀੜਤਾਂ ਦਾ ਦਾ ਇਲਾਜ਼ ਕਰਵਾਉਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰ ਬਖ਼ਸੇ ਨਹੀਂ ਜਾਣਗੇ।

ਪੰਜਾਬੀਆਂ ਨੂੰ ਨਸ਼ੇ ਲਈ ਬਦਨਾਮ ਕੀਤਾ ਗਿਆ
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਸ਼ੇ ਵਿਰੋਧੀ ਇਹ ਮੁਹਿੰਮ ਲੋਕ ਲਹਿਰ ਬਣ ਚੁੱਕੀ ਹੈ ਅਤੇ ਜੋ ਮੁਹਿੰਮ ਲੋਕ ਲਹਿਰ ਬਣ ਜਾਵੇ, ਉਹ ਹਰ ਹਾਲਤ ਸਫ਼ਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਪੁਲਿਸ ਇਸ ਕੰਮ ਲਈ ਵਧਾਈ ਦੀ ਪਾਤਰ ਹੈ। ਬਰਨਾਲਾ ਪੁਲਿਸ ਨੂੰ ਇਸ ਸੁਚੱਜੇ ਉਪਰਾਲੇ ਲਈ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਨਸ਼ੇ ਲਈ ਬਦਨਾਮ ਕੀਤਾ ਗਿਆ ਹੈ। ਪੰਜਾਬ ਪੁਲਿਸ ਅਤੇ ਪੰਜਾਬ ਦੇ ਲੋਕ ਹੁਣ ਆਪਣੇ ਉਪਰ ਲੱਗੇ ਨਸ਼ੇ ਦਾ ਦਾਗ਼ ਧੋਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਸ ਦੇ ਨਤੀਜੇ ਬਹੁਤ ਚੰਗੇ ਸਾਹਮਣੇ ਆਉਣਗੇ।

ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਸ਼ੇ ਤੋਂ ਪੀੜਤ ਲੋਕਾਂ ਨੂੰ ਸਿਹਤ ਵਿਭਾਗ ਦੇ ਨਾਲ ਮਿਲ ਕੇ ਉਨ੍ਹਾਂ ਦਾ ਇਲਾਜ਼ ਕਰਵਾਉਣ ਲਈ ਪੰਜਾਬ ਪੁਲਿਸ ਯਤਨਸ਼ੀਲ ਰਹੇਗੀ। ਇਸ ਲਈ ਪੰਚਾਇਤਾਂ ਅਤੇ ਆਮ ਲੋਕਾਂ ਦਾ ਸਾਥ ਬਹੁਤ ਜ਼ਰੂਰ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਰੇਂਜ ਅਧੀਨ ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਪਟਿਆਲਾ ਜਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਜਿਹੜੇ ਲੋਕ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਏ। ਉਨ੍ਹਾਂ ਨੂੰ ਆਸਾਮ ਜੇਲ੍ਹ ਵਿੱਚ ਟ੍ਰਾਂਸਫ਼ਰ ਕੀਤਾ ਗਿਆ ਹੈ। ਨਸ਼ਾ ਤਸਕਰਾਂ ਨੂੰ ਅਜੇ ਵੀ ਚੌਕੰਨੇ ਹੋ ਜਾਣਾ ਚਾਹੀਦਾ ਹੈ ਅਤੇ ਇਹ ਕਾਲੇ ਕੰਮ ਛੱਡ ਦੇਣੇ ਚਾਹੀਦੇ ਹਨ।