ਬਠਿੰਡਾ: ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਬਠਿੰਡਾ ਦੇ ਪਿੰਡ ਲਹਿਰਾ ਬੇਗਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਅਧਿਆਪਕਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ 'ਤੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਵੱਲੋਂ ਸਕੂਲ ਵਿਦਿਆਰਥੀਆਂ ਲਈ ਅਰਚਰੀ ਦੀ ਖੇਡ ਸ਼ੁਰੂ ਕਰਵਾਈ ਗਈ। ਉਹਨਾਂ ਵੱਲੋਂ ਸ਼ੁਰੂ ਕਰਵਾਈ ਗਈ ਇਸ ਖੇਡ ਵਿੱਚ ਨਿਪੁੰਨ ਹੁੰਦਿਆਂ ਸਕੂਲ ਦੇ ਇੱਕ ਵਿਦਿਆਰਥੀ ਨਵਦੀਪ ਸਿੰਘ ਵੱਲੋਂ ਇੰਡੋ ਕਨੇਡੀਅਨ ਖੇਡਾਂ ਦੌਰਾਨ ਨੇਪਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।
ਨੇਪਾਲ 'ਚ ਜਿੱਤਿਆ ਮੈਡਲ: ਇਸ ਮੌਕੇ ਗੱਲਬਾਤ ਦੌਰਾਨ ਖਿਡਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿਰਾ ਬੇਗਾ ਦਾ ਵਿਦਿਆਰਥੀ ਹੈ। ਇਸ ਸਕੂਲ ਦੇ ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਤਿੰਨ ਸਾਲ ਪਹਿਲਾਂ ਅਰਚਰੀ ਦੀ ਖੇਡ ਸ਼ੁਰੂ ਕਰਵਾਈ ਗਈ ਸੀ। ਭਾਵੇਂ ਇਹ ਖੇਡ ਕਾਫੀ ਮਹਿੰਗੀ ਸੀ ਪਰ ਸਕੂਲ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਰਚਰੀ ਦੀ ਖੇਡ ਸਿੱਖਣ ਵਾਲੇ ਖਿਡਾਰੀਆਂ ਨੂੰ ਕਿੱਟਾਂ ਉਪਲਬਧ ਕਰਾਈਆਂ ਗਈਆਂ ਸਨ। ਇਸ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸਕੂਲ ਵੱਲੋਂ ਆਪਣੇ ਪੱਧਰ 'ਤੇ ਕੋਚ ਦਾ ਪ੍ਰਬੰਧ ਕੀਤਾ ਗਿਆ। ਕੋਚ ਦੀ ਅਗਵਾਈ ਵਿੱਚ ਉਹਨਾਂ ਵੱਲੋਂ ਪ੍ਰਾਪਤ ਕੀਤੀ ਗਈ ਕੋਚਿੰਗ ਤੋਂ ਬਾਅਦ ਉਹ ਇੰਡੋ ਕਨੇਡੀਅਨ ਖੇਡਾਂ ਦੌਰਾਨ ਨੇਪਾਲ ਖੇਡਣ ਗਿਆ ਅਤੇ ਚਾਂਦੀ ਦਾ ਮੈਡਲ ਲੈ ਕੇ ਆਇਆ। ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਇਕੱਲਾ ਅਜਿਹਾ ਖਿਡਾਰੀ ਸੀ ਜੋ ਅਰਚਰੀ ਖੇਡ ਲਈ ਚੁਣਿਆ ਗਿਆ ਸੀ ਅਤੇ ਜਿਸ ਨੇ ਚਾਂਦੀ ਦਾ ਮੈਡਲ ਜਿੱਤਿਆ ਹੈ।
ਪਿੰਡ ਵਾਸੀਆਂ ਤੇ ਸਕੂਲਾਂ ਅਧਿਆਪਕਾਂ ਦੀ ਕੋਸ਼ਿਸ਼: ਅਰਚਰੀ ਖੇਡ ਦੀ ਟ੍ਰੇਨਿੰਗ ਲੈ ਰਹੇ ਵੱਖ-ਵੱਖ ਖਿਡਾਰੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਵਿਦਿਆਰਥੀ ਹੁਣ ਜ਼ਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਸਕੂਲ ਦੇ ਸਟਾਫ ਅਤੇ ਪਿੰਡ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਵਿੱਚ ਅਰਚਰੀ ਦੀ ਖੇਡ ਸ਼ੁਰੂ ਕਰਵਾਈ ਗਈ ਸੀ। ਜਿਸ ਪਿੱਛੇ ਸਭ ਤੋਂ ਅਹਿਮ ਯੋਗਦਾਨ ਸਕੂਲ ਦੇ ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਦਾ ਸੀ। ਜਿਨਾਂ ਵੱਲੋਂ ਸ਼ੁਰੂ-ਸ਼ੁਰੂ ਵਿੱਚ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਵਿਦਿਆਰਥੀਆਂ ਨੂੰ ਖੇਡ ਕਿੱਟਾਂ ਉਪਲਬਧ ਕਰਵਾਈਆਂ ਗਈਆਂ। ਚੰਗਾ ਪ੍ਰਦਰਸ਼ਨ ਵੇਖਦੇ ਹੋਏ ਮਾਪਿਆਂ ਅਤੇ ਪਿੰਡ ਦੇ ਸਹਿਯੋਗੀ ਸੱਜਣਾਂ ਵੱਲੋਂ ਉਨਾਂ ਨੂੰ ਉਤਸ਼ਾਹਤ ਕੀਤਾ ਅਤੇ ਲੋੜੀਂਦੇ ਸਮਾਨ ਉਪਲਬਧ ਕਰਵਾ ਕੇ ਦਿੱਤੇ।
ਨੇਪਾਲ ਵਿਖੇ ਹੋਈਆਂ ਇੰਡੋ ਕਨੇਡੀਅਨ ਖੇਡਾਂ ਦੌਰਾਨ ਵਿਦਿਆਰਥੀ ਨਵਦੀਪ ਸਿੰਘ ਆਰਚਰੀ ਖੇਡ 'ਚ ਚਾਂਦੀ ਦਾ ਮੈਡਲ ਜਿੱਤ ਕੇ ਆਇਆ ਹੈ। ਜਿਸ ਨਾਲ ਸਾਡੀ ਤਿੰਨ ਸਾਲ ਦੀ ਮਿਹਨਤ ਨੂੰ ਬੂਰ ਪਿਆ ਹੈ। ਸਾਡਾ ਹਾਲੇ ਟੀਚਾ ਪੂਰਾ ਨਹੀਂ ਹੋਇਆ ਹੈ। ਅਸੀਂ ਹਾਲੇ ਜ਼ਿਲ੍ਹਾ ਪੱਧਰੀ ਤੇ ਸੂਬਾ ਪੱਧਰੀ ਮੁਕਾਬਲੇ ਵੀ ਜਿੱਤਣੇ ਹਨ। ਜਿਸ ਤੋਂ ਬਾਅਦ ਸਾਡਾ ਨਿਸ਼ਾਨਾ ਬੱਚਿਆਂ ਨੂੰ ਓਲੰਪਿਕ ਖੇਡਦੇ ਦੇਖਣਾ ਹੈ। ਜਿੰਨਾਂ ਇੰਨ੍ਹਾਂ ਬੱਚਿਆਂ 'ਚ ਹੌਂਸਲਾ ਹੈ, ਮੈਨੂੰ ਨੀ ਲੱਗਦਾ ਕਿ ਇਹ ਪਿੱਛੇ ਮੁੜਨ ਵਾਲੇ ਹਨ, ਕਿਉਂਕਿ ਇਹ ਹਰ ਦਿਨ ਤਿੰਨ ਘੰਟੇ ਪ੍ਰੈਕਟਿਸ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਇਹ ਖੇਡ ਖੇਡਣ ਲਈ ਲਗਾਈਏ। ਇਸ ਖੇਡ 'ਚ ਜਿਥੇ ਅਧਿਆਪਕ ਸਹਿਯੋਗ ਦੇ ਰਹੇ ਹਨ ਤਾਂ ਉਥੇ ਹੀ ਪਿੰਡ ਦੇ ਲੋਕ ਵੀ ਇਸ 'ਚ ਪੂਰਾ ਸਾਥ ਦੇ ਰਹੇ ਹਨ। ਇਸ ਤੋਂ ਇਲਾਵਾ ਵੀ ਬੱਚੇ ਹੋਰ ਖੇਡਾਂ 'ਚ ਕਈ ਮੈਡਲ ਜਿੱਤ ਚੁੱਕੇ ਹਨ। -ਕੁਲਵਿੰਦਰ ਸਿੰਘ ਕਟਾਰੀਆ, ਸਕੂਲ ਹੈੱਡ ਮਾਸਟਰ
ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ: ਸਕੂਲ ਦੇ ਹੈੱਡ ਮਾਸਟਰ ਕੁਲਵਿੰਦਰ ਕਟਾਰੀਆ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹਨਾਂ ਵੱਲੋਂ ਸਕੂਲ ਵਿੱਚ ਅਰਚਰੀ ਦੀ ਖੇਡ ਸ਼ੁਰੂ ਕਰਵਾਈ ਗਈ ਸੀ ਅਤੇ ਫਿਰ ਕੋਚ ਦਾ ਪ੍ਰਬੰਧ ਕੀਤਾ ਗਿਆ ਸੀ। ਮਹਿੰਗੀ ਖੇਡ ਹੋਣ ਕਾਰਨ ਸਕੂਲ ਦੇ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਉਹਨਾਂ ਨੂੰ ਸਹਿਯੋਗ ਦਿੱਤਾ ਗਿਆ ਅਤੇ ਬੱਚਿਆਂ ਨੂੰ ਖੇਡ ਕਿੱਟਾਂ ਦੇ ਨਾਲ-ਨਾਲ ਪ੍ਰੈਕਟਿਸ ਲਈ ਸਮਾਨ ਉਪਲਬਧ ਕਰਵਾ ਕੇ ਦਿੱਤਾ। ਉਹਨਾਂ ਕਿਹਾ ਕਿ ਬਿਨਾਂ ਸਰਕਾਰ ਦੇ ਸਹਿਯੋਗ ਤੋਂ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਤੇ ਖਿਡਾਰੀ ਚੰਗੀ ਕੋਚਿੰਗ ਦੇ ਨਾਲ-ਨਾਲ ਖੇਡਾਂ ਵਿੱਚ ਚੰਗੇ ਸਥਾਨ ਪ੍ਰਾਪਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇੱਕ ਵਿਦਿਆਰਥੀ ਲਈ ਖੇਡਾਂ ਹੀ ਉਨੀਆਂ ਜ਼ਰੂਰੀ ਹਨ, ਜਿੰਨਾਂ ਸਿੱਖਿਆ ਕਿਉਂਕਿ ਦਿਮਾਗੀ ਵਿਕਾਸ ਲਈ ਖੇਡਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਨ ਤਾਂ ਜੋ ਉਹ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਣ।
- ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ, ਮੁਲਜ਼ਮਾਂ ਨੂੰ ਤਨਖ਼ਾਹ ਦੇਣ ਲਈ ਵੀ ਸਰਕਾਰ ਕੋਲ ਫੰਡ ਨਹੀਂ, ਹੁਣ ਕੀ ਬਣੇਗਾ ਪੰਜਾਬ ਦਾ, ਦੇਖੋ ਖਾਸ ਰਿਪੋਟਰ - Chief Minister Bhagwant Maan
- ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਹੋਈ ਭਿਆਨਕ ਝੜਪ, ਲਗਾਤਾਰ ਅੱਧਾ ਘੰਟਾ ਚੱਲਦੇ ਰਹੇ ਇੱਟਾਂ-ਰੋੜੇ, ਹੋਏ ਗੰਭੀਰ ਜ਼ਖਮੀ - A dispute between two parties
- ਸਿਮਰਨਜੀਤ ਮਾਨ ਦੀ ਪਾਰਟੀ ਨੇ ਬਰਨਾਲਾ ਜ਼ਿਮਨੀ ਚੋਣ ਲਈ ਖਿੱਚੀ ਤਿਆਰੀ - Simranjit Mann Barnala ByElection