ਅੰਮ੍ਰਿਤਸਰ : ਇੱਕ ਵਾਰ ਮੁੜ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਬੀਤੀ ਦੇਰ ਰਾਤ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਸ੍ਰੀ ਗੁਟਕਾ ਸਾਹਿਬ ਦੇ ਅੰਗ ਫਾੜ੍ਹੇ
ਮੁਲਜ਼ਮ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਹਨ। ਜਦੋਂ ਕਿ ਮੌਕੇ ਉੱਤੇ ਹੀ ਸੰਗਤ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਉਸ ਨੂੰ ਲੈ ਕੇ ਸੱਚਖੰਡ ਦੇ ਚਾਰੇ ਪਾਸੇ ਚੱਪੇ-ਚੱਪੇ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਫਿਰ ਵੀ ਅਜਿਹੀ ਘਟਨਾ ਦਾ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ।
ਐੱਸਜੀਪੀਸੀ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਾਅਦ ਵਿੱਚ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਦੇਰ ਰਾਤ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੁੱਟੇ। ਮੌਕੇ ਉੱਤੇ ਸੰਗਤ ਨੇ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਕੋਲ ਸੌਂਪ ਦਿੱਤਾ ਗਿਆ। ਪਰ, ਬਾਅਦ ਵਿੱਚ ਇਹੀ ਕਿਹਾ ਜਾਣਾ ਹੈ ਕਿ ਉਹ ਮਾਨਸਿਕ ਰੂਪ ਤੋਂ ਠੀਕ ਨਹੀਂ। ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮਾਨਸਿਕ ਰੂਪ ਤੋਂ ਬਿਮਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬ ਦੀ ਬੇਅਦਬੀ ਹੀ ਕਿਉ ਕਰ ਰਹੇ। ਇਹ ਤਾਜ਼ਾ ਘਟਨਾ ਘਲੂਘਾਰਾ ਦਿਹਾੜੇ ਮੌਕੇ ਹੋਈ ਹੈ, ਸੋ ਮੁਲਜ਼ਮ ਕੋਲੋਂ ਚੰਗੀ ਤਰ੍ਹਾਂ ਪੁਛਗਿੱਛ ਹੋਣੀ ਚਾਹੀਦੀ ਹੈ। ਇਸ ਸਬੰਧੀ ਸਜ਼ਾ-ਏ-ਮੌਤ ਵਰਗਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ। - ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਅਧਿਕਾਰੀ
ਹਾਲਾਂਕਿ, ਇਸ ਸਬੰਧੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਜਵਾਬ ਦੇਣ ਤੋਂ ਕਤਰਾਉਂਦੇ ਨਜ਼ਰ ਆਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦੀ ਟੀਮ ਉਸ ਤੋਂ ਜਾਂਚ ਕਰ ਰਹੀ ਹੈ।
"ਅਜਿਹੀ ਘਟਨਾ ਵਾਪਰ ਜਾਣਾ ਮੰਦਭਾਗਾ ਵਰਤਾਰਾ"
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੇੜੇ ਗੁਰੂ ਅਰਜਨ ਦੇਵ ਨਿਵਾਸ ਕੋਲ ਗੁਟਕਾ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਨੇ ਬਠਿੰਡਾ ਵਿਖੇ ਬਾਬਾ ਟੇਕ ਸਿੰਘ ਧਨੌਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ, "ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਜਿੱਥੇ ਇੰਨੀ ਵੱਡੀ ਪੁਲਿਸ ਫੋਰਸ ਤੈਨਾਤ ਹੈ, ਉੱਥੇ ਅਜਿਹੀ ਘਟਨਾ ਵਾਪਰ ਜਾਣਾ ਮੰਦਭਾਗਾ ਵਰਤਾਰਾ ਹੈ। ਵਾਰ- ਵਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ।"
ਉਨ੍ਹਾਂ ਕਿਹਾ ਕਿ, "ਸਰਕਾਰ ਨੂੰ ਅਜਿਹੇ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਏਜੰਸੀਆਂ ਦੀ ਖੇਡ ਹੈ ਅਤੇ ਇਸ ਬਾਰੇ ਸਿੱਖ ਸੰਗਤ ਸਾਹਮਣੇ ਸੱਚਾਈ ਆਉਣੀ ਚਾਹੀਦੀ ਹੈ।"