ਕਪੂਰਥਲਾ: ਪੰਜਾਬ ਦੇ ਮਸ਼ਹੂਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਅੱਜ ਸਾਬਕਾ ਐੱਸਜੀਪੀਸੀ ਮੈਂਬਰ ਬੀਬੀ ਜਗੀਰ ਕੌਰ ਦੀ ਤਰੀਫ ਕੀਤੀ ਅਤੇ ਕਿਹਾ ਕਿ ਬੀਬੀ ਦਾ ਸੁਭਾਅ ਸ਼ੁਰੂ ਤੋਂ ਹੀ ਬਹੁਤ ਚੰਗਾ ਰਿਹਾ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖ਼ੂਬੀ ਨਿਭਾਅ ਸਕਦੇ ਹਨ। ਇਸ ਲਈ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਖ਼ਾਸ ਤੌਰ 'ਤੇ ਕਿਹਾ ਸੀ ਕਿ ਜੇਕਰ ਬੀਬੀ ਜੀ ਪ੍ਰਧਾਨ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਲੋਕਾਂ ਨੂੰ ਜੋੜ ਕੇ ਰੱਖਣਗੇ।
ਸੁਖਬੀਰ ਬਾਦਲ ਲਈ ਲਾਹੇਵੰਦ ਸੀ ਬੀਬੀ ਦੀ ਪ੍ਰਧਾਨਗੀ
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ 'ਜੇਕਰ ਸੁਖਬੀਰ ਬਾਦਲ ਲਾਈਵ ਮੇਰੀ ਸਪੀਚ ਸੁਣ ਰਹੇ ਹਨ। ਤਾਂ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਬੀਬੀ ਨੂੰ ਅਹੁਦੇ ਤੋਂ ਨਾ ਹਟਾਇਆ ਹੁੰਦਾ ਉਹ ਅੱਜ ਵੀ ਐਸਜੀਪੀਸੀ ਦੇ ਪ੍ਰਧਾਨ ਹੁੰਦੇ ਤਾਂ ਲੋਕਾਂ ਨੂੰ ਤੁਹਾਡੇ ਨਾਲ ਜੋੜ ਕੇ ਰੱਖਦੇ ਅਤੇ ਉਨ੍ਹਾਂ ਦਾ ਫਾਇਦਾ ਹੀ ਹੁੰਦਾ, ਉਨ੍ਹਾਂ ਕਿਹਾ ਕਿ ਇੱਕ ਸਿੱਖ ਬੀਬੀ ਐਸਜੀਪੀਸੀ ਦੀ ਨੁਮਾਇੰਦਕੀ ਕਰਦੀ ਹੈ ਤਾਂ ਇਹ ਮਾਣ ਵਾਲੀ ਗੱਲ ਹੈ। ਇਸ ਲਈ ਉਨ੍ਹਾਂ ਨੂੰ ਪ੍ਰਧਾਨਗੀ ਵੱਜੋਂ ਜਿੰਮੇਵਾਰੀ ਸੌਂਪਣੀ ਚਾਹੀਦੀ ਸੀ ਕਿਉਂਕਿ ਉਹ ਹਮੇਸ਼ਾ ਹੀ ਨਿਡਰਤਾ ਦੇ ਨਾਲ ਕੌਮ ਦੇ ਹਿੱਤ ਦੀ ਗੱਲ ਕਰਦੇ ਆਏ ਹਨ। ਇਸ ਨਾਲ ਮੇਰੇ ਮੰਨ 'ਤੇ ਬੀਬੀ ਜੀ ਦਾ ਪ੍ਰਭਾਵ ਸੀ,ਮੈਂ ਸੁਖਬੀਰ ਬਾਦਲ ਨਾਲ ਗੱਲ ਕਰਕੇ ਅਤੇ ਉਨ੍ਹਾਂ ਦੇ ਜੋਵੀ ਬੰਦੇ ਮੈਂਨੂੰ ਅੱਜ ਤੱਕ ਮਿਲੇ ਹਨ ਮੈਂ ਉਨ੍ਹਾਂ ਨੂੰ ਹਮੇਸ਼ਾ ਹੀ ਕਿਹਾ ਕਿ ਜੇਕਰ ਬੀਬੀ ਜੀ ਅਹੁਦੇ 'ਤੇ ਰਹਿੰਦੇ ਤਾਂ ਉਨ੍ਹਾਂ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਨਾਲ ਜੋੜਨਾ ਸੀ।'
ਜਥੇਦਾਰ ਨੂੰ ਵੀ ਕੀਤੀ ਅਪੀਲ
ਜ਼ਿਕਰਯੋਗ ਹੈ ਕਿ ਅੱਜ ਕਪੂਰਥਲਾ ਦੇ ਕਸਬਾ ਨਡਾਲਾ ਵਿਖੇ, ਗੁਰਦੁਆਰਾ ਪਰਮੇਸ਼ਵਰ ਦੁਆਰ ਦੀ ਤਰਜ਼ 'ਤੇ ਪ੍ਰਸਿੱਧ ਪ੍ਰਚਾਰਕ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬਣਾਏ ਗਏ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਮੌਕੇ ਜਿਥੇ ਧਾਰਮਿਕ ਦੀਵਾਨ ਸਜਾਏ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ। ਉਨ੍ਹਾਂ ਨੂੰ ਧਰਮ ਪ੍ਰਚਾਰ ਲਈ ਇੱਕ ਵਿਸ਼ੇਸ਼ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਜਥੇਦਾਰ ਇਹ ਕਹਿ ਰਹੇ ਹਨ ਕਿ ਉਹ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਜਾ ਰਹੇ ਹਨ, ਇਹ ਬੜਾ ਚੰਗਾ ਕਦਮ ਹੈ ਅਤੇ ਸ਼ਲਾਘਾ ਯੋਗ ਉਪਰਾਲਾ ਵੀ ਹੈ।