ਗੁਰਦਾਸਪੁਰ: ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਮੁਲਜ਼ਮ ਪਾਦਰੀ ਜਸ਼ਨ ਗਿੱਲ ਨੇ ਆਖਿਰਕਾਰ ਬੁੱਧਵਾਰ ਦੁਪਹਿਰ ਨੂੰ ਗੁਰਦਾਸਪੁਰ ਦੀ ਇੱਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਾਦਰੀ ਵਿਰੁੱਧ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਿਸ ਦੋ ਸਾਲਾਂ ਤੱਕ ਚੁੱਪ ਰਹੀ। ਪਾਦਰੀ ਨੂੰ ਭਗੌੜਾ ਐਲਾਨ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਗਿਆ। ਪਰ ਮਾਮਲਾ ਹਾਈਲਾਈਟ ਹੋਣ ਤੋਂ ਬਾਅਦ ਪੁਲਿਸ ਨੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪਾਦਰੀ ਦੀ ਭਾਲ ਵਿੱਚ ਛਾਪੇਮਾਰੀ ਤੋਂ ਇਲਾਵਾ ਉਸ ਦੇ ਭਰਾ ਅਤੇ ਭੈਣ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਪਾਦਰੀ ਨੂੰ ਪਨਾਹ ਦੇਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਕਾਰਨ ਪਾਦਰੀ 'ਤੇ ਦਬਾਅ ਵਧਦਾ ਰਿਹਾ ਅਤੇ ਆਖਿਰਕਾਰ ਉਸ ਨੇ ਬੁੱਧਵਾਰ ਨੂੰ ਗੁਰਦਾਸਪੁਰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਜਦੋਂ ਕਿ ਮੁਲਜ਼ਮ ਦੇ ਭਰਾ ਪ੍ਰੇਮ ਮਸੀਹ ਵਾਸੀ ਜੰਮੂ ਅਤੇ ਭੈਣ ਮਾਰਥਾ ਵਾਸੀ ਪਿੰਡ ਮੁੰਡੀ ਖਰੜ ਮੋਹਾਲੀ ਨੂੰ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ਵਿੱਚ ਜਦੋਂ ਜੱਜ ਨੇ ਮੁਲਜ਼ਮ ਪਾਦਰੀ ਨੂੰ ਪੁੱਛਿਆ ਕਿ ਕੀ ਉਸ ਨੂੰ ਆਪਣੀ ਗਲਤੀ 'ਤੇ ਪਛਤਾਵਾ ਹੈ ਤਾਂ ਉਸ ਨੇ ਕਿਹਾ ਕਿ ਉਸ ਨੇ ਕੁਝ ਨਹੀਂ ਕੀਤਾ। ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੀਨਾਨਗਰ ਥਾਣਾ ਪੁਲਿਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ, ਮੁਲਜ਼ਮ ਪਾਸਟਰ ਜਸ਼ਨ ਗਿੱਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਸ਼ਿਕੰਜਾ ਕੱਸ ਰਹੀ ਸੀ। ਸੋਮਵਾਰ ਨੂੰ ਪੁਲਿਸ ਨੇ ਮੁਲਜ਼ਮ ਦੇ ਭਰਾ ਪ੍ਰੇਮ ਮਸੀਹ ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਮੁਲਜ਼ਮ ਦੀ ਭੈਣ ਮਾਰਥਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਪਾਦਰੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਗਿਆ।
ਛੇ ਮੈਂਬਰੀ ਟੀਮ ਬਣਾਈ ਗਈ ਸੀ
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਐੱਸਐੱਸਪੀ ਆਦਿੱਤਿਆ ਨੇ ਡੀਐੱਸਪੀ ਅਮੋਲਕ ਸਿੰਘ ਦੀ ਅਗਵਾਈ ਹੇਠ ਛੇ ਮੈਂਬਰੀ ਟੀਮ ਬਣਾਈ ਸੀ ਜੋ ਪਾਦਰੀ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਭਾਵੇਂ ਪਾਦਰੀ ਪੁਲਿਸ ਹੱਥ ਨਹੀਂ ਲੱਗ ਸਕਿਆ ਸੀ ਪਰ ਪੁਲਿਸ ਉਸ ਵਿਰੁੱਧ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਹੀ ਸੀ। ਭਰਾ ਅਤੇ ਭੈਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ 'ਤੇ ਦਬਾਅ ਵੱਧ ਗਿਆ ਸੀ। ਇਸ ਕਾਰਨ ਉਸ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।
9 ਜੁਲਾਈ 2023 ਨੂੰ ਦਰਜ ਕੀਤਾ ਗਿਆ ਸੀ ਮਾਮਲਾ
ਜ਼ਿਕਰਯੋਗ ਹੈ ਕਿ 9 ਜੁਲਾਈ 2023 ਨੂੰ ਦੀਨਾਨਗਰ ਦੇ ਪਿੰਡ ਅੱਬਲਖੈਰ ਦੇ ਰਹਿਣ ਵਾਲੇ ਪਾਸਟਰ ਜਸ਼ਨ ਗਿੱਲ ਵਿਰੁੱਧ ਧਾਰਾ 376 ਅਤੇ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 21 ਸਾਲਾ ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਲੜਕੀ ਦੇ ਪੇਟ ਵਿੱਚ ਦਰਦ ਹੋਣ ਲੱਗਾ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਗਰਭਪਾਤ ਹੋਇਆ ਹੈ ਅਤੇ ਗਰਭਪਾਤ ਸਹੀ ਢੰਗ ਨਾਲ ਨਹੀਂ ਹੋਇਆ ਸੀ। ਲੜਕੀ ਦੀ ਹਾਲਤ ਵਿਗੜਨ 'ਤੇ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ 4 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪੁਲਿਸ ਪ੍ਰਸ਼ਾਸਨ 'ਤੇ ਕਈ ਗੰਭੀਰ ਇਲਜ਼ਾਮ ਲਗਾਏ।
ਐੱਸਪੀ ਨਾਲ ਕੀਤੀ ਸੀ ਮੁਲਾਕਾਤ
ਇਸ ਤੋਂ ਬਾਅਦ 7 ਅਪ੍ਰੈਲ ਨੂੰ ਲੜਕੀ ਦੇ ਪਿਤਾ ਗੁਰਦਾਸਪੁਰ ਪਹੁੰਚੇ ਅਤੇ ਐੱਸਪੀ (ਡੀ) ਬਲਵਿੰਦਰ ਸਿੰਘ ਨੂੰ ਮਿਲੇ। ਇਸ ਸਮੇਂ ਦੌਰਾਨ ਪਾਦਰੀ ਦੀਆਂ ਵੀਡੀਓਜ਼ ਅਤੇ ਹੋਰ ਜਾਣਕਾਰੀ ਉਨ੍ਹਾਂ ਨੂੰ ਉਪਲੱਬਧ ਕਰਵਾਈ ਗਈ। ਦੂਜੇ ਪਾਸੇ ਦੀਨਾਨਗਰ ਥਾਣੇ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਮੁਲਜ਼ਮ ਜਸ਼ਨ ਗਿੱਲ ਵਿਰੁੱਧ 9 ਜੁਲਾਈ, 2023 ਨੂੰ ਧਾਰਾ 376 ਅਤੇ 304ਏ ਆਈਪੀਸੀ ਤਹਿਤ ਐੱਫਆਈਆਰ ਨੰਬਰ 126 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵਿਸਰਾ 1 ਜੂਨ 2023 ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਜਮ੍ਹਾ ਕਰਵਾਇਆ ਗਿਆ ਸੀ। ਵਿਸਰਾ ਰਿਪੋਰਟ 18 ਦਸੰਬਰ, 2023 ਨੂੰ ਆਈ। ਵਿਸਰਾ ਅਤੇ ਪੋਸਟਮਾਰਟਮ ਰਿਪੋਰਟਾਂ ਤੋਂ ਬਾਅਦ ਮਾਮਲੇ ਵਿੱਚ ਧਾਰਾ 313 ਅਤੇ 314 ਆਈਪੀਸੀ ਜੋੜੀਆਂ ਗਈਆਂ ਜਦੋਂ ਕਿ ਮੁਲਜ਼ਮ ਨੂੰ 9 ਅਕਤੂਬਰ 2024 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ।
ਪਿਤਾ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ
ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੂੰ ਪੁਲਿਸ 'ਤੇ ਭਰੋਸਾ ਨਹੀਂ ਹੈ, ਜਿਸ ਕਾਰਨ ਕੇਸ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਨਰਸ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਪਾਦਰੀ ਦੇ ਭਰਾ ਅਤੇ ਭੈਣ ਨੂੰ ਥਾਣੇ ਵਿੱਚ ਕੁਰਸੀਆਂ 'ਤੇ ਬਿਠਾਇਆ। ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।