ਮੋਗਾ (ਸੌਰਵ ਅਰੋੜਾ): ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਰਣਸੀਂਹ ਕਲਾਂ ਨੇ ਵਿਕਾਸ ਦੀ ਇੱਕ ਨਵੀਂ ਉਦਾਹਰਨ ਪੇਸ਼ ਕਰਦਿਆ ਪੂਰੇ ਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਮਿਲੀ-ਜੁਲੀ ਕੋਸ਼ਿਸ਼ਾਂ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਕਰਕੇ ਇਸ ਪਿੰਡ ਦੇ ਕੇਂਦਰ ਸਰਕਾਰ ਤੱਕ ਚਰਚੇ ਹਨ।
ਇਸ ਪਿੰਡ ਰਣਸੀਂਹ ਕਲਾਂ ਵਿੱਚ ਸਾਡੀ ਈਟੀਵੀ ਭਾਰਤ ਦੀ ਟੀਮ ਵੀ ਪਹੁੰਚੀ ਜਿਸ ਨੇ ਇਸ ਪਿੰਡ ਦੀ ਖੂਬਸੂਰਤੀ ਦੇ ਹਰ ਕੋਨੇ ਨੂੰ ਕੈਮਰੇ ਅੰਦਰ ਕੈਦ ਕੀਤਾ। ਇਸ ਮੌਕੇ ਈਟੀਵੀ ਭਾਰਤ ਦੇ ਪੱਤਰਕਾਰ ਸੌਰਵ ਅਰੋੜਾ ਵੱਲੋਂ ਪਿੰਡ ਦੇ ਸਰਪੰਚ ਮਿੰਟੂ ਨਾਲ ਖਾਸ ਗੱਲਬਾਤ ਵੀ ਕੀਤੀ ਗਈ।
ਰਣਸੀਂਹ ਕਲਾਂ ਦੀਆਂ ਸਾਰੀਆਂ ਗਲੀਆਂ ਪੱਕੀਆਂ
ਇਸ ਮੌਕੇ ਸਰਪੰਚ ਮਿੰਟੂ ਨੇ ਦੱਸਿਆ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਹਨ, ਜੇਕਰ ਕੋਈ ਇੱਕ ਵੀ ਗਲੀ ਕੱਚੀ ਮੈਨੂੰ ਲੱਭ ਦੇਵੇ ਤਾਂ ਮੈਂ ਇਨਾਮ ਦੇਵਾਂਗਾ। ਮਿੰਟੂ ਨੇ ਦੱਸਿਆ ਕਿ ਇਸ ਪਿੰਡ ਦੀ ਖੂਬਸੂਰਤੀ ਪਿੱਛੇ ਸਿਰਫ਼ ਮੈ ਹੀ ਨਹੀ ਬਲਕਿ ਉਨ੍ਹਾਂ ਨੂੰ ਪੂਰੇ ਪਿੰਡ ਵਾਸੀਆਂ ਅਤੇ ਕੰਮ ਕਰਨ ਲਈ ਬਣਾਇਆ ਟੀਮਾਂ ਦਾ ਪੂਰਾ ਸਹਿਯੋਗ ਹੈ। ਟੀਮਾਂ ਦੇ ਨੌਜਵਾਨਾਂ ਨੇ ਦਿਨ-ਰਾਤ ਇੱਕ ਕਰਕੇ ਇਸ ਪਿੰਡ ਦੀ ਦਿਖ ਨੂੰ ਬਦਲਿਆ ਹੈ।

ਛੱਪੜ ਸੁੰਦਰ ਝੀਲ ਵਿੱਚ ਤਬਦੀਲ
ਸਰਪੰਚ ਮਿੰਟੂ ਨੇ ਦੱਸਿਆ ਕਿ ਪਿੰਡ ਦੇ ਛੱਪੜ ਨੂੰ ਸੁੰਦਰ ਝੀਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਨਾ ਸਿਰਫ ਪਿੰਡ ਦੀ ਸ਼ੋਭਾ ਵਧਾ ਰਿਹਾ ਹੈ, ਸਗੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਵੀ ਆਕਰਸ਼ਿਤ ਕਰ ਰਿਹਾ ਹੈ। ਇਸ ਝੀਲ ਦੇ ਆਲੇ-ਦੁਆਲੇ ਸੈਰ ਕਰਨ ਲਈ ਟਰੈਕ ਵੀ ਬਣਾਇਆ ਗਿਆ ਹੈ, ਜਿਸ ਦਾ ਲੋਕ ਭਰਪੂਰ ਲਾਭ ਉਠਾ ਰਹੇ ਹਨ। ਇਸ ਝੀਲ ਅੰਦਰ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਹਨ।

ਬੱਚਿਆਂ ਅਤੇ ਬਜ਼ੁਰਗਾਂ ਲਈ ਏ.ਸੀ. ਲਾਇਬ੍ਰੇਰੀ
ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵਿਦਿਆ ਵਿੱਚ ਹੋਰ ਅੱਗੇ ਵਧਾਉਣ ਲਈ ਏਅਰ ਕੰਡੀਸ਼ਨਡ (A.C.) ਲਾਇਬ੍ਰੇਰੀ ਵੀ ਇਸ ਪਿੰਡ ਵਿੱਚ ਬਣਾਈ ਗਈ ਹੈ। ਇਸ ਲਾਇਬ੍ਰੇਰੀ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਉਪਲਬਧ ਹਨ, ਤਾਂ ਕਿ ਪਿੰਡ ਦੇ ਲੋਕ ਪੜ੍ਹਾਈ ਵਿੱਚ ਰੁਚੀ ਲੈਣ। ਇਸ ਲਾਇਬ੍ਰੇਰੀ ਦਾ ਉਦਘਾਟਨ 4 ਅਗਸਤ 2023 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ ਸੀ। ਮਿੰਟੂ ਨੇ ਦੱਸਿਆ ਕਿ ਲਾਇਬ੍ਰੇਰੀ ਵਿੱਚ ਨਾ ਸਿਰਫ਼ ਰਣਸੀਂਹ ਕਲਾਂ ਦੇ ਨੌਜਵਾਨ ਆਉਂਦੇ ਹਨ, ਸਗੋਂ ਆਲੇ ਦੁਆਲੇ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਵੀ ਇੱਥੋ ਕਿਤਾਬਾਂ ਘਰ ਲੈ ਕੇ ਜਾਂਦੇ ਹਨ।
“ਪੜ੍ਹਨ ਆਓ, ਇਨਾਮ ਲੈ ਜਾਓ” ਉਪਰਾਲਾ
ਪਿੰਡ ਦੀ ਗ੍ਰਾਮ ਪੰਚਾਇਤ ਨੇ ਲਾਇਬ੍ਰੇਰੀ ਨੂੰ ਪ੍ਰਚਾਰਿਤ ਕਰਨ ਲਈ ਇੱਕ ਨਵਾਂ ਨਾਅਰਾ ਦਿੱਤਾ “ਪੜ੍ਹਨ ਆਓ, ਇਨਾਮ ਲੈ ਜਾਓ”, ਜਿਸ ਦੇ ਤਹਿਤ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਲਾਇਬ੍ਰੇਰੀ ਵਿੱਚ ਆਉਣ ਅਤੇ ਪੜ੍ਹਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਫਿਰ ਟੈਸਟ ਪਾਸ ਕਰਕੇ ਨਕਦੀ ਇਨਾਮ 2100 ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

“ਕੂੜਾ ਲਿਆਓ, ਪੈਸੇ ਲੈ ਜਾਓ” ਉਪਰਾਲਾ
ਵਾਤਾਵਰਨ ਨੂੰ ਸੁਚੱਜਾ ਬਣਾਉਣ ਅਤੇ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਲਈ “ਕੂੜਾ ਲਿਆਓ, ਪੈਸੇ ਲੈ ਜਾਓ” ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਉਪਰਾਲਾ ਪਿੰਡ ਵਿੱਚ ਸਫ਼ਾਈ ਨੂੰ ਯਕੀਨੀ ਬਣਾਉਂਦਾ ਹੈ ਅਤੇ ਲੋਕਾਂ ਨੂੰ ਕੂੜਾ ਨਾ ਸੁੱਟਣ ਦੀ ਪ੍ਰੇਰਣਾ ਦਿੰਦਾ ਹੈ। ਇਸ ਸਫਾਈ ਨੂੰ ਦੇਖਦੇ ਹੋਏ ਹੋਰਨਾਂ ਪਿੰਡਾਂ ਨੂੰ ਵੀ ਕੂੜੇ ਦੇ ਨਿਪਟਾਰੇ ਦੀ ਸੇਧ ਮਿਲੇਗੀ। ਇਸ ਤੋਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਸਾਲ 2019 ਤੋਂ ਉਪਰਾਲਾ ਕੀਤਾ ਗਿਆ ਸੀ ਕਿ ਪਲਾਸਟਿਕ ਲਿਆਓ, ਖੰਡ, ਕਣਕ ਲੈ ਕੇ ਜਾਓ...ਮੁੰਹਿਮ ਉੱਤੇ ਕੰਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕੀਤਾ ਗਿਆ। ਇਸ ਤੋਂ ਬਾਅਦ ਕੇਂਦਰ ਸਰਕਾਰ ਦੀ ਟੀਮ ਵੀ ਪਿੰਡ ਵਿੱਚ ਦੇਖਣ ਆਈ ਸੀ ਕਿ ਸੱਚੀ ਪਿੰਡ ਪਲਾਸਟਿਕ ਮੁਕਤ ਹੈ ਜਾਂ ਨਹੀਂ। ਕੇਂਦਰੀ ਮੰਤਰੀ ਦੀ ਟੀਮ ਨੇ ਇਹ ਦੇਖ ਕੇ ਸਾਨੂੰ ਐਵਾਰਡ ਨਾਲ ਵੀ ਨਵਾਜਿਆ।
ਸਰਪੰਚ ਨੇ ਦੱਸੀ ਪਿੰਡ ਦੀ ਤਰੱਕੀ ਪਿੱਛੇ ਦੀ ਕਹਾਣੀ
ਪਿੰਡ ਦੇ ਸਰਪੰਚ ਮਿੰਟੂ ਨੇ ਦੱਸਿਆ ਕਿ “ਸਾਡੇ ਪਿੰਡ ਨੇ ਆਪਣੀ ਤਰੱਕੀ ਆਪਣੇ ਆਪ ਕਰਕੇ ਵਿਖਾਈ ਹੈ। ਇੱਥੇ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਆਪਣੀ ਪੰਚਾਇਤ ਦਾ ਸਾਥ ਦਿੱਤਾ, ਜਿਸ ਕਰਕੇ ਅਸੀਂ ਇਹ ਸਭ ਕੁਝ ਸੰਭਵ ਕਰ ਸਕੇ। ਸਾਨੂੰ ਉਮੀਦ ਹੈ ਕਿ ਹੋਰ ਪਿੰਡ ਵੀ ਇਸ ਮਾਡਲ ਤੋਂ ਪ੍ਰੇਰਣਾ ਲੈਣਗੇ।”

ਪਿੰਡ ਦੇ ਗੰਦੇ ਪਾਣੀ ਦਾ ਟਰੀਟਮੈਂਟ, ਖੇਤਾਂ ਵਿੱਚ ਹੋ ਰਹੀ ਵਰਤੋਂ
ਇੱਕ ਹੋਰ ਮਹੱਤਵਪੂਰਨ ਉਪਰਾਲੇ ਤਹਿਤ, ਪਿੰਡ ਵਿੱਚ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ। ਇਹ ਪਾਣੀ ਖੇਤੀ ਲਈ ਵਰਤਣ ਯੋਗ ਬਣਾਇਆ ਗਿਆ ਹੈ, ਜਿਸ ਨਾਲ ਪਾਣੀ ਦੀ ਬਚਤ ਹੋ ਰਹੀ ਹੈ ਅਤੇ ਪ੍ਰਦੂਸ਼ਣ ਨੂੰ ਵੀ ਘਟਾਇਆ ਜਾ ਰਿਹਾ ਹੈ।
ਰਣਸੀਂਹ ਕਲਾਂ – ਪੰਜਾਬ ਦੇ ਹੋਰਨਾਂ ਪਿੰਡਾਂ ਲਈ ਇੱਕ ਪ੍ਰੇਰਣਾ
ਸਰਪੰਚ ਮਿੰਟੂ ਨੇ ਕਿਹਾ ਕਿ ਸਿਰਫ਼ ਸਰਪੰਚ ਸਾਬ੍ਹ ਕਹਾਉਣ ਲਈ ਸਰਪੰਚ ਬਣਨ ਦਾ ਕੋਈ ਫਾਇਦਾ ਨਹੀਂ, ਬਲਕਿ ਸਰਪੰਚ ਨੂੰ ਕੰਮ ਕਰਕੇ ਦਿਖਾਉਣਾ ਚਾਹੀਦਾ ਹੈ, ਇਸ ਵਿੱਚ ਲੋਕਾਂ ਦਾ ਸਾਥ ਵੀ ਜ਼ਰੂਰੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪਿੰਡ ਦੀ ਪੰਚਾਇਤ ਆਪਣੇ ਪਿੰਡ ਦੀ ਸਰਕਾਰ ਨਾਲੋਂ ਘੱਟ ਨਹੀਂ ਹੁੰਦੀ।
ਸੋ, ਰਣਸੀਂਹ ਕਲਾਂ ਪਿੰਡ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਰਪੰਚ ਚਾਹੁੰਣ, ਤਾਂ ਉਹ ਆਪਣੇ ਹੀ ਪਿੰਡ ਨੂੰ ਵਿਕਸਤ ਅਤੇ ਸੁੰਦਰ ਬਣਾ ਸਕਦੇ ਹਨ। ਸਾਫ਼-ਸੁਥਰੇ ਟਿਕਾਣੇ, ਝੀਲ, ਲਾਇਬ੍ਰੇਰੀ ਅਤੇ ਵਧੀਆ ਇਨਫ੍ਰਾਸਟ੍ਰਕਚਰ ਦੇ ਨਾਲ, ਇਹ ਪਿੰਡ ਹੁਣ ਹੋਰ ਪਿੰਡਾਂ ਲਈ ਵੀ ਇੱਕ ਮਿਸਾਲ ਬਣ ਗਿਆ ਹੈ।