ਬਠਿੰਡਾ: ਦੁਨੀਆ ਵਿੱਚ ਜੰਨਤ ਦੇ ਨਾਮ ਨਾਲ ਮਸ਼ਹੂਰ ਜੰਮੂ-ਕਸ਼ਮੀਰ ਦੀਆਂ ਵਾਦੀਆਂ ਵਿੱਚ ਪਿਛਲੇ ਦਿਨ ਘੁੰਮਣ ਗਏ ਸੈਲਾਨੀਆਂ 'ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਜਿੱਥੇ ਇਸ ਦਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਇਸ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਘੁੰਮਣ ਜਾਣ ਵਾਲੇ ਲੋਕਾਂ ਵੱਲੋਂ ਆਪਣੇ ਟੂਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਜਿਸ ਕਾਰਨ ਟੂਰਿਸਟ ਗੱਡੀਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਸ ਸਾਲ ਗਰਮੀਆਂ ਦਾ ਸੀਜ਼ਨ ਪਹਿਲਾਂ ਸ਼ੁਰੂ ਹੋਣ ਕਾਰਨ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਜੰਮੂ ਕਸ਼ਮੀਰ ਜਾਣ ਲਈ ਐਡਵਾਂਸ ਵਿੱਚ ਟੂਰਿਸਟ ਗੱਡੀਆਂ ਬੁੱਕ ਕੀਤੀਆਂ ਗਈਆਂ ਸਨ। ਇਕੱਲੇ ਪੰਜਾਬ ਵਿੱਚੋਂ ਲਗਭਗ 12 ਹਜ਼ਾਰ ਤੋਂ ਉੱਪਰ ਜੰਮੂ ਕਸ਼ਮੀਰ ਲਈ ਟੈਕਸੀਆਂ ਬੁੱਕ ਕੀਤੀਆਂ ਗਈਆਂ ਸਨ ਪਰ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਕੱਲੇ ਪੰਜਾਬ ਦੇ ਸੈਲਾਨੀਆਂ ਵੱਲੋਂ 12 ਹਜ਼ਾਰ ਦੇ ਕਰੀਬ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

ਲੋਕਾਂ ਵੱਲੋਂ ਟੂਰ ਕੀਤੇ ਗਏ ਰੱਦ
ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਦੇ ਡਰਾਈਵਰ ਰਮਨਦੀਪ ਸਿੰਘ ਪੰਡਿਤ ਰਾਮ ਕ੍ਰਿਸ਼ਨ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ "ਉਹ 2011 ਤੋਂ ਲਗਾਤਾਰ ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਹੈ। ਹਰ ਸਾਲ ਉਸ ਵੱਲੋਂ 15 ਤੋਂ 20 ਟੂਰ ਗਰਮੀਆਂ ਵਿੱਚ ਜੰਮੂ ਕਸ਼ਮੀਰ ਦੇ ਲਗਾਏ ਜਾਂਦੇ ਸਨ ਪਰ ਇਸ ਵਾਰ ਹੋਏ ਅੱਤਵਾਦੀ ਹਮਲੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਟੂਰ ਪ੍ਰੋਗਰਾਮ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕੋਲ ਹੁਣ ਤੱਕ 10 ਤੋਂ ਉੱਪਰ ਬੁਕਿੰਗ ਸੀ ਕਿਉਂਕਿ ਇਸ ਵਾਰ ਗਰਮੀ ਦਾ ਸੀਜ਼ਨ ਐਡਵਾਂਸ ਹੋਣ ਕਾਰਨ ਲੋਕਾਂ ਵੱਲੋਂ ਵੱਡੀ ਪੱਧਰ 'ਤੇ ਜੰਨਤ ਮੰਨੇ ਜਾਣ ਵਾਲੇ ਜੰਮੂ ਕਸ਼ਮੀਰ ਵਿੱਚ ਘੁੰਮਣ ਜਾਣਾ ਸੀ ਪਰ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਵੱਡੀ ਪੱਧਰ 'ਤੇ ਆਪਣੇ ਟੂਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।"

ਟੈਕਸੀ ਯੂਨੀਅਨ ਦੇ ਡਰਾਈਵਰਾਂ ਨੇ ਕਿਹਾ ਕਿ ਇਨ੍ਹਾਂ "ਰੱਦ ਹੋਏ ਟੂਰ ਪ੍ਰੋਗਰਾਮਾਂ ਕਾਰਨ ਉਨ੍ਹਾਂ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਇਸ ਵਾਰ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਦੀ ਚਿੰਤਾ ਸਤਾ ਰਹੀ ਹੈ। ਕਿਉਂਕਿ ਜਿਆਦਾਤਰ ਗੱਡੀਆਂ ਲੋਨ 'ਤੇ ਹਨ ਇੰਨੀ ਵੱਡੀ ਪੱਧਰ ਉੱਤੇ ਬੁਕਿੰਗ ਕੈਂਸਲ ਹੋਣ ਤੋਂ ਬਾਅਦ ਟੈਕਸੀ ਚਾਲਕਾਂ ਨੂੰ ਆਪਣੇ ਘਰੇਲੂ ਖਰਚੇ ਚਲਾਉਣ ਵਿੱਚ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਇੱਕ ਸੂਬੇ ਦਾ ਰੁਜ਼ਗਾਰ ਦੂਸਰੇ ਸੂਬੇ ਨਾਲ ਜੁੜਿਆ
ਡਰਾਈਵਰਾਂ ਨੇ ਕਿਹਾ ਕਿ "ਅਗਲੇ ਮਹੀਨੇ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਪਰ ਲੋਕਾਂ ਵਿੱਚ ਡਰ ਦਾ ਮਾਹੌਲ ਵੇਖਦੇ ਹੋਏ ਲੱਗਦਾ ਹੈ ਕਿ ਇਸ ਵਾਰ ਅਮਰਨਾਥ ਯਾਤਰਾ 'ਤੇ ਵੀ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਰ ਵੇਖਣ ਨੂੰ ਮਿਲੇਗਾ ਕਿਉਂਕਿ ਹੁਣ ਤੱਕ ਅਮਰਨਾਥ ਯਾਤਰਾ ਨੂੰ ਲੈ ਕੇ ਲੋਕਾਂ ਵੱਲੋਂ ਐਡਵਾਂਸ ਬੁਕਿੰਗ ਸ਼ੁਰੂ ਹੀ ਨਹੀਂ ਕੀਤੀ ਗਈ। ਜਿਸ ਕਾਰਨ ਟੈਕਸੀ ਚਾਲਕ ਨੂੰ ਇੱਕ ਹੋਰ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਜੇਕਰ ਅਮਰਨਾਥ ਯਾਤਰਾ ਦੀ ਬੁਕਿੰਗ ਸ਼ੁਰੂ ਨਾ ਹੋਈ ਤਾਂ ਇਹ ਸੀਜਨ ਟੈਕਸੀ ਚਾਲਕਾਂ ਲਈ ਵੱਡਾ ਨੁਕਸਾਨ ਸਾਬਤ ਹੋਵੇਗਾ। " ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਕਿਉਂਕਿ ਇੱਕ ਸੂਬੇ ਦਾ ਰੁਜ਼ਗਾਰ ਦੂਸਰੇ ਸੂਬੇ ਨਾਲ ਜੁੜਿਆ ਹੋਇਆ ਹੈ। ਜੇਕਰ ਆਪਸੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤਾਂ ਇਸਦਾ ਅਸਰ ਪੂਰੇ ਦੇਸ਼ ਉੱਪਰ ਵੇਖਣ ਨੂੰ ਮਿਲਦਾ ਹੈ।