ਅੰਮ੍ਰਿਤਸਰ/ਪਟਿਆਲਾ/ਲੁਧਿਆਣਾ: ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਹੁਣ ਪੰਜਾਬ ਪੁਲਿਸ ਵੱਲੋਂ ਅਪ੍ਰੇਸ਼ਨ ਅਲਰਟ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਬੀਤੀ ਰਾਤ ਪੰਜਾਬ ਪੁਲਿਸ ਹਰ ਜ਼ਿਲ੍ਹੇ ਵਿੱਚ ਸ਼ਹਿਰਾਂ ਦੇ ਚੱਪੇ-ਚੱਪੇ ਉੱਤੇ ਚੈਕਿੰਗ ਕਰਦੀ ਹੋਈ ਦਿਖਾਈ ਦਿੱਤੀ। ਇਸ ਵਿਚਾਲੇ ਅੰਮ੍ਰਿਤਸਰ ਵਿੱਚ ਅੱਧੀ ਰਾਤ ਨੂੰ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇ।
ਡੀਜੀਪੀ ਮੌਕੇ ਉੱਤੇ ਪਹੁੰਚੇ
ਅੰਮ੍ਰਿਤਸਰ ਪੁਲਿਸ ਵੱਲੋਂ ਵੀ ਅਪ੍ਰੇਸ਼ਨ ਅਲਰਟ ਤਹਿਤ ਚੈਕਿੰਗ ਕੀਤੀ ਗਈ। ਨਾਕੇਬੰਦੀ ਕਰਦੇ ਹੋਏ ਪੁਲਿਸ ਵੱਲੋਂ ਹਰ ਵਾਹਨ ਦੀ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਖੁਦ ਨਾਕਿਆਂ ਉੱਤੇ ਚੈਕਿੰਗ ਕੀਤੀ ਗਈ। ਪੁਲਿਸ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਅਪ੍ਰੇਰਸ਼ਨ ਅਲਰਟ ਸ਼ੁਰੂ ਕੀਤਾ ਗਿਆ ਹੈ।

ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹੱਥ ਲੱਗੀਆਂ ਹਨ ਅਤੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਉੱਤੇ ਨੱਥ ਪਾਈ ਗਈ ਹੈ, ਜੋ ਪੁਲਿਸ ਵੱਲੋਂ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ ਗਿਆ ਸੀ, ਉਹ ਵੀ ਕਾਫੀ ਕਾਰਗਰ ਸਾਬਿਤ ਹੋ ਰਿਹਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਸਿਸਟਮ ਕਾਮਯਾਬ ਹੋਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਵਾਸੀਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕਰਦੇ ਹਾਂ। ਨਸ਼ੇ ਦੀ ਰੋਕਥਾਮ ਲਈ ਬਾਰਡਰਾਂ ਦੇ ਉੱਪਰ 2100 ਦੇ ਕਰੀਬ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਨਸ਼ਾ ਤਸਕਰਾਂ ਉੱਤੇ ਪੂਰੀ ਤਰੀਕੇ ਨਕੇਲ ਕੱਸੀ ਜਾਵੇ। ਡੀਜੀਪੀ ਪੰਜਾਬ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ, ਫਿਰ ਚਾਹੇ ਉਹ ਪੁਲਿਸ ਦਾ ਹੀ ਮੁਲਾਜ਼ਮ ਕਿਉਂ ਨਾ ਹੋਵੇ।

ਪਟਿਆਲਾ ਵਿੱਚ ਪੁਲਿਸ ਦੀ ਨਾਈਟ ਚੈਕਿੰਗ
ਪਟਿਆਲਾ ਪੁਲਿਸ ਨੇ ਅੱਜ 11-12 ਅਪ੍ਰੈਲ ਦੀ ਪੂਰੀ ਰਾਤ (ਰਾਤ 10 ਵਜੇ ਤੋਂ ਸਵੇਰੇ ਦੇ 4 ਵਜੇ ਤੱਕ) ਸਮੇਂ ਦੀ ਗਸ਼ਤ ਅਤੇ ਛਾਪੇਮਾਰੀ ਦਾ ਅਪ੍ਰੇਸ਼ਨ (ਨਾਈਟ ਡੋਮੀਨੇਸ਼ਨ ਅਪ੍ਰੇਸ਼ਨ) ਚਲਾਇਆ। ਪਟਿਆਲਾ ਜ਼ਿਲ੍ਹੇ ਦੀ ਨਿਗਰਾਨੀ ਲਈ ਤਾਇਨਾਤ ਸੀਨੀਅਰ ਆਈਪੀਐਸ ਅਧਿਕਾਰੀ ਸਪੈਸ਼ਲ ਡੀਜੀਪੀ ਇਸ਼ਵਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਐਸ.ਐਸ.ਪੀ ਡਾ ਨਾਨਕ ਸਿੰਘ ਦੀ ਦੇਖ ਰੇਖ ਹੇਠ ਅਪਰਾਧੀਆਂ ਦੀ ਪੈੜ ਨੱਪੀ।

ਸੀਨੀਅਰ ਆਈਪੀਐਸ ਅਧਿਕਾਰੀ ਸਪੈਸ਼ਲ ਡੀਜੀਪੀ ਇਸ਼ਵਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਨੂੰਨ –ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਇਹ ਵਿਸ਼ੇਸ਼ ਓਪਰੇਸ਼ਨ ਚਲਾਇਆ ਗਿਆ ਹੈ। ਇਸ ਦੌਰਾਨ ਸਪੈਸ਼ਲ ਡੀਜੀਪੀ ਨੇ ਦੇਰ ਰਾਤ ‘ਨਾਈਟ ਡੌਮੀਨੇਸ਼ਨ’ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕਰਦਿਆਂ, ਵੱਖ-ਵੱਖ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਤੇ ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕੀਤਾ।
ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਪੰਜਾਬ ਪੁਲਿਸ
ਲੁਧਿਆਣਾ ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ਵਿੱਚ ਵੀ ਅੱਜ ਸਪੈਸ਼ਲ ਡੀਜੀਪੀ ਵੱਲੋਂ ਅਪ੍ਰੇਸ਼ਨ ਅਲਰਟ ਚਲਾਇਆ ਗਿਆ। ਇਸ ਦੌਰਾਨ ਸਪੈਸ਼ਲ ਡੀਜੀਪੀ ਏਐਸ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਲੁਧਿਆਣਾ ਲੱਗੀ ਸੀ। ਇਸ ਕਰਕੇ ਪੂਰੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਅਸੀਂ ਏਰੀਆ ਦੀ ਸ਼ਨਾਖਤ ਕਰਕੇ ਉੱਥੇ ਨਾਕੇਬੰਦੀ ਕੀਤੀ। ਇਸ ਨਾਲ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਮੈਸੇਜ ਜਾਵੇਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ।
ਏਐਸ ਰਾਏ ਨੇ ਕਿਹਾ ਕਿ ਜੋ ਵੀ ਅੱਜ ਦੀ ਚੈਕਿੰਗ ਦੇ ਦੌਰਾਨ ਬਰਾਮਦਗੀ ਹੋਵੇਗੀ ਜਾਂ ਫਿਰ ਕੋਈ ਗ੍ਰਿਫਤਾਰੀ ਹੋਵੇਗੀ, ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਇਸ ਅਪ੍ਰੇਸ਼ਨ ਲਈ 250 ਤੋਂ ਜਿਆਦਾ ਪੁਲਿਸ ਮੁਲਾਜ਼ਮਾ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਪੂਰੀ ਤਰ੍ਹਾਂ ਅਲਰਟ ਹੋ ਕੇ ਆਪਣੀ ਡਿਊਟੀ ਕਰ ਰਹੇ ਹਨ।