ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਸਾਲ 2025-26 ਦਾ ਬਜਟ ਪੇਸ਼ ਕੀਤਾ। ਪੰਜਾਬ 'ਚ 'ਆਪ' ਸਰਕਾਰ ਦਾ ਇਹ ਚੌਥਾ ਬਜਟ ਹੈ। ਇਸ ਵਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2.36 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਹੈ। ਤਾਂ ਆਓ ਜਾਣਦੇ ਹਾਂ ਕਿ ਇਹ ਪੈਸਾ ਕਿੱਥੇ ਖਰਚ ਹੋਵੇਗਾ?
ਹਰ ਜ਼ਿਲ੍ਹੇ ਵਿੱਚ ਲਿਆਵਾਂਗੇ ‘ਰੰਗਲਾ ਪੰਜਾਬ ਸਕੀਮ’
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ 'ਆਪ' ਸਰਕਾਰ ਦੇ ਰੰਗਲਾ ਪੰਜਾਬ ਵਿਜ਼ਨ ਦੇ ਤਹਿਤ ਹਰ ਜ਼ਿਲ੍ਹੇ 'ਚ ਰੰਗਲਾ ਪੰਜਾਬ ਵਿਕਾਸ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸਥਾਨਕ ਵਿਕਾਸ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਇਹ ਫੰਡ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਵੱਲੋਂ ਵਿਧਾਇਕਾਂ, ਭਾਈਚਾਰਿਆਂ ਅਤੇ ਨਾਗਰਿਕਾਂ ਦੀਆਂ ਸਿਫ਼ਾਰਸ਼ਾਂ 'ਤੇ ਖਰਚ ਕੀਤਾ ਜਾਵੇਗਾ। ਸੜਕਾਂ, ਪੁਲ, ਸਟਰੀਟ ਲਾਈਟਾਂ, ਕਲੀਨਿਕ, ਹਸਪਤਾਲ, ਸਕੂਲ, ਪਾਣੀ, ਸਫਾਈ ਸਮੇਤ ਸਾਰੇ ਖੇਤਰਾਂ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਰੰਗਲਾ ਪੰਜਾਬ ਵਿਕਾਸ ਫੰਡ ਲਈ 585 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਸ ਸਕੀਮ ਤਹਿਤ ਹਰ ਹਲਕੇ ਨੂੰ 5 ਕਰੋੜ ਰੁਪਏ ਮਿਲਣਗੇ, ਜਿਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੋਵੇਗਾ।
ਬਦਲਦੇ ਪਿੰਡ, ਬਦਲਦਾ ਪੰਜਾਬ ਸਕੀਮ
ਮੰਤਰੀ ਚੀਮਾ ਨੇ ਕਿਹਾ 2 ਸਾਲਾਂ ਵਿੱਚ 12,581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਬਦਲਦੇ ਪਿੰਡ ਬਦਲਦਾ ਪੰਜਾਬ ਸਕੀਮ ਲਾਗੂ ਕਰਾਂਗੇ, ਜਿਸ ਵਿੱਚ 5 ਸਕੀਮਾਂ ਹੋਣਗੀਆਂ। ਇਨ੍ਹਾਂ ਵਿੱਚ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ, ਸੀਵਰੇਜ ਟਰੀਟਮੈਂਟ, ਖੇਡ ਮੈਦਾਨਾਂ ਦੀ ਉਸਾਰੀ, ਸਟਰੀਟ ਲਾਈਟਾਂ ਲਗਾਉਣ ਆਦਿ ਸ਼ਾਮਲ ਹਨ। ਸਾਲਾਂ ਤੋਂ ਇਹ ਕੰਮ ਨਹੀਂ ਹੋਇਆ। ਇਸ ਲਈ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੇਂਡੂ ਸੜਕਾਂ ਦਾ ਸੁਧਾਰ ਕੀਤਾ ਜਾਵੇਗਾ। 2,873 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੰਤਰੀ ਨੇ ਜਾਣਕਾਰੀ ਦਿੰਦੇ ਕਿਹਾ ਅੱਜ ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਅਗਲੇ ਸਾਲ ਅਸੀਂ ਪੰਜਾਬ ਦੀਆਂ ਸਾਰੀਆਂ ਟੁੱਟੀਆਂ ਪੇਂਡੂ ਲਿੰਕ ਸੜਕਾਂ ਬਣਾਉਣ ਜਾ ਰਹੇ ਹਾਂ ਜੋ ਸਾਡੇ ਦੂਰ-ਦੁਰਾਡੇ ਦੇ ਪਿੰਡਾਂ, ਨੇੜਲੇ ਕਸਬਿਆਂ ਅਤੇ ਸ਼ਹਿਰਾਂ ਨੂੰ ਜੋੜਦੀਆਂ ਹਨ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇੱਕ ਸਾਲ ਬਾਅਦ ਕੋਈ ਵੀ ਲਿੰਕ ਸੜਕ ਟੁੱਟੀ ਨਾ ਰਹੇ। ਇਸ ਨੂੰ ਪ੍ਰਾਪਤ ਕਰਨ ਲਈ ਅਸੀਂ ਕੁੱਲ 18,944 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡ ਕਰਾਂਗੇ। ਵਿੱਤੀ ਸਾਲ 2025-26 ਵਿੱਚ, ਪੰਜਾਬ ਮੰਡੀ ਬੋਰਡ ਪੇਂਡੂ ਲਿੰਕ ਸੜਕਾਂ ਦੇ ਪ੍ਰੋਗਰਾਮ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 2,873 ਕਰੋੜ ਰੁਪਏ ਖਰਚ ਕਰੇਗਾ।
ਸ਼ਹਿਰੀ ਵਿਕਾਸ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸ਼ਹਿਰੀ ਵਿਕਾਸ ਲਈ ਸਰਕਾਰ ਵਚਨਬੱਧ ਹੈ। ਸਾਡੀ ਸਰਕਾਰ ਨੇ ਪੰਜਾਬ ਭਰ ਦੇ ਸ਼ਹਿਰਾਂ ਵਿੱਚ ਵਿਸ਼ਵ ਪੱਧਰੀ ਸੜਕਾਂ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਪਹਿਲੇ ਪੜਾਅ ਵਿੱਚ, ਅਸੀਂ ਅਗਲੇ ਸਾਲ ਚਾਰ ਸ਼ਹਿਰਾਂ - ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਮੁਹਾਲੀ ਨੂੰ ਕਵਰ ਕਰਾਂਗੇ। ਅਸੀਂ ਸ਼ਹਿਰ (ਮੁਹਾਲੀ) ਵਿੱਚ ਕਰੀਬ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਬਣਾਵਾਂਗੇ। ਇਹਨਾਂ ਸ਼ਹਿਰਾਂ ਵਿੱਚ ਸੜਕ ਦੇ ਸਭ ਤੋਂ ਵੱਡੇ ਭਾਗ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ। ਅਸੀਂ ਇਨ੍ਹਾਂ ਸੜਕਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਟਾਂ ਨੂੰ ਸ਼ਾਮਲ ਕਰਾਂਗੇ ਅਤੇ ਬਾਅਦ ਵਿੱਚ ਠੇਕੇਦਾਰ ਨਿਯੁਕਤ ਕਰਾਂਗੇ ਜੋ 10 ਸਾਲਾਂ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਰੱਖ-ਰਖਾਅ ਵੀ ਕਰਨਗੇ। ਮੈਂ ਇਸ ਪਹਿਲਕਦਮੀ ਲਈ ਪੰਜਾਬ ਸ਼ਹਿਰੀ ਵਿਕਾਸ ਫੰਡ ਵਿੱਚ 225 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਕਰਦਾ ਹਾਂ।
347 ਈ-ਬੱਸਾਂ ਦੀ ਖਰੀਦੇਗੀ ਸਰਕਾਰ
ਪੰਜਾਬ ਸਰਕਾਰ ਵਿੱਤੀ ਸਾਲ 2025-26 ਵਿੱਚ 347 ਈ-ਬੱਸਾਂ ਦੀ ਖਰੀਦ ਕਰੇਗੀ। ਇਸ ਤੋਂ ਇਲਾਵਾ ਵਿੱਤੀ ਸਾਲ 2025-26 ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਸਿਵਲ ਬੱਸ ਡਿਪੂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਪਬੰਧ ਕੀਤਾ ਗਿਆ ਹੈ।