ਬਠਿੰਡਾ: ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਦੇ ਪਿੰਡ ਭਾਈ ਬਖਤੌਰ ਪਹੁੰਚੇ। ਜਿੱਥੇ ਉਨ੍ਹਾਂ 'ਸਾਡਾ ਪਿੰਡ ਵਿਕਾਊ ਹੈ' ਵਾਲੇ ਪੋਸਟਰ ਲਗਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਨਾਲ ਮੁਲਾਕਾਤ ਕੀਤੀ, ਉਥੇ ਪਿੰਡ ਵਾਸੀਆਂ ਨੂੰ ਵੀ ਵਿਸ਼ਵਾਸ਼ ਦਵਾਇਆ ਕਿ ਉਹ ਇਸ ਲੜਾਈ 'ਚ ਨਾਲ ਖੜੇ ਹਨ। ਇਸ ਮੌਕੇ ਉਹਨਾਂ ਨਸ਼ਾ ਤਸਕਰਾਂ ਵੱਲੋਂ ਕੁੱਟਮਾਰ ਕਰਕੇ ਜਖਮੀ ਕੀਤੇ ਸਾਬਕਾ ਫੌਜੀ ਰਣਬੀਰ ਸਿੰਘ ਨੂੰ ਵੀ ਬਠਿੰਡਾ ਹਸਪਤਾਲ ਵਿੱਚ ਮਿਲਣ ਪਹੁੰਚੇ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ।
"ਪੰਜਾਬ ਬਣ ਰਿਹੈ ਪੁਲਿਸ ਸਟੇਟ"
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ 'ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ। ਵਿਗੜ ਰਹੇ ਹਾਲਾਤ ਪ੍ਰਤੀ ਮੁੱਖ ਮੰਤਰੀ ਅਤੇ ਡੀਜੀਪੀ ਦਾ ਕੋਈ ਧਿਆਨ ਨਹੀਂ ਹੈ। ਕਾਂਗਰਸ ਦੀ ਸਰਕਾਰ ਬਣਨ 'ਤੇ ਪੁਲਿਸ ਕਾਨੂੰਨ ਵਿੱਚ ਬਦਲਾਅ ਲੇਕੇ ਆਵਾਂਗੇ। ਪੰਜਾਬ ਵਿੱਚ ਨਸ਼ਿਆਂ ਵਿੱਰੁਧ ਚਲਾਈ ਮੁਹਿੰਮ ਵੀ ਫੇਲ੍ਹ ਹੋ ਗਈ ਹੈ। ਪੰਜਾਬ ਪੁਲਿਸ ਕੇਂਦਰ ਦੇ ਇਸ਼ਾਰੇ 'ਤੇ ਯੁਟਿਉਬਰਾਂ ਨੂੰ ਫੜ੍ਹ ਰਹੀ ਹੈ, ਪਰ ਜੋ ਵੱਡੇ ਅਪਰਾਧ ਕਰ ਰਹੇ ਹਨ, ਉਨ੍ਹਾਂ ਨੂੰ ਕੋਈ ਕਾਬੂ ਨਹੀਂ ਕਰ ਰਿਹਾ।
ਰਾਜਾ ਵੜਿੰਗ ਨੇ ਕਿਹਾ ਕਿ, "ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਦਿੱਤੀਆਂ ਪਾਵਰਾਂ ਕਾਰਨ ਅੱਜ ਉਹ ਥਾਣੇ ਵਿੱਚ ਥਰਡ ਡਿਗਰੀ ਦੇ ਰਹੇ ਹਨ। ਜਿਸ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪਰ ਸਾਡੀ ਸਰਕਾਰ ਵਿੱਚ ਇਸ ਤਰ੍ਹਾਂ ਕਿਸੇ ਨੌਜਵਾਨ ਦੀ ਮੌਤ ਨਾ ਹੋਵੇ ਅਤੇ ਨਾ ਹੀ ਇਸ ਤਰ੍ਹਾਂ ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਵਾਲੇ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ ਬਚ ਕੇ ਨਿਕਲ ਸਕਣ।"
"ਆਮ ਆਦਮੀ ਪਾਰਟੀ ਦਾ ਤਾਂ ਸਿਖਰ ਹੋ ਚੁੱਕਿਆ ਹੈ"
ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਾਤ ਬਹੁਤ ਮਾੜੇ ਹਨ ,ਦਿੱਲੀ ਵਾਲੇ ਕਾਬਜ ਹੋ ਚੁੱਕੇ ਹਨ, ਇਨਚਾਰਜ ਕਾਂਗਰਸ ਦੇ ਵੀ ਲੱਗਦੇ ਹਨ ਪਰ ਇਸ ਤਰਹਾਂ ਕਾਂਗਰਸ ਦਾ ਕੋਈ ਵੀ ਲੀਡਰ ਮੰਤਰੀਆਂ, ਵਿਧਾਇਕਾਂ ਦੇ ਨਾਲ ਓਐਸਡੀ ਜਾਂ ਵੱਖ-ਵੱਖ ਵਿਭਾਗਾਂ ਦਾ ਚੇਅਰਮੈਨ ਬਾਹਰਲੇ ਸੂਬਿਆਂ ਵਿੱਚੋਂ ਨਹੀਂ ਲਾਇਆ ਪ੍ਰੰਤੂ ਆਮ ਆਦਮੀ ਪਾਰਟੀ ਦਾ ਤਾਂ ਸਿਖਰ ਹੋ ਚੁੱਕਿਆ ਹੈ, ਜੋ ਪੰਜਾਬ ਦੇ ਵੱਖ-ਵੱਖ ਅਹੁਦਿਆਂ ਤੇ ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਆਪ ਦੇ ਵਰਕਰਾਂ ਨੂੰ ਇੰਚਾਰਜ ਲਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ। ਇਹਨਾਂ ਗੱਲਾਂ ਦਾ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ਜਵਾਬ ਤਾਂ ਦੇਣਾ ਹੀ ਪਵੇਗਾ।