ਬਠਿੰਡਾ: ਬਠਿੰਡਾ ਸ਼ਹਿਰ ਵਿੱਚ ਸਥਿਤ ਬੱਸ ਅੱਡੇ ਨੂੰ ਮਲੋਟ ਰੋਡ 'ਤੇ ਲਿਜਾਣ ਦੇ ਫੈਸਲੇ ਦੇ ਵਿਰੋਧ 'ਚ ਅੱਜ ਸਥਾਨਕ ਨਾਗਰਿਕਾਂ, ਵਪਾਰਕ ਯੂਨਿਅਨਾਂ, ਟਰਾਂਸਪੋਰਟ ਯੂਨਿਅਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਾ. ਭੀਮ ਰਾਓ ਅੰਬੇਡਕਰ ਪਾਰਕ 'ਚ ਚੱਲ ਰਹੇ ਪੱਕੇ ਮੋਰਚਾ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਹੈ। ਇਸ ਰੋਸ ਮਾਰਚ ਦਾ ਸਮਰਥਨ ਕਰਦੇ ਹੋਏ ਵਪਾਰੀਆਂ ਵੱਲੋਂ ਅੱਜ 12 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬੰਦ ਰੱਖੇ ਗਏ ਹਨ।
ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਏ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚੋਂ ਬੱਸ ਸਟੈਂਡ ਬਾਹਰ ਲੈ ਜਾਣ ਨਾਲ ਕਾਰੋਬਾਰ ਬਿਲਕੁਲ ਠੱਪ ਹੋ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਘਰਸ਼ ਨੂੰ ਤਾਰੋ ਪੀੜ ਕਰਨ ਲਈ ਨਿੱਤ ਨਵੇਂ ਬਿਆਨ ਦਿੱਤੇ ਜਾ ਰਹੇ ਹਨ ਪਰ ਸ਼ਹਿਰ ਇੱਕਜੁੱਟ ਹੈ ਅਤੇ ਕਿਸੇ ਵੀ ਹਾਲਤ ਵਿੱਚ ਸ਼ਹਿਰ ਤੋਂ ਬੱਸ ਸਟੈਂਡ ਬਾਹਰ ਨਹੀਂ ਲਿਜਾਣ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਪੱਕਾ ਮੋਰਚਾ ਸ਼ਹਿਰ ਦੇ ਹਿੱਤਾਂ ਦੀ ਲਾਇਆ ਗਿਆ ਅਤੇ ਆਮ ਲੋਕਾਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਵੇਖਦੇ ਹੋਏ ਸੁੱਤੇ ਸਿਸਟਮ ਨੂੰ ਜਗਾਉਣ ਵਾਸਤੇ ਲਾਇਆ ਗਿਆ।
ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ
ਮੋਰਚੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਸਥਿਤ ਮੌਜੂਦਾ ਬਸ ਅੱਡਾ ਨਾ ਸਿਰਫ਼ ਲੋਕਾਂ ਲਈ ਆਸਾਨੀ ਨਾਲ ਪਹੁੰਚ ਯੋਗ ਹੈ। ਸਗੋਂ ਆਲੇ-ਦੁਆਲੇ ਦੇ ਵਪਾਰੀਆਂ ਦੀ ਰੋਜ਼ੀ-ਰੋਟੀ ਦਾ ਵੀ ਮੁੱਖ ਕੇਂਦਰ ਹੈ। ਨਵੇਂ ਥਾਂ 'ਤੇ ਬੱਸ ਅੱਡੇ ਨੂੰ ਸ਼ਿਫਟ ਕਰਨਾ ਨਾ ਸਿਰਫ਼ ਆਮ ਲੋਕਾਂ ਲਈ ਅਸੁਵਿਧਾਜਨਕ ਹੋਵੇਗਾ, ਸਗੋਂ ਇਸ ਨਾਲ ਸਥਾਨਕ ਵਪਾਰ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਰਾਏ ਲੈਣ ਦੀ ਗੱਲ ਕਰਦੀ ਹੈ। ਬੱਸ ਅੱਡਾ ਬਦਲਣ ਸਬੰਧੀ ਵੀ ਆਮ ਲੋਕਾਂ ਦੀ ਰਾਏ ਲਾਜ਼ਮੀ ਲੈਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਹੱਕ ਦੀ ਗੱਲ ਸਰਕਾਰ ਦੇ ਸਾਹਮਣੇ ਰੱਖ ਸਕਣ।
ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ
ਪ੍ਰਦਰਸ਼ਨਕਾਰੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਾਰੇ ਸੰਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਸਹਿਮਤੀ ਵਾਲਾ ਹੱਲ ਕੱਢਿਆ ਜਾਵੇ। ਜੇਕਰ ਪ੍ਰਸਾਸ਼ਨ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਹ ਮੋਰਚਾ ਅਣਮਿੱਥੇ ਸਮੇਂ ਧਰਨੇ ਵਿੱਚ ਬਦਲ ਦਿੱਤਾ ਜਾਵੇਗਾ। ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ ਅਤੇ ਬੱਸ ਅੱਡੇ ਨੂੰ ਕਿਸੇ ਵੀ ਕੀਮਤ 'ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਮੋਰਚੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਪਹੁੰਚੇ ਅਤੇ ਬੱਸ ਅੱਡਾ ਨਾ ਬਦਲਣ ਦਾ ਸਮਰਥਨ ਦਿੱਤਾ।