ਲੁਧਿਆਣਾ: ਜ਼ਿਲ੍ਹੇ ਦੇ ਹਲਵਾਰਾ ਏਅਰਪੋਰਟ ਨੂੰ ਲੈ ਕੇ ਹੁਣ ਸਿਆਸਤ ਗਰਮਾਉਂਦੀ ਹੋਈ ਵਿਖਾਈ ਦੇ ਰਹੀ ਹੈ। ਜਿੱਥੇ ਇੱਕ ਪਾਸੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਐਮਪੀ ਸੰਜੀਵ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਮਿਹਨਤ ਸਦਕਾ ਏਅਰਪੋਰਟ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਦੂਜੇ ਪਾਸੇ ਭਾਜਪਾ ਨੇ ਸਵਾਲ ਖੜ੍ਹੇ ਕੀਤੇ ਨੇ ਕਿ ਇਸ ਵਿੱਚ ਪੰਜਾਬ ਸਰਕਾਰ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ' ਵਾਲਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਇਹ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਅਤੇ ਨਾ ਹੀ ਇਸ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਹੈ। ਇਹ ਕੇਂਦਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਹੈ ਅਤੇ ਕੇਂਦਰ ਸਰਕਾਰ ਦੀ ਦੇਖਰੇਖ ਵਿੱਚ ਹੀ ਇਹ ਸਾਰਾ ਕੰਮ ਹੋ ਰਿਹਾ ਹੈ।
'ਸੀਐਮ ਮਾਨ ਅਤੇ ਕੇਜਰੀਵਾਲ ਦਾ ਧੰਨਵਾਦ'
ਹਲਵਾਰਾ ਏਅਰਪੋਰਟ ਨੂੰ ਲੈ ਕੇ ਸੰਜੀਵ ਅਰੋੜਾ ਨੇ ਕਿਹਾ ਹੈ ਕਿ, 'ਪਹਿਲਾਂ ਇਸ ਨੂੰ ਲਾਡੋਵਾਲ ਵਿੱਚ ਬਣਾਇਆ ਜਾਣਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਜ਼ਮੀਨਾਂ ਖਰੀਦ ਕੇ ਵੇਚ ਦਿੱਤੀਆਂ, ਜਿਸ ਤੋਂ ਬਾਅਦ ਫਿਰ ਹਲਵਾਰਾ ਏਅਰਪੋਰਟ ਦੀ ਗੱਲ ਸ਼ੁਰੂ ਹੋਈ। ਅੱਜ ਤੋਂ 25 ਸਾਲ ਪਹਿਲਾਂ ਇਸ ਦੀਆਂ ਗੱਲਾਂ ਚੱਲਦੀਆਂ ਸਨ ਪਰ ਇਸ ਕੰਮ ਨੂੰ ਸਿਰੇ ਨਹੀਂ ਚੜਾਇਆ ਗਿਆ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਇਹ ਪ੍ਰੋਜੈਕਟ ਪੂਰਾ ਹੋਇਆ ਹੈ। ਸਰਕਾਰ ਨੇ ਇਸ ਕੰਮ ਲਈ 2022 ਦੇ ਵਿੱਚ ਹੀ 11ਵੇਂ ਮਹੀਨੇ ਦੇ ਅੰਦਰ 50 ਕਰੋੜ ਦਾ ਫੰਡ ਜਾਰੀ ਕੀਤਾ, ਜਿਸ ਕਰਕੇ ਅੱਜ ਏਅਰਪੋਰਟ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਇਸ ਸਬੰਧੀ 30 ਅਪ੍ਰੈਲ ਨੂੰ ਹੁਣ ਮੀਟਿੰਗ ਹੋਣੀ ਹੈ। ਜਿਸ ਤੋਂ ਬਾਅਦ ਏਅਰ ਇੰਡੀਆ ਨੂੰ ਇਹ ਪ੍ਰੋਜੈਕਟ ਸੌਂਪਿਆ ਜਾਵੇਗਾ। ਜਿਨ੍ਹਾਂ ਵੱਲੋਂ ਇੱਥੇ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਪੋਰਟ ਦਾ ਕੰਮ 100 ਫੀਸਦੀ ਮੁਕੰਮਲ ਹੋ ਚੁੱਕਾ ਹੈ।'
'ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ'
ਇਸ ਸਬੰਧੀ ਭਾਜਪਾ ਦੇ ਸੂਬਾ ਜਨਰਲ ਸੈਕਟਰੀ ਅਨਿਲ ਸਰੀਨ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਹਾਲ ਹੈ ਜਿਵੇਂ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ'। ਉਨ੍ਹਾਂ ਕਿਹਾ ਕਿ 'ਤੂੰ ਕੌਣ ਮੈਂ ਖਾਹ ਮਖਾਹ' ਵਾਲਾ ਕੰਮ ਸੰਜੀਵ ਅਰੋੜਾ ਕਰ ਰਹੇ ਨੇ। ਉਹ ਸਿਰਫ ਬਤੌਰ ਐਮਪੀ ਇਸ ਸਬੰਧੀ ਰਿਪੋਰਟ ਲੈ ਸਕਦੇ ਨੇ ਨਾ ਹੀ ਇਹ ਪ੍ਰੋਜੈਕਟ ਉਹ ਲੈ ਕੇ ਆਏ ਹਨ ਅਤੇ ਨਾ ਹੀ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੇ ਵਿੱਚ ਉਨ੍ਹਾਂ ਦਾ ਕੋਈ ਲੈਣ ਦੇਣ ਹੈ। ਭਾਜਪਾ ਆਗੂ ਨੇ ਸਰੀਨ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰ ਕੀਤਾ ਹੈ, ਉਨ੍ਹਾਂ ਵੱਲੋਂ ਹੀ ਮੁਕੰਮਲ ਕੀਤਾ ਗਿਆ ਹੈ। ਕੇਂਦਰ ਦਾ ਹੀ ਹਵਾਈ ਮਹਿਕਮਾ ਹੈ। ਉਨ੍ਹਾਂ ਕਿਹਾ ਕਿ ਪਰ ਇਹ ਕ੍ਰੈਡਿਟ ਲੈਣ ਲਈ ਇਹ ਸਭ ਕਰ ਰਹੇ ਨੇ।