ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਕਿਸੇ ਵੀ ਸਾਬਕਾ ਸੈਨਿਕ ਜਾਂ ਬੇਕੂਸਰ ਨਾਲ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ। ਇਹ ਕਹਿਣਾ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦਾ ਜੋ ਵਿਸ਼ੇਸ਼ ਤੌਰ 'ਤੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ। ਜਿੱਥੇ ਉਨ੍ਹਾਂ ਨੇ ਪੁਲਿਸ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੱਲਮਾਜਰਾ ਦੇ ਇੱਕ ਨੌਜਵਾਨ ਨਾਲ ਖੇੜਾ ਚੌਂਕੀ ਵਿਖੇ ਕੀਤੇ ਗਏ ਤਸ਼ੱਦਦ ਸਬੰਧੀ ਪੀੜਤ ਨੌਜਵਾਨ ਦਾ ਹਾਲ ਚਾਲ ਜਾਣਿਆ।
ਕੀ ਹੈ ਪੂਰਾ ਮਾਮਲਾ
ਪੀੜਤ ਦੇ ਭਰਾ ਨੇ ਦੱਸਿਆ ਕਿ "ਉਸ ਦਾ ਭਰਾ ਸੁਰਿੰਦਰਪਾਲ ਜੋ ਕਿ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ। ਜਿਸ ਤੋਂ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡ ਤਰਖੇੜੀ ਜ਼ਿਲ੍ਹਾ ਪਟਿਆਲਾ ਨਜ਼ਦੀਕ ਰਸਤੇ ਵਿੱਚ ਨਾਕੇ ਦੌਰਾਨ ਰੋਕ ਕੇ ਪੁੱਛਗਿੱਛ ਕੀਤੀ ਅਤੇ ਨਜਾਇਜ਼ ਤਰੀਕੇ ਨਾਲ ਜਬਰੀ ਗੱਡੀ ਵਿੱਚ ਬਿਠਾ ਕੇ ਖੇੜਾ ਚੌਂਕੀ ਲਿਜਾ ਕੇ ਕੁੱਟਮਾਰ ਕੀਤੀ ਗਈ। ਜਦੋਂ ਪੁਲਿਸ ਦੀ ਕੁੱਟ ਮਾਰ ਦੌਰਾਨ ਸੁਰਿੰਦਰ ਪਾਲ ਗੰਭੀਰ ਜ਼ਖਮੀ ਹੋ ਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਘਰ ਫੋਨ ਕਰਕੇ ਉਸ ਨੂੰ ਲੈ ਕੇ ਜਾਣ ਲਈ ਕਿਹਾ ਤੇ ਪਰਿਵਾਰ ਨੂੰ ਧਮਕਾਇਆ ਤੇ ਕਿਹਾ ਕਿ ਜੇਕਰ ਉਹ ਬੋਲੇ ਤਾਂ ਉਨਾਂ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਜਾਵੇਗਾ।"
ਜਸਵਿੰਦਰ ਕੌਰ ਬਾਠ ਨੇ ਦਿੱਤਾ ਸਾਥ
ਜਸਵਿੰਦਰ ਕੌਰ ਬਾਠ ਨੇ ਕਿਹਾ ਕਿ "ਪੰਜਾਬ ਵਿੱਚ ਦਿਨ ਪ੍ਰਤੀ ਦਿਨ ਪੁਲਿਸ ਦੀਆਂ ਧੱਕੇਸ਼ਾਹੀਆਂ ਵੱਧਦੀਆਂ ਜਾ ਰਹੀਆਂ ਹਨ। ਜਿਸ ਦਾ ਉਹ ਕਰੜਾ ਵਿਰੋਧ ਕਰਦੇ ਹਨ। ਇਸ ਮੌਕੇ ਉਹਨਾਂ ਵਿਸ਼ੇਸ਼ ਤੌਰ 'ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨਾਲ ਮੁਲਾਕਾਤ ਕੀਤੀ ਤੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।"
ਇਸ ਮੌਕੇ ਐਸਪੀਡੀ ਰਕੇਸ਼ ਯਾਦਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ "ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਉਕਤ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਮਾਮਲਾ ਦਰਜ ਲਿਆ ਹੈ ਅਤੇ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।"