ਕਪੂਰਥਲਾ: ਬੀਤੇ ਮਹੀਨੇ 30 ਮਈ ਨੂੰ ਫ਼ਗਵਾੜਾ ਨੇੜਲੇ ਪਿੰਡ ਰਿਹਾਣਾ ਜੱਟਾਂ ਵਿਖੇ ਐਚ.ਡੀ.ਐਫ.ਸੀ. ਬੈਂਕ ਅੰਦਰ ਦਿਨ ਦਿਹਾੜੇ ਹੋਈ ਡਕੈਤੀ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ ਹੱਲ ਕਰਦੇ ਹੋਏ ਇੱਕ ਵਿਅਕਤੀ ਨੂੰ ਪਿਸਤੌਲ ਅਤੇ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਹੋਣ ਉਪਰੰਤ ਤੁਰੰਤ ਹੀ ਥਾਣਾ ਰਾਵਲਪਿੰਡੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਅੱਜ ਇਸ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਲੱਖਾਂ ਦੀ ਨਕਦੀ ਸਣੇ ਕਾਬੂ ਮੁਲਜ਼ਮ
ਐਸ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਖ਼ੁਦ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਕਰੀਬ 150 ਕਿੱਲੋਮੀਟਰ ਤੱਕ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ | ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਦੀ ਅੰਦਰੂਨੀ ਜਾਂਚ ਉਪਰੰਤ ਇਹ ਪਤਾ ਲੱਗਾ ਕਿ ਬੈਂਕ ਅੰਦਰੋਂ ਇਹ ਤਿੰਨ ਲੁਟੇਰੇ 38 ਲੱਖ 34900 ਰੁਪਏ ਲੁੱਟ ਕੇ ਲੈ ਗਏ ਸਨ ਤੇ ਇਨ੍ਹਾਂ ਨੇ ਇਹ ਲੁੱਟ ਬੈਂਕ ਅੰਦਰ ਤਾਇਨਾਤ ਸੁਰੱਖਿਆ ਕਰਮਚਾਰੀ ਨੂੰ ਬੰਧਕ ਬਣਾਕੇ ਕੈਸ਼ੀਅਰ ਦੇ ਕੈਬਿਨ ਵਿੱਚੋਂ ਕੀਤੀ ਸੀ।
ਪੁਲਿਸ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਕਥਿਤ ਮੁਲਜ਼ਮ ਗੁਰਮਿੰਦਰ ਸਿੰਘ ਵਾਸੀ ਪਿੰਡ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਤੇ ਉਸ ਦੇ ਖ਼ੁਲਾਸੇ ਪਿੱਛੋਂ ਕਥਿਤ ਮੁਲਜ਼ਮ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਇੱਕ ਦੇਸੀ ਪਿਸਤੌਲ ਤੇ 13 ਲੱਖ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜੋ ਲੁੱਟ ਦੇ ਹਿੱਸੇ ਵਿਚੋਂ ਉਸਨੂੰ ਮਿਲੀ ਸੀ। ਪੁਲਿਸ ਮੁਤਾਬਕ ਮੁਲਜ਼ਮ ਗੁਰਮਿੰਦਰ ਵੱਲੋਂ ਇਹ ਪਹਿਲਾ ਅਪਰਾਧ ਸੀ ਅਤੇ ਇਸ ਦੇ ਬਾਕੀ ਸਾਥੀਆਂ ਖਿਲਾਫ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਸ ਸਬੰਧੀ ਉਹ ਪਹਿਲਾਂ ਤੋਂ ਹੀ ਪੁਲਿਸ ਨੂੰ ਲੋੜੀਂਦੇ ਸਨ।
ਰੇਕੀ ਤੋਂ ਬਾਅਦ ਕੀਤੀ ਡਕੈਤੀ
ਉਨ੍ਹਾਂ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਸਾਜ਼ਿਸ਼ਕਾਰ ਅਤੇ ਉਸਦੇ ਨਾਲ ਇੱਕ ਹੋਰ ਸਾਥੀ ਦੀ ਵੀ ਪੁਲਿਸ ਨੇ ਸ਼ਨਾਖ਼ਤ ਕਰ ਲਈ ਜਿਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਐਸ.ਐਸ.ਪੀ. ਅਨੁਸਾਰ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਬੈਂਕ ਦੀ ਰੇਕੀ ਕੀਤੀ ਤੇ ਜਿਹੜੀ ਵਰਨਾ ਕਾਰ ਵਿਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਉਸਦੀਆਂ ਨੰਬਰ ਪਲੇਟਾਂ ਵੀ ਜਾਅਲੀ ਲਗਾਈਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੇ ਰਸਤੇ ਵਿਚ ਮੁੜ ਕਾਰ ਦੀਆਂ ਪਲੇਟਾਂ ਬਦਲੀਆਂ। ਐਸ.ਐਸ.ਪੀ. ਨੇ ਦੱਸਿਆ ਕਿ ਡਕੈਤੀ ਦੇ ਮੁੱਖ ਸਾਜ਼ਿਸ਼ਕਾਰ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਤੇ ਇਰਾਦਾ ਕਤਲ ਦੇ ਕੇਸ ਦਰਜ ਹਨ | ਉਸਨੂੰ ਤੇ ਉਸਦੇ ਸਾਥੀ ਨੂੰ ਬਹੁਤ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।