ਮਾਨਸਾ: ਜ਼ਿਲ੍ਹੇ ਦੇ ਪਿੰਡ ਰੜ ਵਿੱਚ ਖਾਲਿਸਤਾਨੀ ਝੰਡਿਆਂ ਦੇ ਨਾਲ ਕੱਢੀ ਜਾਣ ਵਾਲੀ ਰੈਲੀ ਨੂੰ ਮਾਨਸਾ ਪੁਲਿਸ ਵੱਲੋਂ ਅਸਫਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਕਿਤੇ ਵੀ ਖਾਲਿਸਤਾਨ ਦੇ ਝੰਡੇ ਨਹੀਂ ਲਹਿਰਾਉਣ ਦਿੱਤੇ ਗਏ। ਮਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਗੁਰਪਤਵੰਤ ਪੰਨੂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਬਿਆਨ ਨਹੀਂ ਦੇਣੇ ਚਾਹੀਦੇ।
ਸਿੱਖਾਂ ਦੇ ਲਈ ਬਹੁਤ ਵੱਡਾ ਦਿਨ
ਮਾਨਸਾ ਜ਼ਿਲ੍ਹੇ ਦੇ ਪਿੰਡ ਰੜ ਤੋਂ ਖਾਲਿਸਤਾਨੀ ਝੰਡਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨਾਂ ਵੱਲੋਂ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਤੈਨਾਤ ਕਰਕੇ ਰੈਲੀ ਨੂੰ ਅਸਫਲ ਕਰ ਦਿੱਤਾ ਗਿਆ ਹੈ। ਪਿੰਡ ਰੱਲਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਸਿੱਖਾਂ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਇਸ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਰੈਲੀ ਕੱਢਣ ਦਾ ਸਭ ਨੂੰ ਹੱਕ
ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਮਨਾਈ ਜਾਂਦੀ ਸੀ ਪਰ ਜਦੋਂ ਪਾਕਿਸਤਾਨ ਅਲੱਗ ਹੋ ਗਿਆ ਤਾਂ ਹੁਣ ਪੰਜਾਬ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਲੱਗ ਕਰਨ ਵੇਲੇ ਸਿੱਖਾਂ ਦੀ ਰਾਏ ਨਹੀਂ ਲਈ ਗਈ ਸੀ ਜਿਸ ਕਾਰਨ ਅੱਜ ਵੀ ਸਿੱਖ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਰੈਲੀ ਕੱਢਣ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ਉੱਤੇ ਕਿਹਾ ਕਿ ਹਰ ਕਿਸੇ ਨੂੰ ਅਧਿਕਾਰ ਹੈ ਕਿ ਉਹ ਰੈਲੀ ਸ਼ਾਂਤਮਈ ਤਰੀਕੇ ਦੇ ਨਾਲ ਕੱਢ ਸਕਦੇ ਹਨ ਪਰ ਪੁਲਿਸ ਵੱਲੋਂ ਰੋਕੇ ਜਾਣਾ ਗਲਤ ਹੈ।
ਪੰਨੂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ
ਸਿਮਰਨਜੀਤ ਸਿੰਘ ਮਾਨ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਤੋੜੇ ਜਾਣ ਦੇ ਦਿੱਤੇ ਬਿਆਨ ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਡਾਕਟਰ ਭੀਮ ਰਾਵ ਅੰਬੇਡਕਰ ਦਾ ਕੀ ਕਸੂਰ ਹੈ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਦੇ ਖਿਲਾਫ ਬਿਆਨ ਦੇਣੇ ਚਾਹੀਦੇ ਹਨ ਜਦੋਂ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਦੇਣਾ ਚਾਹੀਦਾ।