ਅੰਮ੍ਰਿਤਸਰ: "ਯੁੱਧ ਨਸ਼ਿਆਂ ਵਿਰੁੱਧ" ਚਲਾਈ ਗਈ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਐਕਸ਼ਨ 'ਚ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮੁੱਦੇ ਜੋ ਕਿ ਅਟਾਰੀ ਵਾਹਘਾ ਸਰਹੱਦ ਦੇ ਨੇੜੇ ਹੈ, ਉਸ ਵਿੱਚ ਇੱਕ ਨਸ਼ਾ ਤਸਕਰ ਰਣਜੀਤ ਸਿੰਘ ਦਾ ਘਰ ਢਾਹਿਆ ਗਿਆ।
'ਪਹਿਲਾਂ ਵੀ 12 ਪਰਚੇ ਦਰਜ'
ਇਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਐੱਸਪੀ ਅਦਿੱਤਿਆ ਨੇ ਦੱਸਿਆ ਕਿ ਇਹ ਪਿੰਡ ਮੁੱਦੇ ਜੋ ਘਰਿੰਡਾ ਵਿੱਚ ਪੈਂਦਾ ਹੈ। ਇੱਥੋਂ ਦੇ ਨਾਮੀ ਨਸ਼ਾ ਤਸਕਰ ਰਣਜੀਤ ਸਿੰਘ ਦਾ ਘਰ ਢਾਹਿਆ ਜਾ ਰਿਹਾ ਹੈ। ਜਿਸ ਉੁਪਰ ਪਹਿਲਾਂ ਹੀ 12 ਪਰਚੇ ਦਰਜ ਹਨ, ਅਤੇ ਉਹ ਜੇਲ੍ਹ ਵਿੱਚ ਹੈ। ਇਸ ਦੀ ਇੱਕ ਹੋਰ ਪ੍ਰਾਪਰਟੀ ਹੈ, ਉਸ ਦੇ ਉਪਰ ਵੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਪਿੰਡ ਦਾ ਸਰਪੰਚ ਬਹੁਤ ਦਲੇਰ ਆਦਮੀ ਹੈ। ਸਰਪੰਚ ਤੇ ਬੀਡੀਪੀਓ ਨੇ ਐਕਸ਼ਨ ਲੈ ਕੇ ਪੁਲਿਸ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਮਾਮਲਾ ਸਾਡੇ ਕੋਲ ਆਇਆ ਅਤੇ ਇਸ ਖਿਲਾਫ ਕਾਰਵਾਈ ਕੀਤੀ ਗਈ ਹੈ, ਅਤੇ ਨਸ਼ਾ ਤਸਕਰ ਦਾ ਘਰ ਢਾਹਿਆ ਜਾ ਰਿਹਾ ਹੈ।
''ਸੇਫ ਪੰਜਾਬ' ਦਾ ਬਣਾਇਆ ਪੋਰਟਲ'
ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੂੰ ਵੀ ਇਨ੍ਹਾਂ ਗੱਲਾਂ ਬਾਰੇ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਨਸ਼ਾ ਤਸਕਰੀ ਕਰ ਰਿਹਾ ਹੈ। ਜੇਕਰ ਕੋਈ ਅਜਿਹਾ ਕਰਨ ਤੋਂ ਡਰਦਾ ਹੈ ਉਹ ਇਸ ਬਾਰੇ ਗੁਪਤ ਸੂਚਨਾ ਵੀ ਦੇ ਸਕਦਾ ਹੈ। ਜਿਸ ਲਈ ਇਕ ਪੋਰਟਲ ਬਣਾਇਆ ਗਿਆ ਹੈ 'ਸੇਫ ਪੰਜਾਬ' ਜਿਸ 'ਤੇ ਤੁਸੀਂ ਨਸ਼ਿਆਂ ਬਾਰੇ ਪੂਰੀ ਜਾਣਕਾਰੀ ਦੇ ਸਕਦੇ ਹੋ ਕਿ ਕਿਸ-ਕਿਸ ਜਗ੍ਹਾ 'ਤੇ ਨਸ਼ਾ ਵਿਕ ਰਿਹਾ ਹੈ। ਉਸ ਰਾਹੀਂ ਸਾਡੇ ਕੋਲ ਹੁਣ ਤੱਕ 80 ਸ਼ਿਕਾਇਤਾਂ ਆ ਚੁੱਕੀਆਂ ਹਨ।
ਇਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਰਣਜੀਤ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਹੈ, ਜਿਸ ਦੇ ਮਕਾਨ ਨੂੰ ਢਾਹਿਆ ਜਾ ਰਿਹਾ ਹੈ। ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਕਿ ਜੋ ਨਸ਼ਾ ਤਸਕਰਾਂ ਦੇ ਖਿਲਾਫ ਇਹ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਜਾ ਰਹੀ ਹੈ, ਅਸੀਂ ਪੁਲਿਸ ਦਾ ਪੂਰਾ ਸਹਿਯੋਗ ਦੇ ਰਹੇ ਹਾਂ।