ਕੀਰਤਪੁਰ ਸਾਹਿਬ: ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਦੀ ਸਰਕਾਰ ਅਤੇ ਲੋਕਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਲੋਹੰਡ ਖੱਡ, ਕੀਰਤਪੁਰ ਸਾਹਿਬ ਵਿਖੇ ਚੱਲ ਰਹੇ ਪੱਕੇ ਧਰਨੇ ਨੂੰ ਅੱਜ ਵੱਡਾ ਬਲ ਮਿਲਿਆ, ਜਦੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਹੋਈਆਂ ਬੀਬੀਆਂ, ਭੈਣਾਂ ਅਤੇ ਹੋਰ ਨਾਗਰਿਕ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਸ਼ਾਮਲ ਹੋਏ। ਮੋਰਚੇ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਲਾਲ ਚੰਦ ਕਟਾਰੂ ਚੱਕ ਵੀ ਦੂਜੇ ਦਿਨ ਵੀ ਮੌਕੇ ‘ਤੇ ਹਾਜ਼ਰ ਰਹੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਲਈ ਇਹ ਜੰਗ ਸਿਰਫ ਰਾਜਨੀਤਕ ਨਹੀਂ, ਸਗੋਂ ਲੋਕਾਂ ਦੇ ਹੱਕਾਂ ਅਤੇ ਵਜੂਦ ਦੀ ਲੜਾਈ ਹੈ।
ਪਾਣੀ ਛੱਡਣ ਦੀ ਕੋਸ਼ਿਸ਼
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ "ਮੋਰਚਾ ਨੰਗਲ ਡੈਮ ਅਤੇ ਲੋਹੰਡ ਖੱਡ ਦੋਵੇਂ ਥਾਵਾਂ ‘ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਦਿਨ-ਰਾਤ 24 ਘੰਟੇ ਪਹਿਰਾ ਦੇ ਰਹੇ ਹਨ ਤਾਂ ਜੋ ਪੰਜਾਬ ਦਾ ਪਾਣੀ ਕਿਸੇ ਹੋਰ ਰਾਜ ਨੂੰ ਨਾ ਜਾਵੇ। ਉਨ੍ਹਾਂ ਆਰੋਪ ਲਾਇਆ ਕਿ BBMB (ਭਾਖੜਾ ਬੀਅਸ ਮੈਨੇਜਮੈਂਟ ਬੋਰਡ) ਦੇ ਅਧਿਕਾਰੀ ਸਮੇਂ-ਸਮੇਂ ‘ਤੇ ਪਾਣੀ ਛੱਡਣ ਦੀ ਕੋਸ਼ਿਸ਼ ਕਰਦੇ ਆਏ ਹਨ, ਪਰ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕੀਤਾ।"
ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਚੰਗਰ ਇਲਾਕੇ ਦੇ ਪਿੰਡਾਂ ਨੂੰ ਨਹਿਰਾਂ ਰਾਹੀਂ ਪਾਣੀ ਮਿਲ ਰਿਹਾ ਹੈ, ਜੋ ਕਿ ਸਾਲਾਂ ਤੋਂ ਉਮੀਦਾਂ ‘ਤੇ ਪਾਣੀ ਫੇਰ ਰਿਹਾ ਸੀ। ਉਨ੍ਹਾਂ ਆਗਾਹ ਕੀਤਾ ਕਿ ਸੂਬਾ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੰਕਲਪਬੱਧ ਹੈ ਅਤੇ ਲੋਕਾਂ ਦੀ ਜਾਗਰੂਕਤਾ ਇਸ ਲਹਿਰ ਨੂੰ ਹੋਰ ਮਜ਼ਬੂਤੀ ਦੇ ਰਹੀ ਹੈ।
ਇਸ ਦੌਰਾਨ ਵਿਸ਼ੇਸ਼ ਤੌਰ ਉੱਤੇ ਪਹੁੰਚੇ ਕੈਬਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੂਰਮਿਆਂ ਅਤੇ ਮਿਹਨਤਕਸ਼ ਲੋਕਾਂ ਦੀ ਧਰਤੀ ਹੈ, ਸੂਬੇ ਦੇ ਵਿੱਚ ਦੀ ਪਾਣੀ ਦੀ ਪੂਰਤੀ ਔਖੀ ਹੋ ਰਹੀ ਹੈ, ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਸੂਬੇ ਨੂੰ ਹਮੇਸ਼ਾ ਹੀ ਪਾਣੀ ਦੀ ਲੋੜ ਰਹੀ ਹੈ ਮਾਨਵਤਾ ਦੇ ਨਾਤੇ ਹਰਿਆਣਾ ਸੂਬੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਪਰ ਭਾਜਪਾ ਸਰਕਾਰ ਅਤੇ ਬੀਬੀਐਮਬੀ ਵੱਲੋਂ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਤਿੰਨ ਵਾਰ ਨੰਗਲ ਡੈਮ ਵਿਖੇ ਪਹੁੰਚੇ ਹਨ, ਉਨ੍ਹਾਂ ਤੋਂ ਇਲਾਵਾ ਕਈ ਕੈਬਨਿਟ ਮਨਿਸਟਰ ਉੱਥੇ ਪਹੁੰਚ ਕੇ ਬੀਬੀਐਮਬੀ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਕਿ ਇਹ ਲੜਾਈ ਕੇਵਲ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਪੂਰੇ ਪੰਜਾਬੀਆਂ ਦੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹੱਕ ਦਾ ਪਾਣੀ ਰੋਕਣ ਦੇ ਲਈ ਸੰਘਰਸ਼ ਕੀਤਾ ਜਾਵੇ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਖਾਸ ਕਰ ਮਹਿਲਾਵਾਂ ਸ਼ਾਮਿਲ ਸਨ।