ਚੰਡੀਗੜ੍ਹ: ਪੰਜਾਬ ਦੀ ਸਿਆਸਤ ਦਾ ਪਾਰਾ ਸਿਖ਼ਰਾਂ ਤੱਕ ਪਹੁੰਚ ਗਿਆ ਹੈ। ਐਤਵਾਰ ਹੋਣ ਕਾਰਨ ਬੇਸ਼ੱਕ ਅਦਾਲਤ ਬੰਦ ਹੈ ਪਰ ਕੋਰਟ ਵੱਲੋਂ ਐੱਫ਼ਆਈਆਰ ਆਨਲਾਈਨ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੂੰ ਪੁਲਿਸ ਨੇ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਬਾਜਵਾ ਨਹੀਂ ਪਹੁੰਚੇ। ਬਾਜਵਾ ਦੇ ਵਕੀਲ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਸ ਨੇ ਇਹ ਵੀ ਕਿਹਾ ਕਿ ਉਹ ਅੱਜ ਪੇਸ਼ ਨਹੀਂ ਹੋ ਸਕਦੇ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਇਸ 'ਤੇ ਸਹਿਮਤੀ ਪ੍ਰਗਟਾਈ। ਹੁਣ ਕੱਲ੍ਹ ਦੁਪਹਿਰ 2 ਵਜੇ ਮੁੜ ਤੋਂ ਪ੍ਰਤਾਪ ਬਾਜਵਾ ਨੂੰ ਬੁਲਾਇਆ ਗਿਆ ਹੈ। ਇਸ ਤੋਂ ਬਾਅਦ ਬਾਜਵਾ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ ਅਤੇ ਨਾਲ ਹੀ ਐਫਆਈਆਰ ਦੀ ਕਾਪੀ ਦੇਣ ਦੀ ਮੰਗ ਕੀਤੀ ਗਈ।
#WATCH | Mohali, Punjab: Punjab LoP and Congress leader Pratap Singh Bajwa's advocate, Pradeep Virk says " as his advocate, i have demanded some time. pratap singh bajwa got the summon last night, and he was not in a position to be present here. he demanded time till 2 pm… https://t.co/5g1unVvNtC pic.twitter.com/jqlpnq4NEn
— ANI (@ANI) April 14, 2025
'ਪਹਿਲਾਂ ਤਾਂ ਬੰਬ ਗਿਣਦਾ ਸੀ ਹੁਣ ਵਕੀਲ ਲੱਭ ਰਿਹਾ'
ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਪ੍ਰਤਾਪ ਬਾਜਵਾ ਨੂੰ ਘੇਰਿਆ ਜਾ ਰਿਹਾ ਹੈ। ਪਟਿਆਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲਏ ਬਿਨਾਂ ਫਿਰ ਨਿਸ਼ਾਨਾ ਸਾਧਿਆ ਤੇ ਕਿਹਾ ਕਿ "ਉਹ ਕੱਲ੍ਹ ਇੱਕ ਬੰਬ ਗਿਣ ਰਿਹਾ ਸੀ। 50 ਬੰਬ ਆ ਚੁੱਕੇ ਹਨ, 18 ਚਲੇ ਗਏ ਹਨ, 32 ਬਾਕੀ ਹਨ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਹ ਕਿੱਥੇ ਹਨ, ਤਾਂ ਵਕੀਲ ਹੁਣ ਲੱਭ ਰਿਹਾ ਹੈ। ਜੇਕਰ ਉਨ੍ਹਾਂ ਨੂੰ ਪਤਾ ਹੈ ਕਿ 50 ਬੰਬ ਕਿੱਥੋਂ ਆਏ ਹਨ ਤਾਂ ਉਨ੍ਹਾਂ ਨੂੰ ਬਾਕੀ ਬਚੇ ਬੰਬਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਜੇਕਰ ਉਨ੍ਹਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"
ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ
ਆਪ' ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ। ਉੁਨ੍ਹਾਂ ਕਿਹਾ ਕਿ "ਬਾਜਵਾ ਸਾਬ੍ਹ ਕੋਲ ਘੰਟਿਆਂ ਬੱਧੀ ਟੀਵੀ ’ਤੇ ਇੰਟਰਵਿਊ ਕਰਨ ਦਾ ਸਮਾਂ ਹੈ ਅਤੇ ਉਹ ਬਿਆਨਬਾਜੀ ਕਰਦੇ ਹਨ ਕਿ ਪੰਜਾਬ ’ਚ ਇੰਨੇ ਬੰਬ ਧਮਾਕੇ ਹੋ ਸਕਦੇ ਹਨ। ਪਰ ਬਾਜਵਾ ਕੋਲ ਥਾਣੇ ਜਾਣ ਦਾ ਸਮਾਂ ਨਹੀਂ ਹੈ। ਬਾਜਵਾ ਵੱਲੋਂ ਇਹ ਦੋਹਰਾ ਮਾਪਦੰਡ ਕਿਉਂ ਆਪਣਾਇਆ ਜਾ ਰਿਹਾ ਹੈ। ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਨੂੰ ਪੰਜਾਬ ਨੂੰ ਇਨਪੁੱਟ ਦੇਣ ’ਚ ਕਿਉਂ ਗੁਰੇਜ ਕਰ ਰਹੇ ਹੋ। ਪ੍ਰਤਾਪ ਬਾਜਵਾ ਲਈ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਤੋਂ ਵੱਡਾ ਹੋਰ ਕੀ ਜ਼ਰੂਰੀ ਕੰਮ ਹੈ। "
ਤੁਸੀਂ ਵਿਰੋਧੀ ਲੀਡਰ ਨੂੰ ਬੋਲਣ ਤਾਂ ਦਿੰਦੇ ਨਹੀਂ
ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ ਹੈ। ਸਰਕਾਰ ਵਿਰੋਧੀ ਆਗੂਆਂ ਨੂੰ ਡਰਾ ਨਹੀਂ ਸਕਦੀ। ਅਗਲੀ ਰਣਨੀਤੀ ਲਈ ਸਮੁੱਚੀ ਕਾਂਗਰਸ ਵਿਚਾਰ ਵਟਾਂਦਰਾ ਕਰੇਗੀ। ਬਾਜਵਾ ਦੇ ਘਰ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਕਿ ਕੱਲ੍ਹ ਤੁਸੀਂ ਪੇਸ਼ ਹੋਣਾ ਹੈ ਪਰ ਅੱਜ ਜ਼ਰੂਰੀ ਰੁਝੇਵੇ ਕਰਕੇ ਪੁਲਿਸ ਨੂੰ ਉਨ੍ਹਾਂ ਨੇ ਜਵਾਬ ਦਿੱਤਾ ਹੈ। ਤੁਸੀਂ ਤਾਂ ਐਵੇ ਕਹਿ ਰਹੇ ਹੋ ਜਿਵੇਂ ਪ੍ਰਤਾਪ ਬਾਜਵਾ ਤੋਂ ਸਲਾਹ ਮੰਗ ਰਹੇ ਹੋਵੋ। ਤੁਸੀਂ ਵਿਰੋਧੀ ਲੀਡਰ ਨੂੰ ਬੋਲਣ ਤਾਂ ਦਿੰਦੇ ਨਹੀਂ , ਵਿਧਾਨ ਸਭਾ ਵਿੱਚ ਵੀ ਜਿਸ ਪ੍ਰਕਾਰ ਦਾ ਰਵੱਈਆ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ। "
ਮਾਨ ਸਰਕਾਰ ਦੀ ਬੋਖਲਾਹਟ
ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਕੇਸ ਦਰਜ ਕਰਨ ਨੂੰ ਮਾਨ ਸਰਕਾਰ ਦੀ ਬੋਖਲਾਹਟ ਦੀ ਨਿਸ਼ਾਨੀ ਦੱਸਿਆ। "ਪੰਜਾਬ ਦੇ ਇਤਿਹਾਸ ਵਿੱਚ ਵਿਰੋਧੀ ਧਿਰ ਦੇ ਨੇਤਾ ਨਾਲ ਅਜਿਹਾ ਵਿਹਾਰ ਪਹਿਲੀ ਵਾਰ ਦੇਖਿਆ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਝੂਠਾ ਕੇਸ ਦਰਜ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ । ਮੁੱਖ ਮੰਤਰੀ ਪੰਜਾਬ ਅਜਿਹੀਆਂ ਕਾਰਵਾਈਆਂ ਕਰਕੇ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਅਤੇ ਪੰਜਾਬ ਦੇ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਖਿਲਾਫ ਕੀਤੀ ਗਈ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕਰਨਗੇ, ਭਗਵੰਤ ਮਾਨ ਸਰਕਾਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਖਿਲਾਫ ਦਰਜ ਕੀਤੇ ਝੂਠੇ ਕੇਸ ਵਾਪਿਸ ਲੈਣ ਲਈ ਮੁੱਖ ਮੰਤਰੀ ਪੰਜਾਬ ਦੇ ਨੱਕ ਵਿੱਚ ਦੱਮ ਕਰ ਦੇਣਗੇ, ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਨੂੰ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਪੂਰੇ ਜ਼ੋਰ ਨਾਲ ਚੁੱਕਾਂਗੇ"।