ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ 'ਤੇ ਆਪ੍ਰੇਸ਼ਨ ਸਿੰਦੂਰ ਦੇ ਨਾਮ 'ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਇਸਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਸਿਖਰਾਂ ਉੱਤੇ ਹੋ ਰਹੀ ਹੈ। ਸੀਐੱਮ ਮਾਨ ਨੇ ਕਿਹਾ ਕਿ ਪਾਰਟੀ ਨੇ ਫੌਜ ਦੇ ਮਾਣ ਨੂੰ ਰਾਜਨੀਤੀ ਦਾ ਵਿਸ਼ਾ ਬਣਾਇਆ ਹੈ, ਇਸ ਲਈ ਇਸਦੀ ਜਿੰਨੀ ਵੀ ਆਲੋਚਨਾ ਕੀਤੀ ਜਾਵੇ ਉਹ ਘੱਟ ਹੋਵੇਗੀ।
"ਆਪ੍ਰੇਸ਼ਨ ਸਿੰਦੂਰ ਦੇ ਨਾਮ 'ਤੇ ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜੇਕਰ ਤੁਹਾਡੇ ਘਰ ਵਿੱਚ ਸਿੰਦੂਰ ਭੇਜਿਆ ਜਾਵੇ ਤਾਂ ਕੀ ਤੁਸੀਂ ਮੋਦੀ ਦੇ ਨਾਂ ਦਾ ਸਿੰਦੂਰ ਲਗਾਓਗੇ ? ਕੀ ਇਹ ਇੱਕ ਰਾਸ਼ਟਰ ਇੱਕ ਹਸਬੈਂਡ ਯੋਜਨਾ ਹੈ ?" - ਭਗਵੰਤ ਮਾਨ, ਮੁੱਖ ਮੰਤਰੀ
ਸਿੰਦੂਰ ਦਾ ਮਜ਼ਾਕ ਉਡਾਇਆ ਗਿਆ - ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਇਸ ਦੌਰਾਨ ਮੀਡੀਆ ਨੇ ਪੁੱਛਿਆ ਕਿ ਭਾਜਪਾ ਆਗੂ ਆਪ੍ਰੇਸ਼ਨ ਸਿੰਦੂਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ, ਸਿੰਦੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਤੁਸੀਂ ਦੇਖਿਆ ਨਹੀਂ ? ਹੁਣ ਉਹ ਕਹਿ ਰਹੇ ਹਨ ਕਿ ਉਹ ਸਿੰਦੂਰ ਘਰ-ਘਰ ਭੇਜਣਗੇ।
ਰਾਜਾ ਵੜਿੰਗ ਨੇ ਭਾਜਪਾ ਨੂੰ ਘੇਰਿਆ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਜਪਾ ਉੱਤੇ ਨਿਸ਼ਾਨਾਂ ਸਾਧਿਆ। ਉਨ੍ਹਾਂ ਕਿਹਾ ਕਿ ਔਰਤਾਂ ਦੇ ਪਤੀ ਦਾ ਸਿੰਦੂਰ 'ਤੇ ਹੱਕ ਹੈ ? ਪੰਜਾਬ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਸਿੰਦੂਰ ਘਰ-ਘਰ ਨਾ ਭੇਜਣ, ਨਹੀਂ ਤਾਂ ਪੰਜਾਬੀ ਔਰਤਾਂ ਉਨ੍ਹਾਂ ਨੂੰ ਕੁੱਟਣਗੀਆਂ।
"ਸਾਰੇ ਜਾਣਦੇ ਹਨ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਕੀ ਹੋਇਆ ਸੀ। ਅਸੀਂ ਆਪਣੀ ਭਾਰਤੀ ਫੌਜ ਨੂੰ ਸਲਾਮ ਕਰਦੇ ਹਾਂ। ਭਾਜਪਾ ਵਾਲਿਆ ਨੂੰ ਸਿੰਦੂਰ ਲੈ ਕੇ ਘਰ-ਘਰ ਨਹੀਂ ਜਾਣਾ ਚਾਹੀਦਾ। ਇਹ ਪੰਜਾਬ ਦੀਆਂ ਔਰਤਾਂ ਹਨ, ਉਹ ਭਾਜਪਾ ਦੇ ਲੋਕਾਂ ਨੂੰ ਕੁੱਟਣਗੀਆਂ। ਔਰਤ ਦੇ ਪਤੀ ਦਾ ਹੀ ਸਿੰਦੂਰ 'ਤੇ ਹੱਕ ਹੈ। ਔਰਤ ਆਪਣੇ ਪਤੀ ਦੀ ਲੰਬੀ ਉਮਰ ਲਈ ਸਿੰਦੂਰ ਲਗਾਉਂਦੀ ਹੈ। ਬਿੱਟੂ ਜੀ, ਸਾਵਧਾਨ ਰਹੋ। ਜਾਖੜ ਸਾਬ੍ਹ ਅਤੇ ਬਿੱਟੂ ਸਾਹਿਬ ਸਿੰਦੂਰ ਦੇ ਨਾਂ 'ਤੇ ਦੁਕਾਨ ਚਲਾਉਣਾ ਚਾਹੁੰਦੇ ਹਨ, ਲੋਕ ਉਨ੍ਹਾਂ ਨੂੰ ਨੰਗੇ ਪੈਰੀਂ ਮੋੜ ਦੇਣਗੇ। ਗੁਪਤਾ ਜੀ ਦੇ ਆਉਣ 'ਤੇ ਤੁਹਾਡੀ ਅੱਧੀ ਸ਼ਕਤੀ ਚਲੀ ਗਈ ਸੀ।" - ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ
ਇਸ ਤਰ੍ਹਾਂ ਸ਼ੁਰੂ ਹੋਇਆ ਸਿੰਦੂਰ ਵਿਵਾਦ
ਦਰਅਸਲ, ਇਨ੍ਹੀਂ ਦਿਨੀਂ ਲੁਧਿਆਣਾ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਬੀਤੇ ਦਿਨ ਜਦੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨਾਮਜ਼ਦਗੀ ਪੱਤਰ ਭਰਨ ਗਏ ਸਨ, ਤਾਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਨੇ ਕਿਹਾ ਸੀ ਕਿ ਲੋਕਾਂ ਨੂੰ ਆਪ੍ਰੇਸ਼ਨ ਸਿੰਦੂਰ ਦੇ ਨਾਂ 'ਤੇ ਵੋਟ ਪਾਉਣੀ ਚਾਹੀਦੀ ਹੈ। ਇਸ ਤੋਂ ਬਾਅਦ, ਇਹ ਸਾਰਾ ਵਿਵਾਦ ਸ਼ੁਰੂ ਹੋਇਆ। ਆਪ੍ਰੇਸ਼ਨ ਸਿੰਦੂਰ ਭਾਰਤੀ ਫੌਜ ਦੁਆਰਾ ਪਾਕਿਸਤਾਨ ਵਿੱਚ ਲੁਕੇ ਅੱਤਵਾਦੀਆਂ ਨੂੰ ਮਾਰਨ ਲਈ ਕੀਤਾ ਗਿਆ ਸੀ। ਇਹ ਆਪ੍ਰੇਸ਼ਨ ਉਦੋਂ ਕੀਤਾ ਗਿਆ ਸੀ ਜਦੋਂ ਅੱਤਵਾਦੀਆਂ ਨੇ ਅਪ੍ਰੈਲ ਮਹੀਨੇ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਸਿਰਫ਼ ਔਰਤਾਂ ਦੇ ਪਤੀ ਹੀ ਮਾਰੇ ਗਏ ਸਨ।