ਸੁਲਤਾਨਪੁਰ ਲੋਧੀ: ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੇ ਖਾਂ ਦੇ ਨਾਲ ਸੰਬੰਧਿਤ ਹੈ। ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਵਿਨੋਦ ਸਿੰਘ, ਜੋ ਕਰੀਬ ਦੋ ਸਾਲ ਪਹਿਲਾਂ ਡੌਂਕੀ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਲਈ ਅਮਰੀਕਾ ਗਿਆ ਸੀ। ਪਰ, ਕੈਂਸਰ ਨਾਮ ਦੀ ਨਾ ਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਜਿਸ ਕਾਰਨ ਉਹ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਦਮ ਤੋੜ ਗਿਆ।
40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਅੱਖਾਂ ਵਿੱਚ ਕਈ ਸੁਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਪਰ, ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਉੱਤੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ।
ਡੌਂਕੀ ਲਾ ਕੇ ਗਿਆ ਸੀ ਅਮਰੀਕਾ
ਮ੍ਰਿਤਕ ਦੇ ਪਿਤਾ ਕਰਤਾਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਵਿਨੋਦ ਨੂੰ ਉਨ੍ਹਾਂ ਨੇ ਅਮਰੀਕਾ ਭੇਜਿਆ ਸੀ, ਤਾਂ ਸੱਤ ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ, ਕਿਉਂਕਿ ਸੱਤ ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਵਿੱਚੋਂ ਨਿਕਲਿਆ ਸੀ ਅਤੇ ਲੰਮਾ ਸਫਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਉਸ ਨੂੰ 40 ਲੱਖ ਰੁਪਏ ਲਗਾ ਕੇ ਭੇਜਿਆ ਸੀ। ਕਰਜ਼ਾ ਸਾਡੇ ਸਿਰ ਚੜ੍ਹਿਆ ਹੋਇਆ ਅਤੇ ਪੁੱਤ ਵੀ ਹੱਥੋ ਚਲਾ ਗਿਆ।

ਵਿਨੋਦ ਦੀ ਕੈਂਸਰ ਕਰਕੇ ਗਈ ਜਾਨ
ਮ੍ਰਿਤਕ ਦੇ ਮਾਂਪਿਉ ਨੇ ਦੱਸਿਆ ਕਿ ਪੁੱਤਰ ਬਾਰੇ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਚੱਲਦਾ ਰਿਹਾ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸ ਦੇ ਦੋਸਤਾਂ ਵੱਲੋਂ ਇੱਕ ਦੂਜੇ ਦੀ ਮਦਦ ਦੇ ਨਾਲ ਕਰਵਾਇਆ ਜਾ ਰਿਹਾ ਸੀ, ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ।
ਰੋਂਦੀ ਹੋਈ ਵਿਨੋਦ ਦੀ ਮਾਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤਰ ਨੂੰ ਉਡੀਕ ਰਹੀਆਂ ਹਨ। ਪੀਤੜ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਮ੍ਰਿਤਕ ਦੇ ਮਾਂ ਨੇ ਕਿਹਾ ਹੈ ਕਿ ਉਹ ਬਹੁਤ ਵੱਡੇ ਕਰਜ਼ੇ ਹੇਠ ਆ ਚੁੱਕੇ ਹਨ ਅਤੇ ਇਹ ਕਰਜ਼ਾ ਉਤਾਰਨ ਵਿੱਚ ਅਸਮਰਥ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਇਸ ਦੁੱਖ ਦੀ ਘੜੀ ਵਿੱਚ ਮਦਦ ਕਰੇ।