ਅੰਮ੍ਰਿਤਸਰ: ਗੁਰਦਿਆਂ ਦੇ ਇਲਾਜ ਲਈ ਪਾਕਿਸਤਾਨ ਤੋਂ ਭਾਰਤ ਆਈ ਕਰਾਚੀ ਦੀ ਨੂਰ ਜਹਾਂ ਨੂੰ ਇਲਾਜ ਅੱਧ ਵਿਚਾਲੇ ਛੱਡ ਕੇ ਵਾਪਿਸ ਜਾਣਾ ਪਿਆ ਤਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਨ੍ਹਾਂ ਨੂੰ ਅਟਾਰੀ ਬਾਰਡਰ 'ਤੇ ਛੱਡਣ ਆਈ ਭੈਣ ਵੀ ਆਪਣੇ ਹੰਝੁ ਨਾ ਰੋਕ ਸਕੀ। ਇਸ ਦੌਰਾਨ ਨੂਰ ਜਹਾਂ ਨੇ ਕਿਹਾ ਕਿ 'ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਮਾਹੌਲ ਕਾਰਨ ਆਪਣਾ ਇਲਾਜ ਛੱਡ ਕੇ ਪਾਕਿਸਤਾਨ ਜਾਣਾ ਪੈ ਰਿਹਾ ਹੈ ਅਤੇ ਹੁਣ ਵੀ ਬਹੁਤ ਮੁਸ਼ਕਿਲ ਨਾਲ ਇਥੇ ਤੱਕ ਪਹੁੰਚੀ ਹੈ। ਹੁਣ ਪਤਾ ਨਹੀਂ ਇਲਾਜ ਕਿਵੇਂ ਅਤੇ ਕਦੋਂ ਹੋਵੇਗਾ।
ਗੁਰਦਿਆਂ ਦੇ ਇਲਾਜ ਲਈ ਆਈ ਸੀ ਭਾਰਤ
ਦਰਅਸਲ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤੀ ਕਰਦੇ ਹੋਏ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ 'ਚ ਵਾਪਿਸ ਆਪਣੇ ਦੇਸ਼ ਜਾਣ ਦੇ ਹੁਕਮ ਦਿੱਤੇ ਸਨ। ਜਿਨ੍ਹਾਂ ਵਿੱਚ ਡਾਕਟਰੀ ਇਲਾਜ ਲਈ ਆਏ ਨਾਗਰਿਕਾਂ ਨੂੰ ਵਾਪਿਸ ਜਾਣ ਲਈ 29 ਅਪ੍ਰੈਲ ਯਾਨਿ ਕਿ ਅੱਜ ਤੱਕ ਦਾ ਸਮਾਂ ਦਿੱਤਾ ਸੀ ਅਤੇ ਅੱਜ ਇਹ ਨਾਗਰਿਕ ਵਾਪਿਸ ਪਰ ਰਹੇ ਹਨ। ਇਨ੍ਹਾਂ ਵਿੱਚ ਕਰਾਚੀ ਤੋਂ ਆਈ ਮਹਿਲਾ ਵੀ ਹੈ ਜੋ ਕਿ ਗੁਰਦਿਆਂ ਦਾ ਇਲਾਜ ਕਰਵਾਉਣ ਲਈ ਭਾਰਤ ਆਈ ਸੀ, ਇੱਥੇ ਮੁੰਬਈ ਮਹਾਰਾਸ਼ਟਰ ਵਿੱਚ ਉਸ ਦੇ ਰਿਸ਼ਤੇਦਾਰ ਰਹਿੰਦੇ ਹਨ। ਨੂਰ ਜਹਾਂ ਨੇ ਕਿਹਾ ਕਿ 'ਮੈਨੂੰ ਪਾਕਿਸਤਾਨ 'ਚ ਪਤਾ ਲੱਗਾ ਕਿ ਭਾਰਤ 'ਚ ਬਹੁਤ ਵਧੀਆ ਇਲਾਜ ਮਿਲਦਾ ਹੈ। ਪਾਕਿਸਤਾਨ ਵਿੱਚ ਪ੍ਰਾਈਵੇਟ ਇਲਾਜ ਬਹੁਤ ਮਹਿੰਗਾ ਹੈ ਅਤੇ ਕੋਈ ਵੀ ਵਿਅਕਤੀ ਸਿਰਫ਼ ਸਰਕਾਰੀ ਹਸਪਤਾਲ ਨੂੰ ਪੈਸੇ ਦਾਨ ਕਰ ਸਕਦਾ ਹੈ। ਜਿਸ ਕਾਰਨ ਉਹ ਇਲਾਜ ਲਈ ਭਾਰਤ ਆਈ ਸੀ ਅਤੇ ਮੇਰਾ 26 ਮਈ ਤੱਕ ਵੀਜ਼ਾ ਸੀ ਪਰ ਹਲਾਤਾਂ ਕਾਰਨ ਮੈਨੂੰ ਵਾਪਿਸ ਜਾਣਾ ਪੈ ਰਿਹਾ ਹੈ।'
ਭਾਰਤ 'ਚ ਮਿਲਿਆ ਬੇੱਹਦ ਪਿਆਰ
ਪਹਿਲਗਾਮ 'ਚ ਜੋ ਹੋਇਆ ਉਸ ਤੋਂ ਉਹ ਬਹੁਤ ਦੁਖੀ ਹਨ। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਭਾਵੇਂ ਕੋਈ ਵੀ ਮਰਦਾ ਹੈ, ਸਿਰਫ ਮਨੁੱਖੀ ਖੂਨ ਵਹਾਇਆ ਜਾਂਦਾ ਹੈ । ਜ਼ਿਕਰਯੋਗ ਹੈ ਕਿ ਨੂਰਜਹਾਂ ਦੀ ਕਹਾਣੀ ਉਨ੍ਹਾਂ ਕਈ ਲੋਕਾਂ ਵਿੱਚੋਂ ਇੱਕ ਹੈ ਜੋ ਇੱਕ ਉਮੀਦ ਨਾਲ ਸਰਹੱਦ ਪਾਰ ਕਰਦੇ ਹਨ ਪਰ ਸਿਆਸੀ ਤਣਾਅ ਅਤੇ ਘਟਨਾਵਾਂ ਕਾਰਨ ਆਪਣੀਆਂ ਉਮੀਦਾਂ ਨੂੰ ਅਧੂਰਾ ਛੱਡਣ ਲਈ ਮਜਬੂਰ ਹੁੰਦੇ ਹਨ। ਭਾਰਤ ਵਿੱਚ ਆਪਣੇ ਨਾਲ ਹੋਏ ਇਲਾਜ ਦੀ ਪ੍ਰਸ਼ੰਸਾਂ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਮਰਥਨ ਦਿੱਤਾ ਹੈ। ਮਹਿਸੂਸ ਨਹੀਂ ਹੋਇਆ ਕਿ ਉਹ ਪਾਕਿਸਤਾਨ ਤੋਂ ਬਾਹਰ ਆ ਗਈ ਹੈ।