ਮੋਗਾ: ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਬੀਤੀ ਦੇਰ ਰਾਤ ਨਿਹੰਗ ਸਿੰਘਾਂ ਵੱਲੋਂ ਹੋਟਲ ਮਾਲਿਕ ਨਾਲ ਜ਼ਬਰਦਸਤੀ ਵਸੂਲੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਤਿੰਨ ਨਿਹੰਗ ਸਿੰਘ ਹੋਟਲ ਵਿੱਚ ਆਏ ਤੇ ਹੋਟਲ ਮਾਲਿਕ ਨੂੰ ਪਿਸਤੌਲ ਦਿਖਾ ਕੇ ਪੈਸਿਆਂ ਦੀ ਮੰਗ ਕਰਨ ਲੱਗ ਪਏ। ਇਸ ਦੌਰਾਨ ਹੋਟਲ ਮਾਲਿਕ ਨੇ ਹਿੰਮਤ ਦਿਖਾਉਂਦੇ ਹੋਏ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਹੋਟਲ ਮਾਲਿਕ ਤੋਂ ਵਸੂਲੀ ਦੀ ਕੋਸ਼ਿਸ਼
ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਟਲ ਦੇ ਬਾਹਰ ਛਾਪਾ ਮਾਰਿਆ ਗਿਆ। ਜਿਵੇਂ ਹੀ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਵੇਖਿਆ, ਉਹ ਉਨ੍ਹਾਂ ਨਾਲ ਵਿਵਾਦ ਕਰਣ ਲੱਗ ਪਏ। ਦੋਵਾਂ ਧਿਰਾਂ ਵਿਚਾਲੇ ਝੜਪ ਹੋਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨਿਹੰਗ ਸਿੰਘ ਪੁਲਿਸ ਨਾਲ ਹੱਥਾਪਾਈ ਕਰ ਰਹੇ ਹਨ।
ਪੁਲਿਸ ਨੇ ਕਾਬੂ ਕੀਤੇ ਤਿੰਨ ਨਿਹੰਗ ਸਿੰਘ
ਮੋਗਾ ਪੁਲਿਸ ਨੇ ਤਿੰਨੋ ਨਿਹੰਗ ਸਿੰਘਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਦੇ ਖਿਲਾਫ਼ IPC ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜੇਕਰ ਇੰਨ੍ਹਾਂ ਦੇ ਕੋਈ ਹੋਰ ਮੈਂਬਰ ਵੀ ਹਨ ਤਾਂ ਜਲਦੀ ਉਨ੍ਹਾਂ ਦੀ ਵੀ ਪਛਾਣ ਕਰਕੇ ਜ਼ਲਦੀ ਕਾਬੂ ਕੀਤਾ ਜਾਵੇਗਾ।
ਪੁਲਿਸ ਨਾਲ ਵੀ ਕੀਤੀ ਤਕਰਾਰ
ਇਸ ਸਬੰਧੀ ਡੀ.ਐਸ.ਪੀ. ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ, ਸਾਡੇ ਨੋਟਿਸ ’ਚ ਮਾਮਲਾ ਆਉਣ 'ਤੇ ਸਾਡੀ ਟੀਮ ਨੇ ਤੁਰੰਤ ਹੋਟਲ ’ਤੇ ਰੇਡ ਕੀਤੀ। ਮੌਕੇ ’ਤੇ ਤਿੰਨ ਨਿਹੰਗ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਹੋਟਲ ਮਾਲਿਕ ਨਾਲ ਪੈਸਿਆਂ ਦੀ ਮੰਗ ਕਰਦਿਆਂ ਹਥਿਆਰ ਵੀ ਵਿਖਾਏ। ਜਦੋਂ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਡੀ ਟੀਮ ਨਾਲ ਵਿਵਾਦ ਕੀਤਾ। ਹਾਲਾਤ ਨੂੰ ਕਾਬੂ ਪਾਉਂਦਿਆਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੋਕਾਂ ਨੂੰ ਪੁਲਿਸ ਨੇ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਜੇਕਰ ਇੰਨ੍ਹਾਂ ਨਿਹੰਗ ਸਿੰਘਾਂ ਦੇ ਨਾਲ ਹੋਰ ਕੋਈ ਵਿਅਕਤੀ ਸ਼ਾਮਲ ਹੋਇਆ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਧਮਕੀ ਜਾਂ ਜ਼ਬਰਦਸਤੀ ਨੂੰ ਸਹਿਨ ਨਾ ਕਰੋ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।