ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਬਹੁਤ ਸਾਰੀਆਂ ਘਟਨਾਵਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਈਆਂ ਅਤੇ ਦਿਨ ਕਈ ਸਰਗਰਮੀਆਂ ਨੂੰ ਲੈ ਕੇ ਹੰਗਾਮੇ ਭਰਿਆ ਰਿਹਾ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਜੇਲ੍ਹ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੂੰ ਲੈ ਕੇ ਵੱਡਾ ਬਿਆਨ ਦਿੱਤਾ। ਧਿਆਨ ਸਿੰਘ ਮੰਡ ਨੇ ਕਿਹਾ ਕਿ ਸਿੱਖ ਕੌਮ ਦਾ ਭਲਾ ਹੁਣ ਉਦੋਂ ਹੀ ਸੰਭਵ ਹੋਵੇਗਾ ਜਦੋਂ ਪੰਜਾਬ ਦੀ ਕਮਾਨ ਅੰਮ੍ਰਿਤਪਾਲ ਸਿੰਘ ਦੇ ਹੱਥ ਆਵੇਗੀ।
'ਜੇਕਰ ਪੰਜਾਬ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਆਪਣੇ ਲੋਕਾਂ ਦਾ ਭਲਾ ਦੇਖਣਾ ਚਾਹੁੰਦੇ ਹਨ ਤਾਂ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਜੇਲ੍ਹ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ। ਇਸ ਤੋਂ ਬਾਅਦ ਪੰਜਾਬ ਦੀ ਵਾਗਡੋਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਦਿੱਤੀ ਜਾਵੇ, ਇਸ ਤੋਂ ਮਗਰੋਂ ਅੰਮ੍ਰਿਤਪਾਲ ਸਿੰਘ ਨੂੰ 2027 ਦੀਆਂ ਚੋਣਾਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਅਤੇ ਸਮੁੱਚੇ ਸਿੱਖਾਂ ਦੀ ਵੀ ਇਹੀ ਮੰਗ ਹੈ।'..ਧਿਆਨ ਸਿੰਘ ਮੰਡ,ਮੁਤਵਾਜ਼ੀ ਜਥੇਦਾਰ
'ਅਖੌਤੀ ਆਗੂਆਂ ਨੇ ਘਾਣ ਕੀਤਾ'
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਗੇ ਕਿਹਾ ਕਿ ਸਿੱਖ ਕੌਮ ਦਾ ਸਿਆਸੀਕਰਣ ਕਰਕੇ ਜਿਸ ਤਰ੍ਹਾਂ ਅਖੌਤੀ ਆਗੂਆਂ ਨੇ ਘਾਣ ਕੀਤਾ ਹੈ ਉਸ ਤੋਂ ਬਾਅਦ ਹਰ ਸਿੱਖ ਨੂੰ ਇਹ ਸਪੱਸ਼ਟ ਹੋ ਗਿਆ ਕਿ ਕੌਮ ਦੇ ਆਗੂ ਸਹੀ ਤਰੀਕੇ ਅਗਵਾਈ ਨਹੀਂ ਕਰ ਪਾ ਰਹੇ। ਸਿੱਖਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਅੰਮ੍ਰਿਤਪਾਲ ਸਿੰਘ ਵਰਗੇ ਤਰਕ ਅਤੇ ਹਿੰਮਤ ਨਾਲ ਭਰੇ ਨੌਜਵਾਨ ਆਗੂ ਹੀ ਪੰਜਾਬ ਦੀ ਅਗਵਾਈ ਕਰਨ ਦੇ ਯੋਗ ਹਨ।
ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਨਹੀਂ
ਇਸ ਤੋਂ ਇਲਾਵਾ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੀਤੀ। ਦੂਜੇ ਪਾਸੇ ਜ਼ਬਰਦਸਤ ਵਿਰੋਧ ਕਾਰਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਨਹੀਂ ਦਿੱਤਾ। ਇਸ ਤੋਂ ਇਲਾਵਾ ਉਹ ਬਾਕੀ ਰਸਮਾਂ ਦੇ ਲਈ ਉੱਥੇ ਮੌਜੂਦ ਰਹੇ।