ਲੁਧਿਆਣਾ: ਅਮਰੀਕਾ ਵੱਲੋਂ ਬੀਤੇ ਦਿਨ 104 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਿਸ ਭੇਜ ਦਿੱਤਾ ਗਿਆ ਹੈ। ਜਿਸ ਵਿੱਚ ਇੱਕ ਲੜਕੀ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਓਂ ਦੀ ਰਹਿਣ ਵਾਲੀ ਹੈ। ਮੁਸਕਾਨ ਨੇ ਦੱਸਿਆ ਕਿ ਉਹ ਯੂਕੇ ਵਿੱਚ ਪੜਨ ਲਈ ਗਈ ਸੀ। ਉਹ ਸਿਰਫ਼ ਘੁੰਮਣ ਫਿਰਨ ਲਈ ਅਮਰੀਕਾ ਗਈ ਸੀ ਅਤੇ ਉੱਥੇ ਉਸ ਨੂੰ ਕੈਲੀਫੋਰਨੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਫਿਰ ਬਿਨਾਂ ਉਸ ਦੀ ਗੱਲ ਸੁਣੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ।
ਅਮਰੀਕਾ ਪੁਲਿਸ ਨੇ ਸਾਨੂੰ ਬੜੇ ਹੀ ਅਦਬ ਨਾਲ ਰੱਖਿਆ, ਸਾਨੂੰ ਕੁੱਝ ਵੀ ਪਤਾ ਨਹੀਂ ਸੀ, ਪੁਲਿਸ ਨੇ ਸਾਨੂੰ ਪਤਾ ਹੀ ਲੱਗਣ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ ਕਿ ਉਹ ਇੱਥੇ ਕਿਉਂ ਅਤੇ ਕਿਵੇਂ ਆਈ। ਬਾਰਡਰ 'ਤੇ ਘੁੰਮਣ ਜਾਇਆ ਜਾ ਸਕਦਾ ਹੈ। ਇਹ ਕਾਨੂੰਨ ਹੈ ਪਰ ਇਸ ਦੇ ਬਾਵਜੂਦ ਵੀ ਮੈਨੂੰ ਡਿਪੋਰਟ ਕਰ ਦਿੱਤਾ।- ਮੁਸਕਾਨ
ਸਾਡੇ ਨਾਲ ਬਹੁਤ ਧੱਕਾ ਹੋਇਆ
ਮੁਸਕਾਨ ਦੇ ਪਿਤਾ ਨੇ ਕਿਹਾ ਕਿ "ਉਸ ਦੀਆਂ ਚਾਰ ਧੀਆਂ ਹਨ ਤੇ ਮੁਸਕਾਨ ਸਭ ਤੋਂ ਵੱਡੀ ਧੀ ਹੈ। ਉਨ੍ਹਾਂ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਧੀ ਨੂੰ ਯੂਕੇ ਪੜਨ ਲਈ ਭੇਜਿਆ ਸੀ ਤਾਂ ਜੋ ਉਨ੍ਹਾਂ ਦੇ ਘਰ ਦੇ ਹਾਲਾਤ ਸੁਧਰ ਜਾਣ। ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ। ਹੁਣ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾ ਹੈ। ਸਰਕਾਰ ਨੂੰ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।"
ਸਰਕਾਰ ਨੂੰ ਕਰਾਂਗੀ ਅਪੀਲ
ਜਗਰਾਓਂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ "ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਲਈ ਉਹ ਇਸ ਪਰਿਵਾਰ ਦਾ ਹਾਲ ਜਾਣਨ ਲਈ ਪਹੁੰਚੇ ਹਨ। ਬੱਚੀ ਨੂੰ ਪਰਿਵਾਰ ਨੇ ਸਾਰੀ ਜਮਾਂ-ਪੂੰਜੀ ਲਗਾ ਕੇ ਪੜਨ ਲਈ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਬੱਚੀ ਨੂੰ ਅਮਰੀਕਾ ਘੁੰਮਣ ਜਾਣਾ ਮਹਿੰਗਾ ਪੈ ਜਾਵੇਗਾ। ਅਮਰੀਕਾ ਪੁਲਿਸ ਨੇ ਬਿਨ੍ਹਾਂ ਕੁੱਝ ਪੁੱਛੇ ਗ੍ਰਿਫ਼ਤਾਰ ਕਰਕੇ ਸਿੱਧਾ ਭਾਰਤ ਵਾਪਸ ਭੇਜ ਦਿੱਤਾ। ਜਿਸ ਕਾਰਨ ਪਰਿਵਾਰ ਦੇ ਲੱਖਾਂ ਰੁਪਏ ਤਾਂ ਖਰਾਬ ਹੋਏ ਹੀ ਹਨ, ਉੱਥੇ ਹੀ ਬੱਚੀ ਦਾ ਭਵਿੱਖ ਵੀ ਦਾਅ 'ਤੇ ਲੱਗ ਗਿਆ ਹੈ। ਮੈਂ ਮੁੱਖ ਮੰਤਰੀ ਮਾਨ ਨਾਲ ਗੱਲ ਕਰਾਂਗੀ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਦੇ ਹੋਏ ਨੁਕਸਾਨ ਦੀ ਕੁੱਝ ਭਰਪਾਈ ਹੋ ਸਕੇ।"