ਬਰਨਾਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਚਲਾ ਕੇ ਸਰਕਾਰੀ ਸਕੂਲਾਂ ਵਿੱਚ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਸਕੂਲਾਂ ਵਿੱਚ ਬਾਥਰੂਮਾਂ ਦੀ ਮੁਰੰਮਤ ਕਰਨ ਦੇ ਉਦਘਾਟਨ ਉਪਰ ਸਰਕਾਰ ਅਤੇ ਆਪ ਵਿਧਾਇਕਾਂ ਦੀ ਸ਼ੋਸ਼ਲ ਮੀਡੀਆ ਉਪਰ ਕਾਫ਼ੀ ਕਿਰਕਰੀ ਹੋ ਰਹੀ ਹੈ। ਇਸ ਸਬੰਧੀ ਅੱਜ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ ਗਿਆ ਅਤੇ ਵਿਰੋਧੀਆਂ ਉਪਰ ਨਿਸ਼ਾਨੇ ਸਾਧੇ ਗਏ।
ਰਿਵਾਇਤੀ ਪਾਰਟੀਆਂ ਨੂੰ ਸਵਾਲ
ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ, 'ਮੇਰਾ ਇੱਕੋ ਸਵਾਲ ਹੈ ਕਿ 75 ਸਾਲਾਂ 'ਚ ਰਵਾਇਤੀ ਸਿਆਸੀ ਪਾਰਟੀਆਂ ਸਕੂਲਾਂ ਦੇ ਬਾਥਰੂਮ ਬਣਾ ਦਿੰਦੀਆਂ ਤਾਂ 'ਆਪ' ਸਰਕਾਰ ਨੂੰ ਸਕੂਲਾਂ ਵਿੱਚ ਬਾਥਰੂਮ ਬਨਾਉਣ ਦੀ ਲੋੜ ਨਾ ਪੈਂਦੀ, ਬਰਨਾਲਾ ਜ਼ਿਲ੍ਹੇ ਵਿੱਚ ਕਈ ਅਜਿਹੇ ਸਰਕਾਰੀ ਸਕੂਲ ਹਨ ਜਿੱਥੇ ਕੁੜੀਆਂ ਵਾਲੇ ਸਕੂਲਾਂ ਵਿੱਚ ਲੜਕੀਆਂ ਲਈ ਬਾਥਰੂਮ ਤੱਕ ਨਹੀਂ ਸਨ। ਜੇ ਪਹਿਲਾਂ ਦੀਆਂ ਸਰਕਾਰਾਂ ਨੇ ਬਾਥਰੂਮ ਚੰਗੇ ਬਣਾਏ ਹੁੰਦੇ ਤਾਂ 'ਆਪ' ਸਰਕਾਰ ਨੂੰ ਇਹ ਬਣਾਉਣ ਦੀ ਲੋੜ ਨਹੀਂ ਸੀ।
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਬਾਥਰੂਮ ਤਾਂ ਇੱਕ ਬੁਨਿਆਦੀ ਸਹੂਲਤ ਦਾ ਹਿੱਸਾ ਹਨ। ਪੰਜਾਬ ਦੇ ਹਰ ਸਰਕਾਰੀ ਸਕਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਡੀਆਂ ਗਰਾਂਟਾ ਦੇ ਕੇ ਹਰ ਸਹੂਲਤ ਦੇ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਿਹੜੇ ਪੁਰਾਣੇ ਸਿੱਖਿਆ ਮੰਤਰੀ ਪਹਿਲਾਂ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜੋ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੇ।
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚੇ ਸਟੇਟ ਮੈਰਿਟ
ਐਮਪੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬਰਨਾਲਾ ਇਲਾਕੇ ਦੇ ਸਕੂਲਾਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ। ਜਿਸ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਜੁਮਲਾ ਮਾਲਕਿਨ ਸਕੂਲਾਂ 'ਚ ਤਕਰੀਬਨ 34 ਲੱਖ ਰੁਪਏ ਦੇ ਕੰਮਾਂ ਦੇ ਉਦਘਾਟਨ ਕੀਤੇ ਹਨ। ਇਸ ਤੋਂ ਇਲਾਵਾ ਹੰਡਿਆਇਆ ਸਕੂਲ ਵਿੱਚ ਤਕਰੀਬਨ 50 ਲੱਖ ਰੁਪਏ ਦਾ ਕੰਮ ਹੋਇਆ ਹੈ। ਇਨ੍ਹਾਂ ਸਾਰੇ ਸਕੂਲਾਂ ਵਿੱਚ ਨਵੇਂ ਕਮਰੇ, ਸਾਇੰਸ ਲੈਬ ਅਤੇ ਲਾਈਬਰੇਰੀ ਬਣ ਰਹੀ ਹੈ। ਕੁੱਝ ਥਾਵਾਂ ਉੱਪਰ ਸਕੂਲਾਂ ਦੀ ਚਾਰਦੀਵਾਰੀ ਤੱਕ ਨਹੀਂ ਸੀ ਹੁਣ ਚਾਰਦੀਵਾਰੀ ਦਾ ਕੰਮ ਹੋ ਰਿਹਾ ਹੈ ਅਤੇ ਫਰਸ਼ ਲੱਗ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਪਿਛਲੇ 75 ਸਾਲ ਤੋਂ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ, ਬੜੀ ਖੁਸ਼ੀ ਦੀ ਗੱਲ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੱਚੇ ਸਟੇਟ ਮੈਰਿਟ ਦੇ ਵਿੱਚ ਆ ਰਹੇ ਹਨ।